ਬਿਲਾਸਪੁਰ ’ਚ ਦੁਨੀਆ ਦੀ ਸਭ ਤੋਂ ਵਡੇਰੀ ਉਮਰ ਦੀ ਬੀਬੀ, ਉਮਰ ਹੈ 130 ਸਾਲ
Sunday, Jan 24, 2021 - 11:40 AM (IST)
ਬਿਲਾਸਪੁਰ— ਗਿਨੀਜ਼ ਬੁਕ ਆਫ਼ ਵਰਲਡ ਰਿਕਾਰਡ ’ਚ ਜਾਪਾਨ ਦੀ 118 ਸਾਲਾ ਕੇਨ ਤਨਾਕਾ ਦਾ ਨਾਂ ਸਭ ਤੋਂ ਬਜ਼ੁਰਗ ਜਿਊਂਦੀ ਬੀਬੀ ਦੇ ਰੂਪ ਵਿਚ ਦਰਜ ਹੈ। ਜਾਪਾਨ ਦੀ ਕੇਨ ਤਨਾਕਾ ਨੂੰ ਟੱਕਰ ਦੇ ਰਹੀ ਹੈ ਹਿਮਾਚਲ ਦੀ ਇਕ ਬੀਬੀ। ਆਧਾਰ ਕਾਰਡ ਵਿਚ ਦਰਜ ਉਨ੍ਹਾਂ ਦੀ ਜਨਮ ਤਾਰੀਖ਼ ਮੁਤਾਬਕ ਬੀਬੀ ਦੀ ਮੌਜੂਦਾ ਉਮਰ 130 ਸਾਲ ਹੈ। ਆਧਾਰ ਕਾਰਡ ਵਿਚ ਇਸ ਬਜ਼ੁਰਗ ਬੀਬੀ ਦੀ ਉਮਰ 130 ਸਾਲ ਹੈ ਅਤੇ ਜਨਮ ਤਾਰੀਖ਼ ਸਾਲ 1890 ਹੈ। ਇਸ ਬੀਬੀ ਦਾ ਨਾਂ ਮੰਸ਼ਾ ਦੇਵੀ ਹੈ।
ਇਕ ਮੀਡੀਆ ਹਾਊਸ ਦੀ ਰਿਪੋਰਟ ਮੁਤਾਬਕ ਬਿਲਾਸਪੁਰ ਦੇ ਘੁਮਾਰਵੀਂ ਦੀ ਰਹਿਣ ਵਾਲੀ ਇਸ ਬੀਬੀ ਦੇ 6 ਬੱਚੇ ਹਨ, ਇਨ੍ਹਾਂ ’ਚੋਂ 2 ਦੀ ਮੌਤ ਹੋ ਚੁੱਕੀ ਹੈ। ਬੀਬੀ ਦੇ ਪਰਿਵਾਰ ’ਚ ਕੋਈ ਜ਼ਿਆਦਾ ਪੜਿ੍ਹਆ-ਲਿਖਿਆ ਵੀ ਨਹੀਂ ਹੈ ਅਤੇ ਇਸ ਦੇ ਚੱਲਦੇ ਉਮਰ ਨੂੰ ਲੈ ਕੇ ਕੋਈ ਜ਼ਿਕਰ ਨਹੀਂ ਕੀਤਾ ਅਤੇ ਨਾ ਹੀ ਪ੍ਰਸ਼ਾਸਨ ਦੀ ਨਜ਼ਰ ਪਈ। ਦੱਸਿਆ ਜਾ ਰਿਹਾ ਹੈ ਕਿ ਬੀਬੀ ਦੇ ਵੱਡੇ ਪੁੱਤਰ ਦੀ ਮੌਤ 81 ਸਾਲ ਦੀ ਉਮਰ ਵਿਚ ਸਾਲ 2004 ਵਿਚ ਹੋਈ ਸੀ। ਉੱਥੇ ਹੀ ਪੁੱਤਰ ਤੋਂ ਢਾਈ ਸਾਲ ਵੱਡੀ ਇਕ ਧੀ ਸੀ, ਜਿਸ ਦੀ ਵੀ ਮੌਤ ਹੋ ਚੁੱਕੀ ਹੈ।
ਓਧਰ ਡੀ. ਸੀ. ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਬੀ ਦੀ ਉਮਰ ਨਾਲ ਜੁੜੇ ਤੱਥਾਂ ਦੀ ਜਾਂਚ ਕਰਵਾਈ ਜਾਵੇਗੀ। ਜੇਕਰ ਜ਼ਿਲ੍ਹੇ ਵਿਚ ਮੰਸ਼ਾ ਦੇਵੀ ਦੀ ਉਮਰ ਸਹੀ ਪਾਈ ਜਾਂਦੀ ਹੈ ਤਾਂ ਉਹ ਗਿਨੀਜ਼ ਬੁਕ ਆਫ਼ ਵਰਲਡ ਰਿਕਾਰਡ ’ਚ ਇਸ ਦਾ ਦਾਅਵਾ ਕਰਨਗੇ।