ਸਫ਼ਰ ਦੌਰਾਨ ਮਹਿਲਾ ਯਾਤਰੀਆਂ ਨੂੰ ਮਿਲੇਗੀ ਸਹੂਲਤ, 44 ਸਟੇਸ਼ਨਾਂ ''ਤੇ ਲੱਗਣਗੀਆਂ 120 ਸੈਨੇਟਰੀ ਨੈਪਕਿਨ ਮਸ਼ੀਨਾਂ

Monday, Mar 11, 2024 - 12:21 PM (IST)

ਨੈਸ਼ਨਲ ਡੈਸਕ- ਫਰੀਦਾਬਾਦ, ਗੁਰੂਗ੍ਰਾਮ, ਗਾਜ਼ੀਆਬਾਦ, ਸੋਨੀਪਤ, ਪਾਨੀਪਤ ਸਮੇਤ ਦਿੱਲੀ-ਐੱਨਸੀਆਰ ਦੇ ਰੇਲਵੇ ਸਟੇਸ਼ਨਾਂ ਤੋਂ ਸਫ਼ਰ ਕਰਨ ਵਾਲੀਆਂ ਹਜ਼ਾਰਾਂ ਮਹਿਲਾ ਯਾਤਰੀਆਂ ਲਈ ਖੁਸ਼ਖਬਰੀ ਹੈ। ਯਾਤਰਾ ਦੌਰਾਨ ਉਨ੍ਹਾਂ ਨੂੰ ਆਪਣੇ ਮਾਹਵਾਰੀ ਦੌਰਾਨ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਰੇਲਵੇ ਦਿੱਲੀ ਐੱਨਸੀਆਰ ਦੇ ਸਾਰੇ 44 ਸਟੇਸ਼ਨਾਂ 'ਤੇ 120 ਸੈਨੇਟਰੀ ਨੈਪਕਿਨ ਮਸ਼ੀਨਾਂ ਲਗਾ ਰਿਹਾ ਹੈ। ਇਨ੍ਹਾਂ ਮਸ਼ੀਨਾਂ ਤੋਂ ਮਹਿਲਾ ਯਾਤਰੀਆਂ ਨੂੰ ਮੁਫ਼ਤ ਪੈਡ ਮਿਲਣਗੇ। ਖ਼ਾਸ ਗੱਲ ਇਹ ਹੈ ਕਿ ਇਸ ਪ੍ਰਾਜੈਕਟ ਨੂੰ ਦੇਖ ਰਹੀ ਕੰਪਨੀ ਰੋਜ਼ਾਨਾ ਆਨਲਾਈਨ ਮਸ਼ੀਨਾਂ ਦੀ ਨਿਗਰਾਨੀ ਕਰੇਗੀ। ਜਿੱਥੇ ਵੀ ਮਸ਼ੀਨ ਤੋਂ ਪੈਡ ਖ਼ਤਮ ਹੋਏ ਤੁਰੰਤ ਉਸ ਦੀ ਰੀਫਿਲਿੰਗ ਕੀਤੀ ਜਾਵੇਗੀ। ਮਾਰਚ ਦੇ ਅੰਤ ਤੱਕ ਮਹਿਲਾ ਯਾਤਰੀਆਂ ਲਈ ਇਹ ਸਹੂਲਤ ਸ਼ੁਰੂ ਹੋ ਜਾਵੇਗੀ।

ਗੋਟੂ ਇਨਫੋਟੈਕ ਪ੍ਰਾਈਵੇਟ ਲਿਮਟਿਡ ਦੇ ਕਾਰਜਕਾਰੀ ਮੈਨੇਜਰ ਹਰਮੀਤ ਸਿੰਘ ਨੇ ਦੱਸਿਆ ਕਿ ਇਹ ਮਸ਼ੀਨਾਂ ਇੰਡਸ ਟਾਵਰ ਦੇ ਸਹਿਯੋਗ ਨਾਲ ਇੰਪੈਕਟ ਗਰੁੱਪ ਫਾਊਂਡੇਸ਼ਨ ਵੱਲੋਂ ਸੀਐੱਸਆਰ ਤਹਿਤ ਲਗਾਈਆਂ ਜਾ ਰਹੀਆਂ ਹਨ। ਮੈਨੇਜਰ ਨੇ ਦੱਸਿਆ ਕਿ ਹਰੇਕ ਮਸ਼ੀਨ ਵਿਚ 50 ਸੈਨੇਟਰੀ ਪੈਡ ਉਪਲਬਧ ਹੋਣਗੇ। 25 ਪੀਸ ਖ਼ਤਮ ਹੁੰਦੇ ਹੀ ਕੰਪਨੀ ਕਰਮਚਾਰੀਆਂ ਦੇ ਮੋਬਾਈਲ ਨੰਬਰਾਂ 'ਤੇ ਸੰਦੇਸ਼ ਆਉਣੇ ਸ਼ੁਰੂ ਹੋ ਜਾਣਗੇ। ਇਸ ਤੋਂ ਬਾਅਦ ਇਸ ਨੂੰ ਦੁਬਾਰਾ ਭਰਿਆ ਜਾਵੇਗਾ। ਇਹ ਮਸ਼ੀਨਾਂ ਔਰਤਾਂ ਦੇ ਪਖਾਨਿਆਂ, ਬੁਕਿੰਗ ਕਾਊਂਟਰਾਂ, ਔਰਤਾਂ ਦੇ ਵੇਟਿੰਗ ਰੂਮ ਜਾਂ ਹੋਰ ਸੁਵਿਧਾਜਨਕ ਥਾਵਾਂ 'ਤੇ ਲਗਾਈਆਂ ਜਾ ਰਹੀਆਂ ਹਨ। ਰੇਲਵੇ ਅਧਿਕਾਰੀਆਂ ਮੁਤਾਬਕ ਫਰੀਦਾਬਾਦ-ਪਲਵਲ ਸੈਕਸ਼ਨ, ਗਾਜ਼ੀਆਬਾਦ, ਸੋਨੀਪਤ, ਪਾਨੀਪਤ, ਗੁਰੂਗ੍ਰਾਮ ਆਦਿ ਰੂਟਾਂ 'ਤੇ ਹਰ ਰੋਜ਼ 1 ਤੋਂ 1.25 ਲੱਖ ਔਰਤਾਂ ਵੱਖ-ਵੱਖ ਟਰੇਨਾਂ ਰਾਹੀਂ ਸਫ਼ਰ ਕਰਦੀਆਂ ਹਨ। ਇਨ੍ਹਾਂ ਵਿਚੋਂ 60-62 ਹਜ਼ਾਰ ਤੋਂ ਵੱਧ ਔਰਤਾਂ ਅਤੇ ਕਾਲਜ ਦੀਆਂ ਵਿਦਿਆਰਥਣਾਂ ਹਨ। ਕੋਸੀਕਲਨ, ਰੁੰਧੀ, ਸ਼ੋਲਕਾ ਆਦਿ ਸਟੇਸ਼ਨਾਂ ਤੋਂ ਰੋਜ਼ਾਨਾ ਸਫ਼ਰ ਕਰਨ ਵਾਲੀਆਂ ਮਹਿਲਾ ਯਾਤਰੀਆਂ ਰਮਾ ਦੇਵੀ, ਨਰੇਂਦਰਨੀ, ਨਿਰਮਲਾ, ਸਾਵਿਤਰੀ ਆਦਿ ਦਾ ਕਹਿਣਾ ਹੈ ਕਿ ਰੇਲਵੇ ਦੇ ਇਸ ਕਦਮ ਨਾਲ ਮਹਿਲਾ ਯਾਤਰੀਆਂ ਨੂੰ ਕਾਫ਼ੀ ਸਹੂਲਤ ਮਿਲੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


DIsha

Content Editor

Related News