ਸਵਾਮੀ ਅਵਿਮੁਕਤੇਸ਼ਵਰਾਨੰਦ ਦੀਆਂ ਵਧੀਆਂ ਮੁਸ਼ਕਲਾਂ, ਜਿਨਸੀ ਸ਼ੋਸ਼ਣ ਮਾਮਲੇ ''ਚ FIR ਦਰਜ ਕਰਨ ਦੇ ਹੁਕਮ

Saturday, Feb 21, 2026 - 06:30 PM (IST)

ਸਵਾਮੀ ਅਵਿਮੁਕਤੇਸ਼ਵਰਾਨੰਦ ਦੀਆਂ ਵਧੀਆਂ ਮੁਸ਼ਕਲਾਂ, ਜਿਨਸੀ ਸ਼ੋਸ਼ਣ ਮਾਮਲੇ ''ਚ FIR ਦਰਜ ਕਰਨ ਦੇ ਹੁਕਮ

ਪ੍ਰਯਾਗਰਾਜ- ਪ੍ਰਯਾਗਰਾਜ ਦੀ ਇੱਕ ਅਦਾਲਤ ਨੇ ਜੋਤਿਸ਼ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਵਿਰੁੱਧ ਯੌਨ ਸ਼ੋਸ਼ਣ ਦੇ ਗੰਭੀਰ ਦੋਸ਼ਾਂ ਦੇ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕਰਨ ਦਾ ਵੱਡਾ ਹੁਕਮ ਦਿੱਤਾ ਹੈ। ਏਡੀਜੇ ਰੇਪ ਅਤੇ ਪੋਕਸੋ ਸਪੈਸ਼ਲ ਕੋਰਟ ਨੇ ਝੂੰਸੀ ਥਾਣਾ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਸਵਾਮੀ ਅਵਿਮੁਕਤੇਸ਼ਵਰਾਨੰਦ ਅਤੇ ਉਨ੍ਹਾਂ ਦੇ ਚੇਲੇ ਸਵਾਮੀ ਮੁਕੁੰਦਾਨੰਦ ਗਿਰੀ ਵਿਰੁੱਧ ਮਾਮਲਾ ਦਰਜ ਕਰਕੇ ਬਾਰੀਕੀ ਨਾਲ ਜਾਂਚ ਕੀਤੀ ਜਾਵੇ।

ਕੀ ਹੈ ਪੂਰਾ ਮਾਮਲਾ? 

ਜਾਣਕਾਰੀ ਅਨੁਸਾਰ, ਸ਼੍ਰੀ ਕ੍ਰਿਸ਼ਨ ਜਨਮਭੂਮੀ ਮੁਕਤੀ ਨਿਰਮਾਣ ਟ੍ਰਸਟ ਨਾਲ ਜੁੜੇ ਆਸ਼ੂਤੋਸ਼ ਬ੍ਰਹਮਚਾਰੀ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਦੋਸ਼ ਲਾਇਆ ਸੀ ਕਿ ਸਵਾਮੀ ਅਵਿਮੁਕਤੇਸ਼ਵਰਾਨੰਦ ਦੇ ਆਸ਼ਰਮ ਵਿੱਚ ਨਾਬਾਲਗ ਬੱਚਿਆਂ ਨਾਲ ਯੌਨ ਸ਼ੋਸ਼ਣ ਹੁੰਦਾ ਹੈ। ਉਨ੍ਹਾਂ ਨੇ ਅਦਾਲਤ ਨੂੰ ਸਬੂਤ ਵਜੋਂ ਇਕ ਸੀਡੀ (CD) ਵੀ ਸੌਂਪਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ 13 ਫਰਵਰੀ ਨੂੰ ਦੋ ਨਾਬਾਲਗਾਂ ਦੇ ਬਿਆਨ ਵੀਡੀਓਗ੍ਰਾਫੀ ਰਾਹੀਂ ਅਦਾਲਤ ਵਿੱਚ ਦਰਜ ਕੀਤੇ ਗਏ ਸਨ, ਜਿਸ ਤੋਂ ਬਾਅਦ ਅਦਾਲਤ ਨੇ ਪੁਲਿਸ ਰਿਪੋਰਟ ਦੇ ਆਧਾਰ 'ਤੇ FIR ਦਾ ਹੁਕਮ ਸੁਣਾਇਆ।

ਦੂਜੇ ਪਾਸੇ, ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਇਨ੍ਹਾਂ ਨੂੰ ਪੂਰੀ ਤਰ੍ਹਾਂ ਫਰਜ਼ੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੱਚਾਈ ਜਲਦੀ ਹੀ ਸਾਰਿਆਂ ਦੇ ਸਾਹਮਣੇ ਆ ਜਾਵੇਗੀ। ਉਨ੍ਹਾਂ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਕਾਰਵਾਈ ਨੂੰ ਲਮਕਾਉਣ ਦੀ ਬਜਾਏ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ।

ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਸ਼ਿਕਾਇਤਕਰਤਾ ਆਸ਼ੂਤੋਸ਼ ਬ੍ਰਹਮਚਾਰੀ ਨੇ ਤਸੱਲੀ ਪ੍ਰਗਟਾਈ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਪ੍ਰਯਾਗਰਾਜ ਤੋਂ ਵਿਦਿਆ ਮੱਠ ਵਾਰਾਣਸੀ ਤੱਕ ਪੈਦਲ 'ਸਨਾਤਨ ਯਾਤਰਾ' ਕੱਢਣਗੇ ਤਾਂ ਜੋ ਲੋਕਾਂ ਦੇ ਸਾਹਮਣੇ ਸੱਚਾਈ ਲਿਆਂਦੀ ਜਾ ਸਕੇ। ਉਨ੍ਹਾਂ ਦਾ ਦਾਅਵਾ ਹੈ ਕਿ ਵਿਦਿਆ ਮੱਠ ਵਿੱਚ ਹੀ ਨਾਬਾਲਗ ਬੱਚਿਆਂ ਨਾਲ ਗਲਤ ਕੰਮ ਹੁੰਦੇ ਸਨ। ਅਦਾਲਤ ਦੇ ਇਸ ਸਖ਼ਤ ਰੁਖ਼ ਤੋਂ ਬਾਅਦ ਸ਼ੰਕਰਾਚਾਰੀਆ ਦੀਆਂ ਮੁਸ਼ਕਲਾਂ ਕਾਫ਼ੀ ਵਧਦੀਆਂ ਨਜ਼ਰ ਆ ਰਹੀਆਂ ਹਨ।


author

Rakesh

Content Editor

Related News