ਭਾਰਤ ਨਾਲ ਯੁੱਧ ਅਭਿਆਸ 'ਚ ਸ਼ਾਮਲ ਹੋਣਗੇ ਫ੍ਰੈਂਚ ਏਅਰ ਫੋਰਸ ਦੇ 4 ਰਾਫੇਲ

Friday, Jan 01, 2021 - 10:00 PM (IST)

ਨਵੀਂ ਦਿੱਲੀ- ਭਾਰਤੀ ਹਵਾਈ ਫੌਜ ਨਾਲ ਯੁੱਧ ਅਭਿਆਸ ਵਿਚ ਸ਼ਾਮਲ ਹੋਣ ਲਈ ਫ੍ਰੈਂਚ ਏਅਰ ਫੋਰਸ ਦੇ ਚਾਰ ਰਾਫੇਲ ਲੜਾਕੂ ਜਹਾਜ਼ ਇਸ ਮਹੀਨੇ ਭਾਰਤ ਆ ਰਹੇ ਹਨ। ਇਹ ਲੜਾਕੂ ਜਹਾਜ਼ ਰਾਜਸਥਾਨ ਦੇ ਮਾਰੂਥਲ ਦੇ ਆਸਮਾਨ ਵਿਚ 19 ਤੋਂ 25 ਜਨਵਰੀ ਦਰਮਿਆਨ ਤਾਕਤ ਦਿਖਾਉਣਗੇ।

ਫਰਾਂਸ ਹਵਾਈ ਫੌਜ ਦੇ ਇਹ 4 ਲੜਾਕੂ ਜਹਾਜ਼ ਭਾਰਤ ਪਹੁੰਚਣ ਤੋਂ ਪਹਿਲਾਂ ਆਸਟ੍ਰੇਲੀਆਈ ਹਵਾਈ ਫੌਜ ਨਾਲ ਸਾਂਝੇ ਅਭਿਆਸਾਂ ਵਿਚ ਵੀ ਹਿੱਸਾ ਲੈਣਗੇ। 

ਇਸ ਯੁੱਧ ਅਭਿਆਸ ਨੂੰ ਸਕਾਈਰੋਸ ਨਾਮ ਦਿੱਤਾ ਗਿਆ ਹੈ। ਸਕਾਈਰੋਸ ਵਿਚ ਭਾਰਤੀ ਹਵਾਈ ਫੌਜ ਵਿਚ ਇਸੇ ਸਾਲ ਸ਼ਾਮਲ ਕੀਤੇ ਗਏ ਰਾਫੇਲ ਵੀ ਹਿੱਸਾ ਲੈਣਗੇ। ਭਾਰਤ ਵੱਲੋਂ ਫਰਾਂਸ ਨੂੰ ਦਿੱਤੇ ਕੁੱਲ 36 ਰਾਫੇਲ ਦੇ ਆਰਡਰਾਂ ਵਿਚੋਂ 11 ਭਾਰਤੀ ਹਵਾਈ ਫੌਜ ਨੂੰ ਮਿਲ ਗਏ ਹਨ। ਸੱਤ ਹੋਰ ਲੜਾਕੂ ਜਹਾਜ਼ ਦਸਾਲਟ ਨੇ ਭਾਰਤ ਦੇ ਹਵਾਲੇ ਕਰ ਦਿੱਤੇ ਹਨ ਪਰ ਇਨ੍ਹਾਂ ਦਾ ਇਸਤੇਮਾਲ ਫਰਾਂਸ ਵਿਚ ਭਾਰਤੀ ਹਵਾਈ ਫੌਜ ਦੇ ਪਾਇਲਟਾਂ ਨੂੰ ਸਿਖਲਾਈ ਦੇਣ ਲਈ ਕੀਤਾ ਜਾ ਰਿਹਾ ਹੈ। ਤਿੰਨ ਲੜਾਕੂ ਜਹਾਜ਼ਾਂ ਦਾ ਤੀਜਾ ਜੱਥਾ 27 ਜਨਵਰੀ ਨੂੰ ਆਉਣ ਵਾਲਾ ਹੈ।

2014 ਵਿਚ ਭਾਰਤ-ਫਰਾਂਸ ਹਵਾਈ ਫੌਜ ਦੇ ਸਾਂਝੇ ਯੁੱਧ ਅਭਿਆਸ ਗਰੁੜ ਵਿਚ ਵੀ ਰਾਫੇਲ ਆਪਣੀ ਤਾਕਤ ਦਿਖਾ ਚੁੱਕਾ ਹੈ। ਗੌਰਤਲਬ ਹੈ ਕਿ ਚੀਨ ਨਾਲ ਐੱਲ. ਏ. ਸੀ. 'ਤੇ ਹੋਏ ਟਕਰਾਅ ਦੇ ਕਈ ਮੌਕਿਆਂ 'ਤੇ ਫਰਾਂਸ ਭਾਰਤ ਨਾਲ ਖੜ੍ਹਾ ਹੋਇਆ ਹੈ। ਫਰਾਂਸ ਸੰਯੁਕਤ ਰਾਸ਼ਟਰ ਤੇ ਹੋਰ ਕਈ ਜਗ੍ਹਾ ਭਾਰਤ ਦਾ ਸਭ ਤੋਂ ਭਰੋਸੇਮੰਦ ਅਤੇ ਨਿਰੰਤਰ ਸਮਰਥਕ ਰਿਹਾ ਹੈ। ਭਾਰਤ ਵੱਲੋਂ ਕੀਤੇ 1998 ਦੇ ਪ੍ਰਮਾਣੂ ਪ੍ਰੀਖਣ ਦੌਰਾਨ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪੰਜ ਸਥਾਈ ਮੈਂਬਰਾਂ ਵਿਚੋਂ ਫਰਾਂਸ ਇਕਲੌਤਾ ਦੇਸ਼ ਸੀ ਜਿਸ ਨੇ ਭਾਰਤ ਵਿਰੁੱਧ ਪਾਬੰਦੀਆਂ ਦੀ ਅਲੋਚਨਾ ਕੀਤੀ ਸੀ।


Sanjeev

Content Editor

Related News