ਪਟਨਾ : ਔਰਤ ਦੇ ਢਿੱਡ ''ਚੋਂ ਕੱਢਿਆ ਗਿਆ 15 ਕਿਲੋਗ੍ਰਾਮ ਦਾ ਟਿਊਮਰ
Saturday, Jul 02, 2022 - 10:12 AM (IST)
ਪਟਨਾ (ਭਾਸ਼ਾ)- ਬਿਹਾਰ ਦੀ ਰਾਜਧਾਨੀ ਪਟਨਾ ਦੇ ਇਕ ਸਰਕਾਰੀ ਹਸਪਤਾਲ 'ਚ ਇਕ ਔਰਤ ਦੇ ਢਿੱਡ ਤੋਂ ਕਰੀਬ 15 ਕਿਲੋਗ੍ਰਾਮ ਭਾਰੀ ਟਿਊਮਰ ਨੂੰ ਆਪਰੇਸ਼ਨ ਕਰ ਕੇ ਕੱਢਿਆ ਗਿਆ ਹੈ। ਹਸਪਤਾਲ 'ਚ ਔਰਤ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਨਾਲੰਦਾ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਇਸਤਰੀ ਅਤੇ ਡਿਲਿਵਰੀ ਰੋਗ ਵਿਭਾਗ ਦੀ ਪ੍ਰੋਫੈਸਰ ਡਾ. ਊਸ਼ਾ ਕੁਮਾਰੀ ਅਨੁਸਾਰ, ਮਹਿਲਾ ਰੋਗੀ ਦੀ ਉਮਰ 40 ਸਾਲ ਹੈ ਅਤੇ ਉਸ ਨੂੰ ਢਿੱਡ 'ਚ ਦਰਦ ਅਤੇ ਸੋਜ ਦੀ ਸ਼ਿਕਾਇਤ ਤੋਂ ਬਾਅਦ ਇਸ ਹਫ਼ਤੇ ਦੀ ਸ਼ੁਰੂਆਤ 'ਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।
ਪ੍ਰੋਫੈਸਰ ਡਾ. ਊਸ਼ਾ ਕੁਮਾਰੀ ਦੀ ਅਗਵਾਈ 'ਚ ਹੀ ਡਾਕਟਰਾਂ ਦੇ ਇਕ ਦਲ ਨੇ ਔਰਤ ਦੀ ਸਰਜਰੀ ਕਰ ਕੇ ਉਸ ਨੂੰ ਢਿੱਡ 'ਚੋਂ ਇਹ ਟਿਊਮਰ ਕੱਢਿਆ ਹੈ। ਊਸ਼ਾ ਕੁਮਾਰੀ ਨੇ ਕਿਹਾ,''ਅਸੀਂ ਆਲਮਗੰਜ ਇਲਾਕੇ ਦੀ ਰਹਿਣ ਵਾਲੀ ਰੂਪਾ ਦੇਵੀ ਦੀ ਜਾਂਚ ਰਿਪੋਰਟ ਦੇਖ ਕੇ ਹੈਰਾਨ ਰਹਿ ਗਏ ਸੀ। ਉਸ ਨੂੰ ਪਿਛਲੇ ਕਈ ਮਹੀਨਿਆਂ ਤੋਂ ਪਰੇਸ਼ਾਨੀ ਸੀ। ਉਹ ਮੰਗਲਵਾਰ ਨੂੰ ਹਸਪਤਾਲ ਆਈ ਸੀ, ਜਿਸ ਤੋਂ ਬਾਅਦ ਉਸ ਦੀ ਜਾਂਚ ਕੀਤੀ ਗਈ ਸੀ।'' ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਸਰਜਰੀ ਤੋਂ ਬਾਅਦ ਔਰਤ ਖ਼ਤਰੇ ਤੋਂ ਬਾਹਰ ਹੈ। ਊਸ਼ਾ ਕੁਮਾਰੀ ਨੇ ਕਿਹਾ,''ਮੇਰੀ ਜਾਣਕਾਰੀ ਅਨੁਸਾਰ ਐੱਨ.ਐੱਮ.ਸੀ.ਐੱਚ. 'ਚ ਸਾਡੇ ਵਿਭਾਗ 'ਚ ਸਰਜਰੀ ਰਾਹੀਂ ਕੱਢਿਆ ਗਿਆ ਟਿਊਮਰ ਹੁਣ ਤੱਕ ਦਾ ਸਭ ਤੋਂ ਵੱਡਾ ਟਿਊਮਰ ਹੈ।''