IFS ਅਫ਼ਸਰ ਬਣ ਕੀਤੀ 36 ਕਰੋੜ ਦੀ ਠੱਗੀ, ਗ੍ਰਿਫਤਾਰ
Friday, Sep 04, 2020 - 12:15 AM (IST)
ਨਵੀਂ ਦਿੱਲੀ - ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਪਿਊਸ਼ ਬੰਧੋਪਾਧਿਆਏ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ, ਜੋ ਖੁਦ ਨੂੰ ਆਈ.ਐੱਫ.ਐੱਸ. ਅਫ਼ਸਰ ਦੱਸਦਾ ਸੀ ਅਤੇ ਭਾਰਤ ਸਰਕਾਰ 'ਚ ਵੱਡੇ ਅਹੁਦੇ 'ਤੇ ਤਾਇਨਾਤ ਹੋਣ ਦਾ ਦਾਅਵਾ ਕਰਦਾ ਸੀ। ਦੋਸ਼ੀ ਨੇ ਗੁਜਰਾਤ ਦੇ ਇੱਕ ਕਾਰੋਬਾਰੀ ਤੋਂ 36 ਕਰੋੜ ਰੁਪਏ ਦੀ ਠੱਗੀ ਵੀ ਕਰ ਲਈ । ਆਰਥਿਕ ਅਪਰਾਧ ਸ਼ਾਖਾ ਦੇ ਜੁਆਇੰਟ ਕਮਿਸ਼ਨਰ ਓ.ਪੀ. ਮਿਸ਼ਰਾ ਮੁਤਾਬਕ, ਗੁਜਰਾਤ ਦੀ ਇੱਕ ਕੰਪਨੀ ਸਮਾਰਟ ਬਾਇਓ ਟਾਇਲਟ ਪ੍ਰਾਈਵੇਟ ਲਿਮਟਿਡ ਦੇ ਇੱਕ ਅਧਿਕਾਰੀ ਨੇ ਸ਼ਿਕਾਇਤ ਦਰਜ ਕਰਵਾਈ ਜਿਸ 'ਚ ਕਿਹਾ ਗਿਆ ਕਿ ਉਨ੍ਹਾਂ ਦੀ ਮੁਲਾਕਾਤ ਪਿਊਸ਼ ਦੀ ਪਤਨੀ ਸ਼ਵੇਤਾ ਨਾਲ ਹੋਈ।
ਉਸ ਨੇ ਦੱਸਿਆ ਕਿ ਉਸ ਦੀ ਕੰਪਨੀ ਭਾਰਤ ਦੀ ਇੱਕ ਵੱਡੀ ਥਿੰਕ ਟੈਂਕ ਕੰਪਨੀ ਦੀ ਹੈਡ ਹੈ। ਇਹ ਕੰਪਨੀ ਪੂਰੀ ਦੁਨੀਆ 'ਚ ਨਵੇਂ ਨਵੇਂ ਪ੍ਰਯੋਗ ਅਤੇ ਤਕਨੀਕ ਦੇਣ ਲਈ ਜਾਣੀ ਜਾਂਦੀ ਹੈ ਅਤੇ ਕੋਈ ਵੀ ਸਰਕਾਰੀ ਜਾਂ ਗੈਰ ਸਰਕਾਰੀ ਪ੍ਰਾਜੈਕਟ ਹਾਸਲ ਕਰ ਸਕਦੀ ਹੈ। ਸ਼ਵੇਤਾ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਪਿਊਸ਼ ਆਈ.ਐੱਫ.ਐੱਸ. ਅਫ਼ਸਰ ਹਨ ਅਤੇ ਪ੍ਰਧਾਨ ਮੰਤਰੀ ਦਫ਼ਤਰ 'ਚ ਤਾਇਨਾਤ ਹਨ। ਸ਼ਵੇਤਾ ਨੇ ਗੁਜਰਾਤ ਦੀ ਕੰਪਨੀ ਦੇ ਅਧਿਕਾਰੀਆਂ ਨਾਲ ਆਪਣੇ ਪਤੀ ਦੇ ਨਾਲ ਦਿੱਲੀ ਦੇ ਅਸ਼ੋਕਾ ਹੋਟਲ 'ਚ ਮੀਟਿੰਗ ਵੀ ਕਰਵਾਈ।
ਪਿਊਸ਼ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਭਾਰਤ ਸਰਕਾਰ ਦੇ ਮੇਕ ਇਨ ਇੰਡੀਆ, ਸਮਾਰਟ ਸਿਟੀ, ਸੋਲਰ ਐਨਰਜੀ ਵਰਗੇ ਵੱਡੇ ਪ੍ਰਾਜੈਕਟ ਉਸ ਦੇ ਤਹਿਤ ਹਨ। ਗੁਜਰਾਤ ਦੀ ਕੰਪਨੀ ਦੇ ਅਧਿਕਾਰੀਆਂ ਨੇ ਉਸ ਤੋਂ ਪ੍ਰਭਾਵਿਤ ਹੋ ਕੇ ਦੁਬਈ ਦੀ ਇੱਕ ਐੱਨ.ਆਰ.ਆਈ. ਕੰਪਨੀ ਮਿਤਸੁਮੀ ਡਿਸਟ੍ਰੀਬਿਊਟਰਸ ਨਾਲ ਸ਼ਵੇਤਾ ਦੀ ਥਿੰਕ ਟੈਂਕ ਕੰਪਨੀ 'ਚ ਪੇਟੇਂਟ ਤਕਨੀਕ ਲੈਣ ਦੇ ਨਾਮ 'ਤੇ 36 ਕਰੋੜ ਰੁਪਏ ਟਰਾਂਸਫਰ ਕਰਵਾ ਦਿੱਤੇ ਪਰ ਬਾਅਦ 'ਚ ਪਤਾ ਲੱਗਾ ਕਿ ਉਨ੍ਹਾਂ ਨਾਲ ਠੱਗੀ ਹੋ ਗਈ ਹੈ।