ਵਿਆਹ ਤੋਂ ਵਾਪਸ ਪਰਤ ਰਹੇ 4 ਨੌਜਵਾਨ ਲੜਕਿਆਂ ਦੀ ਹਾਦਸੇ 'ਚ ਮੌਤ
Friday, Mar 16, 2018 - 02:37 PM (IST)
ਫਤੇਹਾਬਾਦ — ਫਤੇਹਾਬਾਦ ਦੇ ਪਿੰਡ ਚੋਬਰਾ ਦੇ ਕੋਲ ਇਕ ਸਵਿਫਟ ਡਿਜ਼ਾਇਰ ਕਾਰ ਦਾ ਸੰਤੁਲਨ ਵਿਗੜ ਜਾਣ ਕਾਰਨ ਤਲਾਬ ਵਿਚ ਡਿੱਗ ਗਈ। ਕਾਰ ਵਿਚ 4 ਨੌਜਵਾਨ ਲੜਕੇ ਸਵਾਰ ਸਨ ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਵੇਰੇ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਪਿੰਡ ਵਾਲਿਆਂ ਦੀ ਸਹਾਇਤਾ ਨਾਲ ਕਾਰ ਨੂੰ ਤਲਾਬ ਵਿਚੋਂ ਬਾਹਰ ਕੱਢਿਆ। ਪੁਲਸ ਨੇ ਚਾਰੋਂ ਲੜਕਿਆਂ ਨੂੰ ਭੂਨਾ ਦੇ ਸਰਕਾਰੀ ਹਸਪਤਾਲ ਭੇਜਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਮਰਨ ਵਾਲਿਆਂ ਦੀ ਪਛਾਣ ਫਤੇਹਾਬਾਦ ਦੇ ਪਿੰਡ ਘੋਲੂ ਨਿਵਾਸੀ ਅਨੀਸ਼, ਹਿਸਾਰ ਨਿਵਾਸੀ ਕੁਲਦੀਪ, ਸੋਨੂੰ ਅਤੇ ਬਲਿਆਲੀ ਜ਼ਿਲਾ ਭਿਵਾਨੀ ਨਿਵਾਸੀ ਪ੍ਰਵੀਨ ਸ਼ਰਮਾ ਦੇ ਤੌਰ 'ਤੇ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਅਨੀਸ਼ ਦੇ ਪਿੰਡ ਘੋਲੂ ਦੇ ਸਰਪੰਚ ਰਮੇਸ਼ ਮਹਾਰ ਨੇ ਦੱਸਿਆ ਕਿ ਚਾਰੋਂ ਲੜਕੇ ਭੂਨਾ ਦੇ ਪਿੰਡ ਘੋਲੂ ਤੋਂ ਵਿਆਹ ਸਮਾਰੋਹ ਤੋਂ ਵਾਪਸ ਹਿਸਾਰ ਆ ਰਹੇ ਸਨ।

ਰਸਤੇ ਵਿਚ ਭੂਨਾ ਤੋਂ ਹਿਸਾਰ ਮਾਰਗ 'ਤੇ ਸਥਿਤ ਪਿੰਡ ਚੌਬਾਰਾ 'ਚ ਲੜਕਿਆਂ ਦੀ ਕਾਰ ਦਾ ਸੰਤੁਲਨ ਵਿਗੜ ਜਾਣ ਕਾਰਨ ਕਾਰ ਤਾਲਾਬ ਵਿਚ ਜਾ ਡਿੱਗੀ। ਤਾਲਾਬ ਵਿਚ ਡੁੰਬ ਜਾਣ ਕਾਰਨ ਚਾਰੋਂ ਲੜਕਿਆਂ ਦੀ ਮੌਤ ਹੋ ਗਈ। ਸਾਰਿਆਂ ਲੜਕਿਆਂ ਦੀ ਉਮਰ 21 ਤੋਂ 25 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਇਹ ਹਾਦਸਾ ਸ਼ਰਾਬ ਦੇ ਨਸ਼ੇ ਵਿਚ ਗੱਡੀ ਚਲਾਉਣ ਦੇ ਕਾਰਨ ਵਾਪਰਿਆ ਹੈ।

ਭੂਨਾ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਚਾਰੋਂ ਲੜਕਿਆਂ ਦੀ ਮੌਤ ਡੁੰਬ ਜਾਣ ਕਾਰਨ ਹੋਈ ਹੈ। ਚਾਰੋਂ ਲੜਕਿਆਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਫਤੇਹਾਬਾਦ ਦੇ ਸਰਕਾਰੀ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ।
