2002 ਗੋਧਰਾ ਟਰੇਨ ਮਾਮਲਾ : SIT ਕੋਰਟ ਨੇ ਯਾਕੂਬ ਪਾਤਾਲੀਆ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

Wednesday, Mar 20, 2019 - 01:43 PM (IST)

2002 ਗੋਧਰਾ ਟਰੇਨ ਮਾਮਲਾ : SIT ਕੋਰਟ ਨੇ ਯਾਕੂਬ ਪਾਤਾਲੀਆ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਅਹਿਮਦਾਬਾਦ— ਗੋਧਰਾ ਕਤਲਕਾਂਡ ਦੇ ਇਕ ਦੋਸ਼ੀ ਯਾਕੂਬ ਪਾਤਾਲੀਆ ਨੂੰ ਅਹਿਮਦਾਬਾਦ ਦੀ ਸਪੈਸ਼ਲ ਐੱਸ. ਆਈ. ਟੀ. ਕੋਰਟ ਨੇ ਬੁੱਧਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਯਾਕੂਬ ਦੀ ਗੋਧਰਾ ਸਟੇਸ਼ਨ 'ਤੇ 59 ਕਾਰਸੇਵਕਾਂ ਨੂੰ ਸਾਬਰਮਤੀ ਐਕਸਪ੍ਰੈੱਸ ਕੋਚ ਵਿਚ ਸਾੜ ਕੇ ਮਾਰਨ 'ਚ ਭੂਮਿਕਾ ਸੀ। 63 ਸਾਲਾ ਯਾਕੂਬ ਵਿਰੁੱਧ ਹੱਤਿਆ ਦੀ ਸਾਜਿਸ਼ ਰਚਣ, ਹੱਤਿਆ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਅਤੇ ਦੰਗਾ ਫੈਲਾਉਣ ਕਰ ਕੇ ਆਈ. ਪੀ. ਐੱਸ. ਦੀ ਧਾਰਾ-307, 143, 147, 148, 149, 332 ਅਤੇ 352 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਯਾਕੂਬ ਵਿਰੁੱਧ ਸਤੰਬਰ 2002 ਵਿਚ ਐੱਫ. ਆਈ. ਆਰ. ਦਰਜ ਕਰਵਾਈ ਗਈ ਸੀ। ਉਹ ਘਟਨਾ ਤੋਂ ਬਾਅਦ ਫਰਾਰ ਹੋ ਗਿਆ ਸੀ। ਪਿਛਲੇ ਸਾਲ ਜਨਵਰੀ 'ਚ ਗੁਜਰਾਤ ਪੁਲਸ ਨੇ ਘਟਨਾ ਦੇ 16 ਸਾਲ ਬਾਅਦ ਯਾਕੂਬ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਯਾਕੂਬ ਨੂੰ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਨੂੰ ਸੌਂਪ ਦਿੱਤਾ ਸੀ।

ਜ਼ਿਕਰਯੋਗ ਹੈ ਕਿ 27 ਫਰਵਰੀ 2002 ਨੂੰ ਗੁਜਰਾਤ ਦੇ ਗੋਧਰਾ ਵਿਚ 59 ਲੋਕਾਂ ਦੀ ਅੱਗ ਵਿਚ ਸੜ ਕੇ ਮੌਤ ਹੋ ਗਈ। ਇਹ ਸਾਰੇ 'ਕਾਰਸੇਵਕ' ਸਨ, ਜੋ ਕਿ ਅਯੁੱਧਿਆ ਤੋਂ ਵਾਪਸ ਪਰਤ ਰਹੇ ਸਨ। 27 ਫਰਵਰੀ ਦੀ ਸਵੇਰ ਨੂੰ ਜਿਵੇਂ ਹੀ ਸਾਬਰਮਤੀ ਐਕਸਪ੍ਰੈੱਸ ਗੋਧਰਾ ਰੇਲਵੇ ਸਟੇਸ਼ਨ ਕੋਲ ਪੁੱਜੀ ਤਾਂ ਉਸ ਦੇ ਇਕ ਕੋਚ ਤੋਂ ਅੱਗ ਦੀਆਂ ਲਪਟਾਂ ਉਠਣ ਲੱਗੀਆਂ ਅਤੇ ਧੂੰਏਂ ਦੇ ਗੁਬਾਰ ਨਿਕਲਣ ਲੱਗੇ। ਸਾਬਰਮਤੀ ਟਰੇਨ ਦੇ ਐੱਸ-6 ਕੋਚ ਦੇ ਅੰਦਰ ਭਿਆਨਕ ਅੱਗ ਲੱਗੀ ਹੋਈ ਸੀ। ਜਿਸ ਵਿਚ ਬੈਠੇ ਯਾਤਰੀ ਉਸ ਦੀ ਲਪੇਟ ਵਿਚ ਆ ਗਏ, ਇਨ੍ਹਾਂ 'ਚ ਜ਼ਿਆਦਾਤਰ ਉਹ ਕਾਰਸੇਵਕ ਸਨ, ਜੋ ਰਾਮ ਮੰਦਰ ਅੰਦੋਲਨ ਤਹਿਤ ਅਯੁੱਧਿਆ ਵਿਚ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਮਗਰੋਂ ਵਾਪਸ ਪਰਤ ਰਹੇ ਸਨ। ਅੱਗ ਵਿਚ ਸੜ ਕੇ 59 ਕਾਰਸੇਵਕਾਂ ਦੀ ਮੌਤ ਹੋ ਗਈ। ਇਸ ਘਟਨਾ ਨੂੰ ਵੱਡਾ ਸਿਆਸੀ ਰੂਪ ਦਿੱਤਾ ਗਿਆ ਅਤੇ ਗੁਜਰਾਤ ਦੇ ਮੱਥੇ 'ਤੇ ਕਦੇ ਨਾ ਮਿੱਟਣ ਵਾਲਾ ਦਾਗ ਲੱਗ ਗਿਆ।


author

Tanu

Content Editor

Related News