ਯੂਕਰੇਨ ’ਚ ਫਸੇ ਹਿਮਾਚਲ ਦੇ ਊਨਾ ਜ਼ਿਲ੍ਹੇ ਦੇ 29 ਵਿਦਿਆਰਥੀ, ਪ੍ਰਸ਼ਾਸਨ ਨੇ ਸਰਕਾਰ ਨੂੰ ਭੇਜੀ ਸੂਚੀ
Saturday, Feb 26, 2022 - 05:26 PM (IST)
ਊਨਾ (ਅਮਿਤ ਸ਼ਰਮਾ)– ਯੂਕਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਨੂੰ ਲੈ ਕੇ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਊਨਾ ਜ਼ਿਲ੍ਹੇ ਦੇ ਕਰੀਬ 29 ਵਿਦਿਆਰਥੀਆਂ ਦੀ ਸੂਚੀ ਤਿਆਰ ਕੀਤੀ ਹੈ, ਜੋ ਯੂਕਰੇਨ ’ਚ ਇਸ ਸਮੇਂ ਰਹਿ ਰਹੇ ਹਨ। ਪ੍ਰਸ਼ਾਸਨ ਨੇ ਪ੍ਰਦੇਸ਼ ਸਰਕਾਰ ਦੇ ਜ਼ਰੀਏ ਇਹ ਸੂਚੀ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਹੈਲਪਲਾਈਨ ਨੰਬਰ 1077 ਜਾਰੀ ਕਰਦੇ ਹੋਏ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਦਾ ਕੋਈ ਪਰਿਵਾਰਕ ਮੈਂਬਰ ਮੌਜੂਦਾ ਸਮੇਂ ’ਚ ਯੂਕਰੇਨ ’ਚ ਰਹਿ ਰਿਹਾ ਹੈ ਤਾਂ ਉਸ ਬਾਰੇ ਜਾਣਕਾਰੀ ਤੁਰੰਤ ਸਾਂਝੀ ਕਰੋ।
ਯੂਕਰੇਨ ’ਚ ਫਸੇ ਹਿਮਾਚਲ ਦੇ ਵਿਦਿਆਰਥੀ-ਵਿਦਿਆਰਥਣਾਂ ਨੂੰ ਰੈਸਕਿਊ ਕਰਨ ਲਈ ਪ੍ਰਦੇਸ਼ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਹਰ ਸੰਭਵ ਸੂਚਨਾ ਉਪਲਬੱਧ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਯੂਕਰੇਨ ’ਚ ਫਸੇ ਜ਼ਿਲ੍ਹੇ ਦੇ ਵਿਦਿਆਰਥੀਆਂ ਦੀ ਸੂਚੀ ਗ੍ਰਾਮ ਪੰਚਾਇਤਾਂ, ਸਬੰਧਤ ਥਾਣਾ ਮੁਖੀਆਂ ਅਤੇ ਐੱਸ. ਡੀ. ਐੱਮ. ਜ਼ਰੀਏ ਇਕੱਠੀ ਕਰਦੇ ਹੋਏ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਹੈ। ਇਸ ਸੂਚੀ ਨੂੰ ਕੇਂਦਰ ਸਰਕਾਰ ਨੂੰ ਵੀ ਭੇਜ ਦਿੱਤਾ ਗਿਆ ਹੈ, ਤਾਂ ਕਿ ਯੂਕਰੇਨ ’ਚ ਫਸੇ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਕਵਾਇਦ ਸ਼ੁਰੂ ਕੀਤੀ ਜਾ ਸਕੇ। ਅੰਕੜਿਆਂ ਮੁਤਾਬਕ ਊਨਾ ਦੇ 9, ਗਗਰੇਟ ਦੇ 11, ਹਰੋਲੀ ਦੇ 4, ਬੰਗਾਣਾ ਦੇ 3 ਅਤੇ ਅੰਬ ਦੇ 2 ਵਿਦਿਆਰਥੀ ਯੂਕਰੇਨ ’ਚ ਸਿੱਖਿਆ ਹਾਸਲ ਕਰ ਰਹੇ ਹਨ।