ਸਟੀਲ ਪਲਾਂਟ ਧਮਾਕੇ ''ਚ ਗੰਭੀਰ ਰੂਪ ''ਚ ਜ਼ਖਮੀ ਹੋਏ 3 ਹੋਰ ਮਜ਼ਦੂਰਾਂ ਦੀ ਮੌਤ
Wednesday, Aug 07, 2024 - 10:23 PM (IST)
ਨੈਸ਼ਨਲ ਡੈਸਕ : ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਵਿਚ ਇਕ ਸਟੀਲ ਪਲਾਂਟ ਵਿਚ ਧਮਾਕੇ ਵਿਚ ਗੰਭੀਰ ਰੂਪ 'ਚ ਜ਼ਖਮੀ ਹੋਏ ਤਿੰਨ ਹੋਰ ਮਜ਼ਦੂਰਾਂ ਦੀ ਬੁੱਧਵਾਰ ਨੂੰ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਬਰਹੀ ਸਥਿਤ ਪਲਾਂਟ ਦੀ 'ਇੰਡਕਸ਼ਨ ਫਰਨੇਸ' ਯੂਨਿਟ 'ਚ ਮੰਗਲਵਾਰ ਨੂੰ ਹੋਏ ਧਮਾਕੇ 'ਚ 2 ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਹਜ਼ਾਰੀਬਾਗ ਦੀ ਡਿਪਟੀ ਕਮਿਸ਼ਨਰ ਨੈਨਸੀ ਸਹਾਏ ਨੇ ਪੀਟੀਆਈ ਨੂੰ ਦੱਸਿਆ, ''ਧਮਾਕੇ 'ਚ ਕੁੱਲ 7 ਵਰਕਰ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ 2 ਦੀ ਕੱਲ੍ਹ ਮੌਤ ਹੋ ਗਈ ਸੀ, ਜਦੋਂਕਿ ਤਿੰਨ ਦੀ ਅੱਜ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਹਜ਼ਾਰੀਬਾਗ ਹਸਪਤਾਲ ਵਿਚ ਦਾਖ਼ਲ ਦੋ ਹੋਰ ਜ਼ਖ਼ਮੀਆਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਬਰਹੀ ਪੁਲਸ ਸਟੇਸ਼ਨ ਇੰਚਾਰਜ ਚੰਦਰਸ਼ੇਖਰ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਨੂੰ ਹਜ਼ਾਰੀਬਾਗ 'ਚ ਇਲਾਜ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਚਾਰ ਕਰਮਚਾਰੀਆਂ ਨੂੰ ਰਾਂਚੀ ਦੇ ਰਾਜੇਂਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਰਿਮਸ) 'ਚ ਰੈਫਰ ਕਰ ਦਿੱਤਾ ਗਿਆ। ਚਾਰਾਂ ਵਿੱਚੋਂ ਇਕ ਦੀ ਮੰਗਲਵਾਰ ਦੇਰ ਸ਼ਾਮ ਰਿਮਸ ਲਿਜਾਂਦੇ ਸਮੇਂ ਮੌਤ ਹੋ ਗਈ, ਜਦੋਂਕਿ ਤਿੰਨ ਹੋਰਾਂ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਜ ਸਭਾ ਮੈਂਬਰ ਦੀਪਕ ਪ੍ਰਕਾਸ਼ ਨੇ ਫੈਕਟਰੀ ਮਾਲਕਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਅਤੇ ਸਬੰਧਤ ਫੈਕਟਰੀ ਦੇ ਇੰਸਪੈਕਟਰ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਭਾਜਪਾ ਦੀ ਝਾਰਖੰਡ ਇਕਾਈ ਦੇ ਸਾਬਕਾ ਪ੍ਰਧਾਨ ਪ੍ਰਕਾਸ਼ ਨੇ ਕਿਹਾ, "ਇਹ ਸਿਰਫ਼ ਇਕ ਹਾਦਸਾ ਨਹੀਂ ਹੈ, ਸਗੋਂ ਸੁਰੱਖਿਆ ਮਾਪਦੰਡਾਂ ਪ੍ਰਤੀ ਫੈਕਟਰੀ ਮਾਲਕਾਂ ਅਤੇ ਫੈਕਟਰੀ ਇੰਸਪੈਕਟਰਾਂ ਦੀ ਲਾਪਰਵਾਹੀ ਦਾ ਨਤੀਜਾ ਹੈ। ਉਨ੍ਹਾਂ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਵੀ ਪੱਤਰ ਲਿਖ ਕੇ ਕਾਰਖਾਨੇ ਦੇ ਮਾਲਕਾਂ ਅਤੇ ਨਿਰੀਖਕ ਖਿਲਾਫ ਕਾਰਵਾਈ ਦੀ ਮੰਗ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8