ਯੂਕ੍ਰੇਨ ’ਚ ਹਿਮਾਚਲ ਦੇ 149 ਵਿਦਿਆਰਥੀ ਫਸੇ, ਹੁਣ ਤਕ 309 ਨੂੰ ਕੱਢਿਆ ਗਿਆ: ਜੈਰਾਮ ਠਾਕੁਰ

Saturday, Mar 05, 2022 - 05:29 PM (IST)

ਯੂਕ੍ਰੇਨ ’ਚ ਹਿਮਾਚਲ ਦੇ 149 ਵਿਦਿਆਰਥੀ ਫਸੇ, ਹੁਣ ਤਕ 309 ਨੂੰ ਕੱਢਿਆ ਗਿਆ: ਜੈਰਾਮ ਠਾਕੁਰ

ਸ਼ਿਮਲਾ (ਭਾਸ਼ਾ)– ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ’ਚ ਕਿਹਾ ਕਿ ਹੁਣ ਤਕ ਜੰਗ ਪ੍ਰਭਾਵਿਤ ਯੂਕ੍ਰੇਨ ਤੋਂ ਸੂਬੇ ਦੇ 309 ਲੋਕਾਂ ਨੂੰ ਕੱਢਿਆ ਜਾ ਚੁੱਕਾ ਹੈ। ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ 149 ਵਿਦਿਆਰਥੀ ਅਜੇ ਵੀ ਉੱਥੇ ਫਸੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਵੀ ਸੂਬੇ ਦੇ ਕਈ ਵਿਦਿਆਰਥੀ ਯੂਕ੍ਰੇਨ ਦੇ ਖਾਰਕੀਵ ਅਤੇ ਸੁਮੀ ’ਚ ਫਸੇ ਹੋਏ ਹਨ। ਉਨ੍ਹਾਂ  ਨੇ ਕਿਹਾ ਕਿ ਖਾਰਕੀਵ  ’ਚੋਂ ਵਿਦਿਆਰਥੀਆਂ ਨੂੰ ਕੱਢਣ ਦੀ ਸ਼ੁਰੂਆਤ ਹੋਣ ਨਾਲ ਕੁਝ ਰਾਹਤ ਮਿਲੀ ਹੈ। ਵਿਦਿਆਰਥੀਆਂ ਨੂੰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਲਈ ਉਡਾਣਾਂ ਦੀ ਗਿਣਤੀ ਵੀ ਵਧਾਈ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਬੀਤੇ 2-3 ਦਿਨਾਂ ’ਚ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ- ਰੋਮਾਨੀਆ, ਹੰਗਰੀ, ਪੋਲੈਂਡ, ਸਲੋਵਾਕੀਆ ਤੋਂ ਵੱਡੀ ਗਿਣਤੀ ’ਚ ਭਾਰਤੀ ਹਵਾਈ ਫ਼ੌਜ ਅਤੇ ਹੋਰ ਜਹਾਜ਼ਾਂ ਜ਼ਰੀਏ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ। ਜੈਰਾਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢਣ ਲਈ ਰੂਸ ਅਤੇ ਯੂਕ੍ਰੇਨ ਦੇ ਰਾਸ਼ਟਰ ਪ੍ਰਧਾਨਾਂ ਨਾਲ ਪਹਿਲਾਂ ਹੀ ਗੱਲ ਕਰ ਚੁੱਕੇ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਫਸੇ ਹੋਏ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਛੇਤੀ ਹੀ ਸੁਰੱਖਿਅਤ ਵਾਪਸ ਲਿਆਂਦਾ ਜਾਵੇਗਾ।


author

Tanu

Content Editor

Related News