ਮਿਡ-ਡੇ-ਮੀਲ ਭੋਜਨ ਖਾਣ ਮਗਰੋਂ 45 ਬੱਚੇ ਪਏ ਬੀਮਾਰ, ਸਕੂਲ ਮੈਨੇਜਮੈਂਟ ਖਿਲਾਫ਼ FIR ਦਰਜ
Wednesday, Oct 02, 2024 - 05:26 PM (IST)

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਇਕ ਪ੍ਰਾਈਵੇਟ ਸਕੂਲ ਵਿਚ ਮਿਡ-ਡੇ-ਮੀਲ ਭੋਜਨ ਖਾਣ ਕਾਰਨ 45 ਬੱਚਿਆਂ ਦੇ ਬੀਮਾਰ ਪੈਣ ਗਏ। ਘਟਨਾ ਤੋਂ ਤੁਰੰਤ ਬਾਅਦ ਬੱਚਿਆਂ ਨੇ ਢਿੱਡ ਦਰਦ, ਉਲਟੀ ਅਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਭੋਜਨ ਦੀ ਗੁਣਵੱਤਾ 'ਤੇ ਸਵਾਲ ਉੱਠਣ ਮਗਰੋਂ ਪ੍ਰਸ਼ਾਸਨ ਅਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਕੂਲ ਮੈਨੇਜਮੈਂਟ ਖਿਲਾਫ਼ FIR ਦਰਜ ਕਰ ਲਈ ਗਈ ਹੈ। ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦੱਸ ਦੇਈਏ ਕਿ ਸ਼ੁਰੂਆਤ ਵਿਚ 8 ਤੋਂ 11 ਸਾਲ ਦੀ ਉਮਰ ਦੇ 38 ਬੱਚਿਆਂ ਨੂੰ ਮੰਗਲਵਾਰ ਨੂੰ ਮਿਡ-ਡੇ-ਮੀਲ ਭੋਜਨ ਮਗਰੋਂ ਚੱਕਰ ਆਉਣ, ਢਿੱਡ 'ਚ ਦਰਦ ਹੋਣ ਮਗਰੋਂ ਕਾਲਵਾ ਸ਼ਹਿਰ ਦੇ ਸਿਵਿਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੇਰ ਰਾਤ ਨੂੰ 7 ਹੋਰ ਬੱਚਿਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਸ ਕਾਰਨ ਅਜੇ ਤੱਕ ਹਸਪਤਾਲ 'ਚ ਦਾਖ਼ਲ ਕਰਵਾਏ ਗਏ ਬੱਚਿਆਂ ਦੀ ਗਿਣਤੀ 45 ਹੋ ਗਈ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ ਅਤੇ ਜਾਂਚ ਜਾਰੀ ਹੈ।
ਸਕੂਲ ਮੈਨੇਜਮੈਂਟ ਖਿਲਾਫ FIR
ਇਸ ਮਾਮਲੇ 'ਚ ਕਾਲਵਾ ਪੁਲਸ ਨੇ ਬੱਚਿਆਂ ਦੇ ਮਾਪਿਆਂ ਦੀ ਸ਼ਿਕਾਇਤ 'ਤੇ FIR ਦਰਜ ਕੀਤੀ ਹੈ। ਭਾਰਤੀ ਨਿਆਂਇਕ ਸੰਹਿਤਾ ਦੀ ਧਾਰਾ 125 (ਦੂਜਿਆਂ ਦੀ ਜਾਨ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣਾ) ਅਤੇ FDA ਨਿਯਮਾਂ ਤਹਿਤ FIR ਦਰਜ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
37 ਬੱਚਿਆਂ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਹਸਪਤਾਲ ਦੇ ਮੈਡੀਕਲ ਇੰਚਾਰਜ ਡਾਕਟਰ ਅਨਿਰੁੱਧ ਮਾਲਗਾਂਵਕਰ ਨੇ ਦੱਸਿਆ ਕਿ ਬੱਚਿਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਠਾਣੇ ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ 37 ਬੱਚੇ ਸਿਹਤਮੰਦ ਹਨ ਅਤੇ 24 ਘੰਟੇ ਦੀ ਦਾਖਲਾ ਪ੍ਰਕਿਰਿਆ ਤੋਂ ਬਾਅਦ ਸ਼ਾਮ 5 ਵਜੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਬਾਕੀ 8 ਬੱਚਿਆਂ ਵਿਚ ਬੁਖਾਰ ਅਤੇ ਉਲਟੀਆਂ ਦੇ ਲੱਛਣ ਹਨ ਅਤੇ ਉਨ੍ਹਾਂ ਨੂੰ 12 ਘੰਟੇ ਹੋਰ ਨਿਗਰਾਨੀ ਹੇਠ ਰੱਖਿਆ ਜਾਵੇਗਾ।
ਅਧਿਕਾਰੀਆਂ ਨੇ ਭੋਜਨ ਦੇ ਨਮੂਨੇ ਲਏ
ਅਧਿਕਾਰੀ ਨੇ ਦੱਸਿਆ ਕਿ ਬੱਚਿਆਂ ਨੂੰ ਖਾਣੇ ਵਿਚ ਚੌਲ ਅਤੇ ਮੋਠ ਦੀ ਦਾਲ ਪਰੋਸੀ ਗਈ। ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (FDA) ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਪਰੋਸੇ ਜਾਣ ਵਾਲੇ ਖਾਣੇ ਦੇ ਸੈਂਪਲ ਲਏ ਹਨ। ਅਧਿਕਾਰੀਆਂ ਮੁਤਾਬਕ ਸ਼ੁਰੂਆਤ 'ਚ 5 ਵਿਦਿਆਰਥੀਆਂ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ ਅਤੇ ਹੌਲੀ-ਹੌਲੀ ਉਨ੍ਹਾਂ ਦੀ ਗਿਣਤੀ ਵਧਦੀ ਗਈ। ਉਨ੍ਹਾਂ ਕਿਹਾ ਕਿ ਸਕੂਲ ਪ੍ਰਸ਼ਾਸਨ ਨੇ ਐਂਬੂਲੈਂਸ ਬੁਲਾ ਕੇ ਵਿਦਿਆਰਥੀਆਂ ਨੂੰ ਹਸਪਤਾਲ ਪਹੁੰਚਾਇਆ।