33 ਨਕਸਲੀਆਂ ਨੇ ਕੀਤਾ ਆਤਮ ਸਮਰਪਣ, ਇਸ ਸਾਲ ਹੁਣ ਤੱਕ 109 ਨਕਸਲੀਆਂ ਨੇ ਛੱਡੀ ਹਿੰਸਾ

05/25/2024 4:58:00 PM

ਬੀਜਾਪੁਰ (ਭਾਸ਼ਾ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ 33 ਨਕਸਲੀਆਂ ਨੇ ਆਤਮ ਸਮਰਪਣ ਕਰ ਦਿੱਤਾ। ਇਨ੍ਹਾਂ 'ਚੋਂ ਤਿੰਨ ਨਕਸਲੀਆਂ 'ਤੇ ਕੁੱਲ 5 ਲੱਖ ਰੁਪਏ ਦਾ ਨਕਦ ਇਨਾਮ ਹੈ। ਬੀਜਾਪੁਰ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਜਤਿੰਦਰ ਯਾਦਵ ਨੇ ਦੱਸਿਆ ਕਿ ਨਕਸਲੀਆਂ ਨੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀਆਰਪੀਐੱਫ) ਦੇ ਅਧਿਕਾਰੀਆਂ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਕਸਲੀ ਮਾਓਵਾਦੀਆਂ ਵੱਲੋਂ ਆਦਿਵਾਸੀਆਂ 'ਤੇ ਕੀਤੇ ਜਾ ਰਹੇ ਅੱਤਿਆਚਾਰਾਂ ਅਤੇ 'ਖੋਖਲੀ' ਮਾਓਵਾਦੀ ਵਿਚਾਰਧਾਰਾ ਤੋਂ ਨਿਰਾਸ਼ ਹਨ ਅਤੇ ਪੁਲਸ ਦੀ ਪੁਨਰਵਾਸ ਨੀਤੀ ਤੋਂ ਵੀ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਆਤਮ ਸਮਰਪਣ ਕਰਨ ਵਾਲੇ 33 ਕੈਡਰਾਂ ਵਿਚ 2 ਔਰਤਾਂ ਵੀ ਸ਼ਾਮਲ ਹਨ, ਜੋ ਮਾਓਵਾਦੀਆਂ ਦੀ ਗੰਗਲੂਰ ਖੇਤਰ ਕਮੇਟੀ ਅਧੀਨ ਵੱਖ-ਵੱਖ ਸ਼ਾਖਾਵਾਂ ਅਤੇ ਸੰਗਠਨਾਂ 'ਚ ਸਰਗਰਮ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਆਤਮ ਸਮਰਪਣ ਕਰਨ ਵਾਲਿਆਂ 'ਚ ਪੀਐੱਲਜੀਏ (ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ) ਬਟਾਲੀਅਨ ਨੰਬਰ 1 ਦੇ ਮੈਂਬਰ ਰਾਜੂ ਹੇਮਲਾ ਉਰਫ਼ ਠਾਕੁਰ (35) ਅਤੇ ਪਲਟੂਨ ਨੰਬਰ 1 ਦੇ ਮੈਂਬਰ ਸਾਮੋ ਕਰਮਾ ਸ਼ਾਮਲ ਹਨ, ਜਿਨ੍ਹਾਂ 'ਤੇ 2-2 ਲੱਖ ਰੁਪਏ ਦਾ ਇਨਾਮ ਹੈ। ਉਨ੍ਹਾਂ ਕਿਹਾ ਕਿ ਆਤਮ ਸਮਰਪਣ ਕਰਨ ਵਾਲੇ ਹੋਰ ਨਕਸਲੀਆਂ ਵਿਚ ਮਾਓਵਾਦੀ ਜਨਤਾ ਸਰਕਾਰ (ਆਰਪੀਸੀ) ਦਾ ਮੁਖੀ ਸੁਦਰੂ ਪੁਨੇਮ ਵੀ ਸ਼ਾਮਲ ਹੈ, ਜਿਸ 'ਤੇ 1 ਲੱਖ ਰੁਪਏ ਦਾ ਇਨਾਮ ਹੈ। ਅਧਿਕਾਰੀ ਨੇ ਦੱਸਿਆ ਕਿ ਆਤਮ ਸਮਰਪਣ ਕਰਨ ਵਾਲੇ ਇਨ੍ਹਾਂ ਤਿੰਨਾਂ ਨਕਸਲੀਆਂ 'ਤੇ ਸੁਰੱਖਿਆ ਬਲਾਂ 'ਤੇ ਹਮਲਾ ਕਰਨ ਦਾ ਦੋਸ਼ ਹੈ। ਉਨ੍ਹਾਂ ਕਿਹਾ ਕਿ ਆਤਮ ਸਮਰਪਣ ਕਰਨ ਵਾਲੇ ਸਾਰੇ ਨਕਸਲੀਆਂ ਨੂੰ 25-25 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਅਤੇ ਸਰਕਾਰ ਦੀ ਨੀਤੀ ਅਨੁਸਾਰ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾਵੇਗਾ। ਪੁਲਸ ਨੇ ਦੱਸਿਆ ਕਿ ਇਸ ਆਤਮ ਸਮਰਪਣ ਨਾਲ ਜ਼ਿਲ੍ਹੇ ਵਿਚ ਇਸ ਸਾਲ ਹੁਣ ਤੱਕ 109 ਨਕਸਲੀ ਹਿੰਸਾ ਛੱਡ ਚੁੱਕੇ ਹਨ। ਇਸ ਤੋਂ ਇਲਾਵਾ ਇਸੇ ਸਮੇਂ ਦੌਰਾਨ ਜ਼ਿਲ੍ਹੇ ਵਿਚ 189 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News