ਰੋਹਤਕ ’ਚ ਕੈਸ਼ ਵੈਨ ’ਚੋਂ ਬਦਮਾਸ਼ਾਂ ਨੇ ਲੁੱਟੇ 2.62 ਕਰੋੜ, ਸਕਿਓਰਿਟੀ ਗਾਡਰ ’ਤੇ ਚਲਾਈਆਂ ਗੋਲੀਆਂ
Saturday, Apr 09, 2022 - 10:43 AM (IST)
ਰੋਹਤਕ (ਮੈਨਪਾਲ)- ਰੋਹਤਕ ’ਚ ਇਨ੍ਹੀਂ ਦਿਨੀਂ ਬਦਮਾਸ਼ ਆਪਣੇ ਮਨਸੂਬਿਆਂ ’ਚ ਕਾਮਯਾਬੀ ਹਾਸਲ ਕਰਨ ਲਈ ਹਰ ਹੱਦ ਪਾਰ ਕਰ ਰਹੇ ਹਨ। ਸੈਕਟਰ-1 ’ਚ ਬਾਈਕ ਸਵਾਰ 2 ਨੌਜਵਾਨਾਂ ਨੇ ਏ. ਟੀ. ਐੱਮ. ’ਚ ਕੈਸ਼ ਪਾਉਣ ਵਾਲੀ ਵੈਨ ’ਚੋਂ ਲਗਭਗ ਪੌਣੇ 3 ਕਰੋੜ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਹੈ। ਬਦਮਾਸ਼ ਇੰਨੀ ਮੋਟੀ ਰਕਮ ਨੂੰ ਸੰਦੂਕ ਸਮੇਤ ਬੋਰੇ ’ਚ ਭਰ ਕੇ ਫਰਾਰ ਹੋ ਗਏ।
ਘਟਨਾ ’ਚ ਇਕ ਸਕਿਓਰਿਟੀ ਗਾਰਡ ਨੂੰ ਵੀ 2 ਗੋਲੀਆਂ ਲੱਗੀਆਂ ਹਨ, ਜਿਸ ਨੂੰ ਇਲਾਜ ਲਈ ਪੀ. ਜੀ. ਆਈ. ’ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਨਾਲ ਇਲਾਕੇ ’ਚ ਹੜਕੰਪ ਮਚ ਗਿਆ। ਸੂਚਨਾ ਮਿਲਣ ’ਤੇ ਐੱਸ. ਪੀ. ਉਦੇ ਸਿੰਘ ਮੀਣਾ ਪੁਲਸ ਟੀਮ ਦੇ ਨਾਲ ਮੌਕੇ ਦਾ ਮੁਆਇਨਾ ਕਰਨ ਪੁੱਜੇ। ਇਸ ਤੋਂ ਤੁਰੰਤ ਬਾਅਦ ਸ਼ਹਿਰ ਦੇ ਚਾਰੇ ਪਾਸੇ ਨਾਕਾਬੰਦੀ ਕੀਤੀ ਗਈ। ਪੁਲਸ ਮੁਤਾਬਕ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਫੁਟੇਜ ਰਾਹੀਂ ਲੁਟੇਰਿਆਂ ਦਾ ਪਤਾ ਲਾਇਆ ਜਾ ਰਿਹਾ ਹੈ ਪਰ ਦੇਰ ਰਾਤ ਤੱਕ ਇਨ੍ਹਾਂ ਲੁਟੇਰਿਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ।