ਵਿਰੋਧੀ ਧਿਰ ਦੇ ਹੰਕਾਰ ਅਤੇ ਪਾਖੰਡ ਨਾਲ ਸੰਸਦ ਨੂੰ 130 ਕਰੋੜ ਦਾ ਨੁਕਸਾਨ : ਰਵੀਸ਼ੰਕਰ
Friday, Aug 06, 2021 - 11:29 AM (IST)
ਨਵੀਂ ਦਿੱਲੀ– ਭਾਜਪਾ ਨੇ ਸੰਸਦ ਦੀ ਕਾਰਵਾਈ ਨਾ ਚੱਲਣ ਦੇਣ ਲਈ ਵਿਰੋਧੀ ਧਿਰ ਨੂੰ ਕਰਾਰੇ ਹੱਥੀਂ ਲੈਂਦੇ ਹੋਏ ਕਿਹਾ ਕਿ ਹੰਕਾਰ ਅਤੇ ਪਾਖੰਡ ’ਚ ਡੁੱਬੀ ਵਿਰੋਧੀ ਧਿਰ ਦੀ ਮਨਮਾਨੀ ਕਾਰਨ ਸਰਕਾਰੀ ਖਜ਼ਾਨੇ ਨੂੰ 130 ਕਰੋੜ ਰੁਪਏ ਦਾ ਨੁਕਸਾਨ ਤੇ ਲੋਕਤੰਤਰ ਦਾ ਅਪਮਾਨ ਹੋਇਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਦਿਲੋ-ਦਿਮਾਗ ’ਚ ਰਾਸ਼ਟਰੀ ਹਿੱਤਾਂ ਦੀ ਕੋਈ ਜਗ੍ਹਾ ਨਹੀਂ ਹੈ।
ਭਾਜਪਾ ਦੇ ਸੀਨੀਅਰ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਪਾਰਟੀ ਦੇ ਕੇਂਦਰੀ ਦਫਤਰ ’ਚ ਪੱਤਰਕਾਰ ਸੰਮੇਲਨ ’ਚ ਸੰਸਦ ਦੀ ਕਾਰਵਾਈ ਨਾ ਚੱਲਣ ਦੇਣ ਲਈ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ’ਤੇ ਖੂਬ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਕੇਂਦਰ ਦੀ ਭਾਜਪਾ ਸਰਕਾਰ ਦੇ 7 ਸਾਲ ਪੂਰੇ ਹੋ ਚੁੱਕੇ ਹਨ ਪਰ ਹੰਕਾਰ ਅਤੇ ਪਾਖੰਡ ਦੇ ਖਤਰਨਾਕ ਕਾਕਟੇਲ ਨੇ ਭਾਰਤ ਦੀ ਗ੍ਰੈਂਡ ਓਲਡ ਪਾਰਟੀ ਕਾਂਗਰਸ ਨੂੰ ਹੁਣ ਤੱਕ ਨਹੀਂ ਛੱਡਿਆ ਹੈ।1947 ਤੋਂ ਬਾਅਦ ਤੋਂ ਸਭ ਤੋਂ ਲੰਬੇ ਸਮੇਂ ਤੱਕ ਦੇਸ਼ ’ਤੇ ਰਾਜ ਕਰਨ ਦੇ ਬਾਵਜੂਦ ਇਹ ਤ੍ਰਾਸਦੀ ਹੀ ਹੈ ਕਿ ਕਾਂਗਰਸ ਦੇ ਵਿਵਹਾਰ ’ਚ ਸੰਸਦੀ ਲੋਕਾਚਾਰ ਅਤੇ ਕਾਰਵਾਈ ਲਈ ਸਨਮਾਨ ਬਿਲਕੁਲ ਵੀ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਕਾਂਗਰਸ ਇਕ ਸਿਆਸੀ ਪਾਰਟੀ ਦੇ ਮੁਕਾਬਲੇ ਇਕ ਨਿੱਜੀ ਕੰਪਨੀ ਵਾਂਗ ਜ਼ਿਆਦਾ ਕੰਮ ਕਰ ਰਹੀ ਹੈ, ਜਿਸ ਦਾ ਇਕਲੌਤਾ ਮਕਸਦ ਇਕ ਵੰਸ਼ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ।
ਨਹੀਂ ਰੁਕਿਆ ਵਿਰੋਧੀ ਧਿਰ ਦਾ ਹੰਗਾਮਾ, ਸੰਸਦ ਦੀ ਕਾਰਵਾਈ ਰਹੀ ਠੱਪ
ਪੇਗਾਸਸ ਜਾਸੂਸੀ ਮਾਮਲਾ, ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਅਤੇ ਕੁਝ ਹੋਰ ਮੁੱਦਿਆਂ ’ਤੇ ਕਾਂਗਰਸ, ਤ੍ਰਿਣਮੂਲ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਹੰਗਾਮੇ ਦੇ ਕਾਰਨ ਵੀਰਵਾਰ ਨੂੰ ਲੋਕ ਸਭਾ ਦੀ ਕਾਰਵਾਈ 4 ਵਾਰ ਮੁਲਤਵੀ ਹੋਣ ਤੋਂ ਬਾਅਦ ਸ਼ਾਮ 4 ਵਜੇ ਪੂਰੇ ਦਿਨਲਈ ਮੁਲਤਵੀ ਕਰ ਦਿੱਤੀ ਗਈ।
ਅੱਗੇ ਦੀ ਰਣਨੀਤੀ ਲਈ ਵਿਰੋਧੀ ਪਾਰਟੀਆਂ ਦੀ ਬੈਠਕ ਅੱਜ
ਸੰਸਦ ਦੇ ਦੋਵਾਂ ਸਦਨਾਂ ’ਚ ਚੱਲ ਰਹੇ ਅੜਿੱਕੇ ਵਿਚਾਲੇ ਕਾਂਗਰਸ ਅਤੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਨੇਤਾ ਸ਼ੁੱਕਰਵਾਰ ਸਵੇਰੇ ਬੈਠਕ ਕਰਕੇ ਅੱਗੇ ਦੀ ਰਣਨੀਤੀ ਤੈਅ ਕਰਨਗੇ।
ਨਵੀਂ ਦਿੱਲੀ : ਮਾਨਸੂਨ ਅਜਲਾਸ ਦੌਰਾਨ ਲੋਕ ਸਭਾ ’ਚ ਹੰਗਾਮਾ ਕਰਦੇ ਵਿਰੋਧੀ ਪਾਰਟੀਆਂ ਦੇ ਮੈਂਬਰ।