ਹਰਿਆਣਾ ’ਚ 43 ਹਜ਼ਾਰ ਤੋਂ ਵੱਧ ਵੋਟਰਾਂ ਨੇ ਨੋਟਾ ਦਾ ਬਦਲ ਚੁਣਿਆ

06/06/2024 10:00:41 AM

ਹਿਸਾਰ- ਹਰਿਆਣਾ ’ਚ ਲੋਕ ਸਭਾ ਚੋਣਾਂ ਦੌਰਾਨ 43 ਹਜ਼ਾਰ ਤੋਂ ਵੱਧ ਵੋਟਰਾਂ ਨੇ ‘ਨੋਟਾ’ ਦਾ ਬਟਨ ਦਬਾਇਆ। ਸੂਬੇ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਨੇ ਪੰਜ-ਪੰਜ ਸੀਟਾਂ ਜਿੱਤੀਆਂ ਹਨ। ਸੂਬੇ ’ਚ ਕੁੱਲ 10 ਸੀਟਾਂ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ 43,542 ਵੋਟਰਾਂ (ਕੁੱਲ ਵੋਟਾਂ ਦਾ 0.33 ਫੀਸਦੀ) ਨੇ ਨੋਟਾ ਦਾ ਬਟਨ ਦਬਾਇਆ ਅਤੇ ਇਸ ਬਟਨ ਨੂੰ ਦਬਾਉਣ ਵਾਲੇ ਸਭ ਤੋਂ ਵੱਧ ਵੋਟਰਾਂ ਦੀ ਗਿਣਤੀ ਫਰੀਦਾਬਾਦ ’ਚ ਰਹੀ। ਫਰੀਦਾਬਾਦ ’ਚ 6, 821 ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ।

ਇਹ ਵੀ ਪੜ੍ਹੋ- ਕੁਮਾਰੀ ਸ਼ੈਲਜਾ ਨੇ ਸਿਰਸਾ ਸੀਟ ਕੀਤੀ ਆਪਣੇ ਨਾਂ, ਅਸ਼ੋਕ ਤੰਵਰ ਨੇ  2,68,497 ਵੋਟਾਂ ਦੇ ਫ਼ਰਕ ਨਾਲ ਹਰਾਇਆ

ਕਰੀਬ ਸਾਢੇ ਚਾਰ ਸਾਲਾਂ ਤੋਂ ਸੂਬੇ ਦੀ ਸੱਤਾ ’ਤੇ ਕਾਬਜ਼ ਜਨਨਾਇਕ ਜਨਤਾ ਪਾਰਟੀ (JJP) ਇਸ ਚੋਣ ’ਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਭਾਜਪਾ ਦੀ ਕਿਸੇ ਸਮੇਂ ਭਾਈਵਾਲ ਰਹੀ JJP ਦੀ ਕੁੱਲ ਵੋਟ 0.87 ਫੀਸਦੀ ਸੀ। ਅੰਬਾਲਾ ਅਤੇ ਫਰੀਦਾਬਾਦ ਸੰਸਦੀ ਹਲਕਿਆਂ ’ਚ ਜਜਪਾ ਉਮੀਦਵਾਰਾਂ ਨੂੰ ਨੋਟਾ ਨਾਲੋਂ ਘੱਟ ਵੋਟਾਂ ਮਿਲੀਆਂ। JJP ਨੇ ਸਾਰੀਆਂ 10 ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਸਨ। BJP-JJP ਗਠਜੋੜ ਇਸ ਸਾਲ ਮਾਰਚ ’ਚ ਖਤਮ ਹੋ ਗਿਆ ਸੀ। ਕਮਿਸ਼ਨ ਦੇ ਅੰਕੜਿਆਂ ਅਨੁਸਾਰ ਸੋਨੀਪਤ ਲੋਕ ਸਭਾ ਸੀਟ ’ਤੇ ਸਭ ਤੋਂ ਘੱਟ ਵੋਟਰ (2,320) ਸਨ, ਜਿਨ੍ਹਾਂ ਨੇ ਨੋਟਾ ਦਾ ਬਟਨ ਦਬਾਇਆ।

ਇਹ ਵੀ ਪੜ੍ਹੋ- ਹੌਟ ਸੀਟ ਕਰਨਾਲ ਤੋਂ ਜਿੱਤੇ ਸਾਬਕਾ CM ਖੱਟੜ, ਕਾਂਗਰਸ ਦੇ ਬੁੱਧੀਰਾਜਾ ਨੂੰ 2,32,577 ਵੋਟਾਂ ਨਾਲ ਹਰਾਇਆ

ਕਮਿਸ਼ਨ ਅਨੁਸਾਰ ਅੰਬਾਲਾ ਚੋਣ ਹਲਕੇ ’ਚ 6,452 ਵੋਟਰ, ਭਿਵਾਨੀ-ਮਹਿੰਦਰਗੜ੍ਹ ਸੀਟ ’ਤੇ 5,287, ਗੁਰੂਗ੍ਰਾਮ ’ਚ 6,417, ਹਿਸਾਰ ’ਚ 3,366, ਕਰਨਾਲ ’ਚ 3,955, ਕੁਰੂਕਸ਼ੇਤਰ ’ਚ 2,439, ਰੋਹਤਕ ’ਚ 2,362 ਅਤੇ ਸਿਰਸਾ ਸੀਟ ’ਤੇ 4,136 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ। ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ’ਚ 25 ਮਈ ਨੂੰ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ’ਤੇ ਵੋਟਿੰਗ ਹੋਈ ਸੀ ਅਤੇ 65 ਫੀਸਦੀ ਵੋਟਰਾਂ ਨੇ ਆਪਣੀ ਵੋਟ ਪਾਈ ਸੀ।

 


Tanu

Content Editor

Related News