3 ਸਾਲਾ ਬੱਚੀ ਨੇ ਰਚਿਆ ਇਤਿਹਾਸ, ਸਾਢੇ 3 ਘੰਟਿਆਂ ''ਚ ਚਲਾਏ 1,111 ਤੀਰ

08/19/2018 3:29:13 AM

ਚੇਨਈ— 3 ਸਾਲ ਦੀ ਬੱਚੀ ਸੰਜਨਾ ਨੇ ਅਜਿਹਾ ਕਾਰਨਾਮਾ ਕਰ ਦਿਖਾਇਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਬੱਚੀ ਨੇ ਸਾਢੇ 3 ਘੰਟਿਆਂ ਵਿਚ 1,111 ਤੀਰ ਦਾਗੇ। ਬੱਚੀ ਦੀ ਤੀਰ ਚਲਾਉਣ ਦੀ ਸਪੀਡ ਇੰਨੀ ਸੀ ਕਿ ਸਾਰੇ ਹੈਰਾਨ ਰਹਿ ਗਏ। ਹੈਰਾਨ ਕਰਨ ਵਾਲੀ ਗੱਲ ਹੈ ਕਿ ਉਹ ਜ਼ਿਆਦਾਤਰ ਨਿਸ਼ਾਨਿਆਂ ਵਿਚ ਖਰੀ ਉਤਰੀ। ਬੱਚੀ ਦੀ ਇਸ ਪ੍ਰਾਪਤੀ ਬਾਰੇ ਸੰਜਨਾ ਦੇ ਕੋਚ ਸ਼ਿਹਨ ਹੁਸੈਨੀ ਨੇ ਦੱਸਿਆ ਕਿ ਜਦੋਂ ਸੰਜਨਾ ਨੂੰ ਉਸਦੇ ਮਾਤਾ-ਪਿਤਾ ਉਸ ਕੋਲ ਲੈ ਕੇ ਆਏ ਤਾਂ ਮੈਨੂੰ ਅਚਾਨਕ ਇਹ ਅਹਿਸਾਸ ਹੋਇਆ ਕਿ ਇਸ ਬੱਚੀ ਵਿਚ ਜ਼ਰੂਰ ਕੁਝ ਖਾਸ ਹੈ। ਬੱਚੀ ਵਿਚ ਪ੍ਰਤਿਭਾ ਦੀ ਅੱਗ ਹੈ।

ਪੀ. ਸੰਜਨਾ ਐੱਲ. ਕੇ. ਜੀ. ਵਿਚ ਪੜ੍ਹਦੀ ਹੈ। ਆਪਣੀ ਪ੍ਰਾਪਤੀ 'ਤੇ ਸੰਜਨਾ ਨੇ ਕਿਹਾ ਕਿ ਮੈਨੂੰ ਇੰਨੀ ਤੀਰ ਅੰਦਾਜੀ ਤੋਂ ਬਾਅਦ ਕੋਈ ਦਰਦ ਨਹੀਂ ਹੋ ਰਿਹਾ, ਮੈਂ ਥੱਕੀ ਹੋਈ ਹਾਂ। ਮੇਰਾ ਸੁਪਨਾ ਹੈ ਕਿ ਮੈਂ ਓਲੰਪਿਕ ਵਿਚ ਗੋਲਡ ਮੈਡਲ ਜਿੱਤਾਂ। ਕੋਚ ਹੁਸੈਨੀ ਮੁਤਾਬਕ ਸੰਜਨਾ ਇਸ ਦੌਰਾਨ ਹਰ ਇਕ ਘੰਟੇ 'ਤੇ 5 ਮਿੰਟ ਦਾ ਬ੍ਰੇਕ ਲੈਂਦੀ ਸੀ। ਦੂਸਰੇ ਘੰਟੇ ਦੌਰਾਨ ਉਹ ਥੱਕੀ ਜਿਹੀ ਲੱਗੀ, ਅਸੀਂ ਉਸਨੂੰ ਛੱਡ ਦੇਣ ਲਈ ਕਿਹਾ, ਪਰ ਉਸਨੇ ਇਸ ਤੋਂ ਮਨ੍ਹਾ ਕਰ ਦਿੱਤਾ। ਕੋਚ ਨੇ ਕਿਹਾ ਕਿ ਇਹ ਉਸਦੀ ਸਮਰੱਥਾ ਅਤੇ ਲਗਨ ਹੀ ਸੀ ਜਿਸ ਨਾਲ ਉਸਨੇ ਇਹ ਮੁਕਾਮ ਇੰਨੀ ਛੋਟੀ ਜਿਹੀ ਉਮਰ ਵਿਚ ਹਾਸਲ ਕਰ ਲਿਆ।


Related News