ਪੌਣੇ 3 ਲੱਖ ਰੁਪਏ ਕਿਲੋ ਵਿਕਦੇ ਨੇ ਇਹ ਅੰਬ, ਰਾਖੀ ਲਈ ਮਾਲਕ ਨੇ ਰੱਖੇ 4 ਚੌਂਕੀਦਾਰ ਅਤੇ 6 ਕੁੱਤੇ
Friday, Jun 18, 2021 - 04:06 PM (IST)
ਜਬਲਪੁਰ- ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੱਧ ਪ੍ਰਦੇਸ਼ 'ਚ ਅੰਬ ਦੇ ਬਗ਼ੀਚੇ ਦੀ ਰਾਖ਼ੀ ਲਈ ਮਾਲਕ ਨੇ ਇਕ-ਦੋ ਨਹੀਂ ਸਗੋਂ 4 ਚੌਂਕੀਦਾਰ ਅਤੇ 6 ਕੁੱਤੇ ਰੱਖੇ ਹਨ। ਦਰਅਸਲ ਮੱਧ ਪ੍ਰਦੇਸ਼ ਦੇ ਜਬਲਪੁਰ ਸ਼ਹਿਰ ਤੋਂ 25 ਕਿਲੋਮੀਟਰ ਦੂਰ ਨਾਨਾਖੇੜਾ ਪਿੰਡ 'ਚ ਸੰਕਲਪ ਪਰਿਵਾਰ ਨਾਮ ਦੇ ਇਕ ਵਿਅਕਤੀ ਦਾ ਅੰਬਾਂ ਦਾ ਬਗ਼ੀਚਾ ਹੈ। ਇਸ ਬਗ਼ੀਚੇ 'ਚ ਮਿਆਜਾਕੀ ਅੰਬ ਦੇ ਕੁਝ ਦਰੱਖਤ ਹਨ। ਇਹ ਅੰਬ ਦੀ ਇਕ ਕਿਸਮ ਹੈ। ਕਿਹਾ ਜਾਂਦਾ ਹੈ ਕਿ ਮਿਆਜਾਕੀ ਅੰਬ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ ਹੁੰਦਾ ਹੈ। ਬਜ਼ਾਰ 'ਚ ਇਸ ਦੀ ਕੀਮਤ 2.70 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੁੰਦੀ ਹੈ। ਹਾਲਾਂਕਿ ਬਗ਼ੀਚੇ ਦੇ ਮਾਲਕ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਕੋਲ 21 ਹਜ਼ਾਰ ਰੁਪਏ ਤੱਕ ਦੀ ਡਿਮਾਂਡ ਆਈ ਹੈ ਪਰ ਉਹ ਹਾਲੇ ਇਨ੍ਹਾਂ ਅੰਬਾਂ ਨੂੰ ਨਹੀਂ ਵੇਚਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾ ਅੰਬ ਮਹਾਕਾਲ ਨੂੰ ਸਮਰਪਿਤ ਕੀਤਾ ਜਾਵੇਗਾ ਅਤੇ ਫਿਰ ਵਪਾਰ ਕੀਤਾ ਜਾਵੇਗਾ।
ਬਗ਼ੀਚੇ ਦੇ ਮਾਲਕ ਸੰਕਲਪ ਪਰਿਵਾਰ ਦਾ ਕਹਿਣਾ ਹੈ ਕਿ ਪਿਛਲੀ ਵਾਰ ਅੰਬ ਚੋਰੀ ਹੋ ਗਏ ਸਨ। ਲੋਕ ਆਉਂਦੇ ਹਨ, ਦੇਖਦੇ ਹਨ, ਇਸ ਲਈ ਸੁਰੱਖਿਆ ਵਜੋਂ ਇਹ ਸਭ ਕੀਤਾ ਗਿਆ ਹੈ। ਸੰਕਲਪ ਦੇ ਬਗੀਚੇ 'ਚ 14 ਕਿਸਮ ਦੇ ਅੰਬ ਦੇ ਦਰੱਖਤ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਬਗੀਚੇ 'ਚ ਅਮਰੂਦ ਅਤੇ ਇਸ ਤਰ੍ਹਾਂ ਦੇ ਹੋਰ ਫ਼ਲਾਂ ਦੇ ਦਰੱਖਤ ਵੀ ਲੱਗੇ ਹੋਏ ਹਨ। ਮੱਧ ਪ੍ਰਦੇਸ਼ ਬਾਗਬਾਨੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਿਆਜਾਕੀ ਅੰਬ ਭਾਰਤ 'ਚ ਬਹੁਤ ਹੀ ਦੁਰਲੱਭ ਹਨ, ਇਨ੍ਹਾਂ ਦੇ ਮਹਿੰਗਾ ਹੋਣ ਦਾ ਕਾਰਨ ਇਨ੍ਹਾਂ ਦੀ ਘੱਟ ਪੈਦਾਵਾਰ ਅਤੇ ਇਨ੍ਹਾਂ ਦਾ ਮਿੱਠਾ ਸੁਆਦ ਹੈ। ਇਹ ਅੰਬ ਨਾ ਸਿਰਫ਼ ਦੇਖਣ 'ਚ ਹੋਰ ਅੰਬਾਂ ਨਾਲ ਵੱਖਰਾ ਨਜ਼ਰ ਆਉਂਦਾ ਹੈ ਸਗੋਂ ਕਈ ਦੇਸ਼ਾਂ 'ਚ ਤਾਂ ਲੋਕ ਇਨ੍ਹਾਂ ਅੰਬਾਂ ਨੂੰ ਤੋਹਫ਼ੇ ਵਜੋਂ ਦਿੰਦੇ ਹਨ।