ਮਿਜ਼ਰੋਮ ''ਚ ਮੁੜ ਲੱਗੇ ਭੂਚਾਲ ਦੇ ਹਲਕੇ ਝਟਕੇ, ਜਾਨੀ-ਮਾਲੀ ਨੁਕਸਾਨ ਦਾ ਰਿਹਾ ਬਚਾਅ
Wednesday, Jun 24, 2020 - 11:01 AM (IST)
ਆਈਜ਼ੋਲ— ਪੂਰਬੀ-ਉੱਤਰੀ ਭਾਰਤ ਦੇ ਸੂਬੇ ਮਿਜ਼ੋਰਮ ਵਿਚ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ 8:00 ਵਜੇ ਦੇ ਕਰੀਬ ਮਿਜ਼ੋਰਮ ਵਿਚ 4.1 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਚਮਫਾਈ ਜ਼ਿਲੇ ਵਿਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਰਿਹਾ। ਹਾਲਾਂਕਿ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਪ੍ਰਦੇਸ਼ ਦੇ ਚਮਫਾਈ ਜ਼ਿਲੇ ਵਿਚ ਤੀਜੇ ਦਿਨ ਲਗਾਤਾਰ ਭੂਚਾਲ ਨੇ ਦਸਤਕ ਦਿੱਤੀ ਹੈ। ਇਸ ਤੋਂ ਪਹਿਲਾਂ ਸੋਮਵਾਰ ਦੀ ਸਵੇਰ ਨੂੰ 4:00 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਉਦੋਂ ਇਸ ਦੀ ਤੀਬਰਤਾ 5.3 ਸੀ। ਇਸ ਦਾ ਕੇਂਦਰ ਜ਼ਮੀਨ ਤੋਂ 20 ਕਿਲੋਮੀਟਰ ਹੇਠਾਂ ਸੀ। ਇਸ ਤੋਂ ਬਾਅਦ ਮੰਗਲਵਾਰ ਨੂੰ ਰਾਤ ਸਾਢੇ 11 ਵਜੇ ਦੇ ਕਰੀਬ 3.2 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਚਮਫਾਈ ਜ਼ਿਲੇ ਤੋਂ 70 ਕਿਲੋਮੀਟਰ ਦੱਖਣ-ਪੱਛਮ ਵੱਲ ਸੀ। ਮਿਜ਼ੋਰਮ ਤੋਂ ਇਲਾਵਾ ਹਾਲ ਹੀ ਵਿਚ ਅਸਾਮ, ਮੇਘਾਲਿਆ ਅਤੇ ਜੰਮੂ-ਕਸ਼ਮੀਰ ਵਿਚ ਵੀ ਭੂਚਾਲ ਨੇ ਦਸਤਕ ਦਿੱਤੀ ਸੀ। ਐਤਵਾਰ ਨੂੰ ਇਨ੍ਹਾਂ ਸੂਬਿਆਂ ਦੇ ਕਈ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।