ਪੁਣੇ ’ਚ ਮਿਲਿਆ ਕੋਰੋਨਾ ਦਾ ਤੋੜ, ਭਾਰਤੀ ਕੰਪਨੀ ਨੇ ਬਣਾਈ ਪ੍ਰੀਵੈਂਸ਼ਨ ਵੈਕਸੀਨ
Tuesday, Feb 18, 2020 - 10:38 PM (IST)

ਪੁਣੇ – ਚੀਨ ਦੇ ਵੁਹਾਨ ਸ਼ਹਿਰ ਤੋਂ ਸਮੁੱਚੀ ਦੁਨੀਆ ਵਿਚ ਫੈਲੇ ਕੋਰੋਨਾ ਵਾਇਰਸ ਦਾ ਤੋੜ ਲੱਭਣ ਦਾ ਕੰਮ ਕੌਮਾਂਤਰੀ ਪੱਧਰ ’ਤੇ ਜਾਰੀ ਹੈ। ਇਸ ਦਰਮਿਆਨ ਪੁਣੇ ਦੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਕੋਰੋਨਾ ਦੀ ਰੋਕਥਾਮ ਲਈ ਇਕ ਵੈਕਸੀਨ ਵਿਕਸਿਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਅਦਾਰੇ ਨੂੰ ਇਹ ਕਾਮਯਾਬੀ ਆਪਣੀ ਭਾਈਵਾਲ ਕੰਪਨੀ ਅਮੈਰੀਕਨ ਬਾਇਓ ਟੈਕਨਾਲੋਜੀ ਫਰਮ ਕੋਡਾਜੈਨਿਕਸ ਦੀ ਮਦਦ ਨਾਲ ਹਾਸਲ ਹੋਈ ਹੈ। ਇਹ ਵੈਕਸੀਨ ਮੁੱਢਲੇ ਕਲੀਨੀਕਲ ਟੈਸਟ ਲਈ ਤਿਆਰ ਹੈ ਅਤੇ 6 ਮਹੀਨਿਆਂ ਬਾਅਦ ਇਸ ਦਾ ਹਿਊਮਨ ਟਰਾਇਲ ਕੀਤਾ ਜਾਏਗਾ।
ਸੀਰਮ ਇੰਸਟੀਚਿਊਟ ਦੇ ਮਾਲਕ ਅਦਲ ਪੂਨਾਵਾਲਾ ਨੇ ਦੱਸਿਆ ਕਿ 2022 ਤੱਕ ਇਹ ਵੈਕਸੀਨ ਤਿਆਰ ਹੋ ਜਾਣ ਦੀ ਉਮੀਦ ਹੈ। ਹਿਊਮਨ ਟਰਾਇਲ ਤੋਂ ਬਾਅਦ ਇਸ ਸਬੰਧੀ ਕੇਂਦਰੀ ਸਿਹਤ ਮੰਤਰਾਲਾ ਤੋਂ ਪ੍ਰਵਾਨਗੀ ਲੈਣੀ ਹੋਵੇਗੀ। ਮਨੁੱਖੀ ਸਰੀਰ ’ਤੇ ਵੈਕਸੀਨ ਦੀ ਸਟੱਡੀ ਵਿਚ ਵੀ ਇਕ ਸਾਲ ਦਾ ਸਮਾਂ ਲੱਗੇਗਾ। 2 ਸਾਲ ਬਾਅਦ ਇਹ ਵੈਕਸੀਨ ਬਿਲਕੁੱਲ ਤਿਆਰ ਹੋ ਜਾਣ ਦੀ ਸੰਭਾਵਨਾ ਹੈ।