ਹਿਊਮਨ ਸਮੱਗਲਿੰਗ : 21 ਨਾਬਾਲਗ ਬੱਚਿਆਂ ਸਮੇਤ 33 ਲੋਕਾਂ ਨੂੰ ਰੇਲਗੱਡੀ ਤੋਂ ਉਤਾਰਿਆ

Saturday, Jul 23, 2022 - 11:05 AM (IST)

ਪ੍ਰਯਾਗਰਾਜ (ਭਾਸ਼ਾ)– ਰੇਲਵੇ ਸੁਰੱਖਿਆ ਬਲ (ਆਰ. ਪੀ. ਐੱਫ.) ਅਤੇ ਗੌਰਮਿੰਟ ਰੇਲਵੇ ਪੁਲਸ (ਜੀ. ਆਰ. ਪੀ.) ਨੇ ਵੀਰਵਾਰ ਨੂੰ ਪ੍ਰਯਾਗਰਾਜ ’ਚ ਹਿਊਮਨ ਸਮੱਗਲਿੰਗ ਦੇ ਸ਼ੱਕ ਵਿਚ 21 ਨਾਬਾਲਗ ਬੱਚਿਆਂ ਸਮੇਤ 33 ਲੋਕਾਂ ਨੂੰ ਪ੍ਰਯਾਗਰਾਜ ਜੰਕਸ਼ਨ ’ਤੇ ਮਹਾਨੰਦਾ ਐਕਸਪ੍ਰੈੱਸ ਰੇਲਗੱਡੀ ਤੋਂ ਉਤਾਰਿਆ।

ਆਰ. ਪੀ. ਐੱਫ. ਇੰਸਪੈਕਟਰ ਸ਼ਿਵ ਕੁਮਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਐੱਨ. ਜੀ. ਓ. ‘ਬਚਪਨ ਬਚਾਓ ਅੰਦੋਲਨ’ ਤੋਂ ਸੂਚਨਾ ਮਿਲੀ ਸੀ ਕਿ ਬਿਹਾਰ ਅਤੇ ਬੰਗਾਲ ਦੇ ਬੱਚਿਆਂ ਨੂੰ ਮਹਾਨੰਦਾ ਐਕਸਪ੍ਰੈੱਸ ਰਾਹੀਂ ਦਿੱਲੀ ਲਿਜਾਇਆ ਜਾ ਰਿਹਾ ਹੈ।

ਸ਼ਿਵ ਕੁਮਾਰ ਸਿੰਘ ਨੇ ਦੱਸਿਆ ਕਿ ਇਸ ਸੂਚਨਾ ’ਤੇ ਕਾਰਵਾਈ ਕਰਦੇ ਹੋਏ 21 ਨਾਬਾਲਗ ਬੱਚਿਆਂ ਸਮੇਤ 33 ਲੋਕਾਂ ਨੂੰ ਟਰੇਨ ’ਚੋਂ ਉਤਾਰਿਆ ਗਿਆ। ਬਾਲਗਾਂ ’ਚ ਇਕ ਮੌਲਾਨਾ ਅਤੇ ਉਸ ਦਾ ਪੈਰੋਕਾਰ ਅਤੇ 2 ਮਜ਼ਦੂਰਾਂ ਦੇ ਏਜੰਟ ਸ਼ਾਮਲ ਹਨ। ਬਾਲ ਭਲਾਈ ਕਮੇਟੀ ਦੇ ਚੇਅਰਮੈਨ ਅਖਿਲੇਸ਼ ਮਿਸ਼ਰਾ ਨੇ ਦੱਸਿਆ ਕਿ ਨਾਬਾਲਗ ਬੱਚਿਆਂ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ। ਮਿਸ਼ਰਾ ਅਨੁਸਾਰ ਪੁੱਛਗਿੱਛ ਦੌਰਾਨ ਇਹ ਬੱਚੇ ਆਪਣੇ ਨਾਂ ਆਦਿ ਦਾ ਖੁਲਾਸਾ ਨਹੀਂ ਕਰ ਸਕੇ ਅਤੇ ਇਨ੍ਹਾਂ ਕੋਲ ਕੋਈ ਜਾਇਜ਼ ਦਸਤਾਵੇਜ਼ ਵੀ ਨਹੀਂ ਹਨ।

ਇਸ ਦਰਮਿਆਨ ਵੀਰਵਾਰ ਸ਼ਾਮ ਨੂੰ ਮੌਲਾਨਾ ਦੇ ਨਾਲ ਕੁਝ ਬੱਚਿਆਂ ਨੇ ਪ੍ਰਯਾਗਰਾਜ ਜੰਕਸ਼ਨ ਦੇ ਪਲੇਟਫਾਰਮ ਨੰਬਰ ਇਕ ’ਤੇ ਸਥਿਤ ਵੇਟਿੰਗ ਰੂਮ ’ਚ ਨਮਾਜ਼ ਅਦਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਦੇ ਜਵਾਨਾਂ ਦੇ ਮਨ੍ਹਾ ਕਰਨ ’ਤੇ ਉਨ੍ਹਾਂ ਨੇ ਨਮਾਜ਼ ਅੱਧ ਵਿਚਾਲੇ ਹੀ ਛੱਡ ਦਿੱਤੀ।

ਸ਼ਿਵ ਕੁਮਾਰ ਸਿੰਘ ਨੇ ਦੱਸਿਆ ਕਿ ਮੀਡੀਆ ’ਚ ਨਮਾਜ਼ ਅਦਾ ਕਰਨ ਦੀਆਂ ਖਬਰਾਂ ਪੂਰੀ ਤਰ੍ਹਾਂ ਸਹੀ ਨਹੀਂ ਹਨ, ਕਿਉਂਕਿ ਜਿਵੇਂ ਹੀ ਜਵਾਨਾਂ ਨੇ ਉਨ੍ਹਾਂ ਨੂੰ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਮੌਲਾਨਾ ਅਤੇ ਬੱਚਿਆਂ ਨੂੰ ਨਮਾਜ਼ ਪੜ੍ਹਨ ਤੋਂ ਰੋਕ ਦਿੱਤਾ, ਜਿਸ ’ਤੇ ਉਹ ਸਹਿਮਤ ਹੋ ਗਏ ਅਤੇ ਨਮਾਜ਼ ਅੱਧ ਵਿਚਾਲੇ ਹੀ ਛੱਡ ਦਿੱਤੀ।


Rakesh

Content Editor

Related News