ਆਸਾਮ ’ਚ 2 ਸਰਕਾਰੀ ਅਧਿਕਾਰੀ ਗ੍ਰਿਫ਼ਤਾਰ, 2.32 ਕਰੋੜ ਨਕਦ ਬਰਾਮਦ

Sunday, Jul 23, 2023 - 10:24 AM (IST)

ਆਸਾਮ ’ਚ 2 ਸਰਕਾਰੀ ਅਧਿਕਾਰੀ ਗ੍ਰਿਫ਼ਤਾਰ, 2.32 ਕਰੋੜ ਨਕਦ ਬਰਾਮਦ

ਗੁਹਾਟੀ- ਆਸਾਮ ਦੇ ਧੂਬਰੀ ਜ਼ਿਲ੍ਹੇ 'ਚ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਦੋ ਸਰਕਾਰੀ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ’ਚੋਂ ਇਕ ਦੇ ਘਰ ’ਚੋਂ ਕਰੀਬ 2.32 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਕ ਆਪ੍ਰੇਸ਼ਨ ਵਿਚ ਗ੍ਰਿਫ਼ਤਾਰ ਕੀਤੇ ਗਏ ਦੋ ਵਿਅਕਤੀਆਂ ਵਿਚੋਂ ਇਕ ਆਸਾਮ ਸਿਵਲ ਸਰਵਿਸ (ਏ. ਸੀ. ਐੱਸ.) ਦਾ ਅਧਿਕਾਰੀ ਹੈ।

ਡਾਇਰੈਕਟੋਰੇਟ ਆਫ ਵਿਜੀਲੈਂਸ ਅਤੇ ਐਂਟੀ ਕੁਰੱਪਸ਼ਨ ਨੂੰ ਸ਼ਿਕਾਇਤ ਮਿਲੀ ਸੀ ਕਿ ਧੂਬਰੀ ਜ਼ਿਲ੍ਹਾ ਪ੍ਰੀਸ਼ਦ ਦੇ ਸੀ. ਈ. ਓ. (ਮੁੱਖ ਕਾਰਜਕਾਰੀ ਅਧਿਕਾਰੀ) ਵਿਸ਼ਵਜੀਤ ਗੋਸਵਾਮੀ ਨੇ ਇਕ ਠੇਕੇਦਾਰ ਤੋਂ ਰਿਸ਼ਵਤ ਵਜੋਂ ਆਪਣੇ ਵੱਲੋਂ ਕੀਤੇ ਗਏ ਕੰਮ ਦੇ ਕੁੱਲ ਬਿੱਲ ਦੀ 9 ਫੀਸਦੀ ਰਕਮ ਦੀ ਮੰਗ ਕੀਤੀ ਸੀ। ਇਸ ਵਿਚ ਕਿਹਾ ਗਿਆ ਹੈ ਕਿ ਇਸ ਮਾਮਲੇ ਵਿਚ ਜਾਲ ਵਿਛਾਇਆ ਗਿਆ ਸੀ ਅਤੇ ਧੂਬਰੀ ਦੀ ਵਧੀਕ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਮ੍ਰਿਣਾਲ ਕਾਂਤੀ ਸਰਕਾਰ ਨੂੰ ਸੀ. ਈ. ਓ. ਦੇ ਦਫ਼ਤਰ ’ਚ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।

ਬਿਆਨ ਵਿਚ ਕਿਹਾ ਗਿਆ ਹੈ ਕਿ ਏ. ਸੀ. ਐੱਸ ਅਧਿਕਾਰੀ ਗੋਸਵਾਮੀ ਨੂੰ ਬਾਅਦ ’ਚ ਗ੍ਰਿਫ਼ਤਾਰ ਕਰ ਲਿਆ ਗਿਆ। ਗੋਸਵਾਮੀ ਦੀਆਂ ਜਾਇਦਾਦਾਂ ਦੀ ਤਲਾਸ਼ੀ ਦੌਰਾਨ 2.32 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ। ਇਸ 'ਚ ਜਾਇਦਾਦ ਦੀ ਖਰੀਦ, ਕਈ ਬੈਂਕ ਖਾਤਿਆਂ ਅਤੇ ਹੋਰ ਨਿਵੇਸ਼ਕਾਂ ਨਾਲ ਸਬੰਧਤ ਕਈ ਦਸਤਾਵੇਜ਼ ਵੀ ਮਿਲੇ ਹਨ। ਜਾਂਚਕਰਤਾਵਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਹਿਮੰਤ ਬਿਸਵ ਸ਼ਰਮਾ ਨੇ ਕਿਹਾ ਕਿ ਡਾਇਰੈਕਟੋਰੇਟ ਆਪਣੇ ਭ੍ਰਿਸ਼ਟਾਚਾਰ ਰੋਕੂ ਮੁਹਿੰਮ 'ਚ ਸਫਲ ਰਿਹਾ ਹੈ, ਜਿਸ ਦੇ ਨਤੀਜੇ ਵਜੋਂ 10 ਮਈ 2021 ਤੋਂ ਉਨ੍ਹਾਂ ਦੇ ਕਾਰਜਭਾਰ ਸੰਭਾਲਣ ਦੇ ਦਿਨ ਤੋਂ ਹੁਣ ਤੱਕ 117 ਸਰਕਾਰੀ ਕਾਮਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।


author

Tanu

Content Editor

Related News