’84 ਦੰਗਾ ਮਾਮਲਾ : ਇਕ ਨੂੰ ਸਜ਼ਾ-ਏ-ਮੌਤ, ਇਕ ਨੂੰ ਉਮਰ ਕੈਦ

Tuesday, Nov 20, 2018 - 05:04 PM (IST)

’84 ਦੰਗਾ ਮਾਮਲਾ : ਇਕ ਨੂੰ ਸਜ਼ਾ-ਏ-ਮੌਤ, ਇਕ ਨੂੰ ਉਮਰ ਕੈਦ

ਨਵੀਂ ਦਿੱਲੀ- 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਇਕ ਮਾਮਲੇ ਵਿਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋ ਦੋਸ਼ੀਆਂ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਸਿੰਘ ਨੂੰ ਸਜ਼ਾ ਸੁਣਾ ਦਿੱਤੀ ਹੈ। ਦੋਸ਼ੀ ਯਸ਼ਪਾਲ ਨੂੰ ਸਜ਼ਾ-ਏ-ਮੌਤ ਅਤੇ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੱਸਣਯੋਗ ਹੈ ਕਿ ਇਨ੍ਹਾਂ ਦੋਹਾਂ ਦੋਸ਼ੀਆਂ ’ਤੇ ਦੱਖਣੀ ਦਿੱਲੀ ਦੇ ਪਿੰਡ ਮਹਿਪਾਲਪੁਰ ’ਚ ਦੋ ਸਿੱਖਾਂ ਦਾ ਕਤਲ ਕੀਤੇ ਜਾਣ ਦਾ ਦੋਸ਼ ਹੈ। ਪੀੜਤ ਪੱਖ ਵਲੋਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ।

 

PunjabKesari

ਇਹ ਹੈ ਪੂਰਾ ਮਾਮਲਾ-
1 ਨਵੰਬਰ 1984 ਨੂੰ ਦੱਖਣੀ ਦਿੱਲੀ ਦੇ ਮਹਿਪਾਲਪੁਰ ਪਿੰਡ ’ਚ ਰਹਿਣ ਵਾਲੇ 5 ਭਰਾਵਾਂ ਦੀ ਦੁਕਾਨ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿਚ ਹਰਦੇਵ ਸਿੰਘ, ਅਵਤਾਰ ਸਿੰਘ ਅਤੇ ਸੰਗਤ ਸਿੰਘ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ, ਜਦ ਕਿ ਦੋ ਭਰਾ ਸੰਤੋਖ ਸਿੰਘ ਅਤੇ ਕ੍ਰਿਪਾਲ ਸਿੰਘ ਜ਼ਖਮੀ ਹੋ ਗਏ ਸਨ। ਅੱਗ ’ਚ ਝੁਲਸਣ ਕਾਰਨ ਅਵਤਾਰ ਸਿੰਘ ਅਤੇ ਹਰਦੇਵ ਸਿੰਘ ਦੀ ਮੌਤ ਹੋ ਗਈ ਸੀ, ਜਦਕਿ ਸੰਗਤ ਸਿੰਘ ਜ਼ਖਮੀ ਹੋ ਗਏ ਸਨ। ਮ੍ਰਿਤਕਾਂ ਦੇ ਭਰਾ ਸੰਤੋਖ ਸਿੰਘ ਦੀ ਸ਼ਿਕਾਇਤ ’ਤੇ ਇਹ ਮਾਮਲਾ ਦਰਜ ਕਰਵਾਇਆ ਗਿਆ ਸੀ। ਸਬੂਤਾਂ ਦੀ ਘਾਟ ਕਰ ਕੇ ਦਿੱਲੀ ਪੁਲਸ ਨੇ ਇਸ ਮਾਮਲੇ ਨੂੰ ਸਾਲ 1994 ’ਚ ਬੰਦ ਕਰ ਦਿੱਤਾ ਸੀ, ਜਿਸ ਮਗਰੋਂ ਇਸ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਨੇ ਕੀਤੀ ਅਤੇ ਇਸ ਨੂੰ ਅੰਜਾਮ ਤਕ ਪਹੁੰਚਾਇਆ। ਲੱਗਭਗ 34 ਸਾਲਾਂ ਬਾਅਦ ਦਿੱਲੀ ਦੀ ਪਟਿਆਲਾ ਕੋਰਟ ਨੇ ਦੋ ਦੋਸ਼ੀਆਂ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ।


author

Tanu

Content Editor

Related News