2 ਭਿਆਨਕ ਸੜਕ ਹਾਦਸੇ, 11 ਦੀ ਮੌਤ, ਕਈ ਜ਼ਖਮੀ
Friday, May 16, 2025 - 01:22 AM (IST)

ਬਲਰਾਮਪੁਰ/ਹਰਦੋਈ/ਲਖਨਊ -ਉੱਤਰ ਪ੍ਰਦੇਸ਼ ਵਿਚ ਵੀਰਵਾਰ ਨੂੰ ਹੋਏ 2 ਵੱਖ-ਵੱਖ ਸੜਕ ਹਾਦਸਿਆਂ ਵਿਚ 11 ਲੋਕਾਂ ਦੀ ਦੁਖਦਾਈ ਮੌਤ ਹੋ ਗਈ ਜਦੋਂ ਕਿ 11 ਹੋਰ ਜ਼ਖਮੀ ਹੋ ਗਏ। ਬਲਰਾਮਪੁਰ ਜ਼ਿਲੇ ਦੇ ਤੁਲਸੀਪੁਰ ਰਾਸ਼ਟਰੀ ਰਾਜਮਾਰਗ ’ਤੇ ਬੁੱਧਵਾਰ ਤੇ ਵੀਰਵਾਰ ਦੀ ਅੱਧੀ ਰਾਤ ਇਕ ਤੇਜ਼ ਰਫਤਾਰ ਟਰੱਕ ਨੇ ਇਕ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਸਵਾਰ ਇਕ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ ਅਤੇ 8 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਚਕਵਾ ਪਿੰਡ ਨੇੜੇ ਵਾਪਰਿਆ, ਜਦੋਂ ਪਰਿਵਾਰ ਇਕ ਵਿਆਹ ਸਮਾਰੋਹ ਤੋਂ ਪਰਤ ਰਿਹਾ ਸੀ।
ਜ਼ਿਲਾ ਮੈਜਿਸਟ੍ਰੇਟ ਪਵਨ ਅਗਰਵਾਲ ਅਤੇ ਪੁਲਸ ਸੁਪਰਡੈਂਟ ਵਿਕਾਸ ਕੁਮਾਰ ਨੇ ਜ਼ਖਮੀਆਂ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਦਾ ਦੌਰਾ ਕੀਤਾ ਅਤੇ ਬਿਹਤਰ ਇਲਾਜ ਦੇ ਹੁਕਮ ਦਿੱਤੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦੇ ਹੋਏ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।
ਇਕ ਹੋਰ ਹਾਦਸੇ ਵਿਚ ਹਰਦੋਈ ਦੇ ਕਾਸਿਮਪੁਰ ਥਾਣਾ ਖੇਤਰ ਦੇ ਹਰਦੌਲ ਮਉ ਪਿੰਡ ਨੇੜੇ ਸਵੇਰੇ 9 ਵਜੇ ਦੇ ਕਰੀਬ ਇਕ ਆਟੋ ਰਿਕਸ਼ਾ ਅਤੇ ਇਕ ਡੰਪਰ ਟਰੱਕ ਦੀ ਟੱਕਰ ਹੋ ਗਈ। ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ 4 ਮਰਦ ਅਤੇ 2 ਔਰਤਾਂ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਆਟੋ ਚਾਲਕ ਰਣਜੀਤ, ਅੰਕਿਤ ਕੁਮਾਰ, ਅਰਵਿੰਦ, ਫੂਲਜਹਾਂ, ਨਿਸਾਰ ਅਤੇ ਇਕ ਅਣਪਛਾਤੀ ਔਰਤ ਵਜੋਂ ਹੋਈ ਹੈ। 3 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚ ਇਕ ਛੋਟਾ ਬੱਚਾ ਵੀ ਸ਼ਾਮਲ ਹੈ ਜਿਸਨੂੰ ਗੰਭੀਰ ਹਾਲਤ ਵਿਚ ਲਖਨਊ ਰੈਫਰ ਕੀਤਾ ਗਿਆ ਹੈ। ਪੁਲਸ ਮੁਤਾਬਕ, ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।