ਹਿਮਾਚਲ ''ਚ 106 ਸਾਲ ਦੇ ਵੋਟਰ ਨੇ ਪਾਈ ਵੋਟ, ਵੋਟਿੰਗ ਦੇ 2 ਘੰਟਿਆਂ ਬਾਅਦ ਹੋਈ ਮੌਤ
Friday, Nov 04, 2022 - 01:31 PM (IST)
ਹਮੀਰਪੁਰ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਇਕ 106 ਸਾਲਾ ਵੋਟਰ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਅਤੇ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੇ 2 ਘੰਟਿਆਂ ਬਾਅਦ ਸਲਹਨਾ ਪਿੰਡ ਦੇ ਬੀਰੂ ਰਾਮ ਦੀ ਮੌਤ ਹੋ ਗਈ। ਇਕ ਅਧਿਕਾਰਤ ਬੁਲਾਰੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸ਼੍ਰੀ ਬੀਰੂ ਰਾਮ ਨੇ ਵਿਧਾਨ ਸਭਾ ਚੋਣਾਂ ਲਈ ਬਣਾਏ ਗਏ ਮੋਬਾਇਲ ਬੂਥ ਦੇ ਮਾਧਿਅਮ ਨਾਲ ਵੀਰਵਾਰ ਸ਼ਾਮ ਨੂੰ ਵੋਟ ਪਾਈ ਅਤੇ ਸ਼ਾਮ 4.30 ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ।
ਇਹ ਵੀ ਪੜ੍ਹੋ : ਨੀਂਦ ਨੇ ਲੈ ਲਈਆਂ 11 ਜਾਨਾਂ, ਹਾਦਸਾ ਇੰਨਾ ਭਿਆਨਕ ਕਿ ਗੈਸ ਕਟਰ ਨਾਲ ਕੱਢਣੀਆਂ ਪਈਆਂ ਲਾਸ਼ਾਂ
ਸ਼੍ਰੀ ਬੀਰੂ ਰਾਮ ਦੇ ਤਿੰਨ ਪੁੱਤਰ, ਇਕ ਧੀ, ਤਿੰਨ ਪੋਤੇ, 2 ਪੋਤੀਆਂ, 2 ਪੜਪੋਤੀਆਂ ਅਤੇ 5 ਪੜਪੋਤੇ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਹਿਮਾਚਲ 'ਚ ਵੀਰਵਾਰ ਨੂੰ ਪੋਸਟਲ ਬੈਲੇਟ ਰਾਹੀਂ 7800 ਲੋਕਾਂ ਨੇ ਵੋਟ ਪਾਈ, ਜਿਸ ਨਾਲ ਬੈਲਟ ਵੋਟਾਂ ਦੀ ਗਿਣਤੀ 12,893 ਹੋ ਗਈ। ਉੱਥੇ ਹੀ ਫਤਿਹਪੁਰ ਵਿਧਾਨ ਸਭਾ ਖੇਤਰ ਦੇ ਜਗਨੋਲੀ ਪੰਚਾਇਤ ਦੀ ਇਕ ਹੋਰ ਵੋਟਰ ਬੰਟੋ ਦੇਵੀ (106 ਸਾਲ) ਨੇ ਘਰ ਤੋਂ ਵੋਟ ਪੱਤਰ ਰਾਹੀਂ ਵੋਟਿੰਗ ਕੀਤੀ। ਚੋਣ ਵਿਭਾਗ ਦੀ ਟੀਮ ਨੇ ਉਨ੍ਹਾਂ ਦੇ ਘਰ ਜਾ ਕੇ ਗੁਪਤ ਵੋਟਿੰਗ ਦੀ ਪ੍ਰਕਿਰਿਆ ਪੂਰੀ ਕੀਤੀ। ਸ਼੍ਰੀਮਤੀ ਬੰਟੋ ਦੇਵੀ ਨੇ ਲੋਕਤੰਤਰ ਦੇ ਉਤਸਵ 'ਚ ਹਿੱਸਾ ਲੈਣ 'ਚ ਸਮਰੱਥ ਹੋਣ 'ਤੇ ਸੰਤੋਸ਼ ਜ਼ਾਹਰ ਕੀਤਾ। ਉਨ੍ਹਾਂ ਨੇ ਸਾਰੇ ਵੋਟਰਾਂ ਤੋਂ 12 ਨਵੰਬਰ ਨੂੰ ਵੋਟਿੰਗ ਕਰਨ ਦੀ ਵੀ ਅਪੀਲ ਕੀਤੀ। ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਲਈ ਪੋਸਟਲ ਬੈਲੇਟ ਨਾਲ ਵੋਟਿੰਗ ਦੀ ਪ੍ਰਕਿਰਿਆ ਦੇ ਦੂਜੇ ਦਿਨ ਵੀਰਵਾਰ ਨੂੰ 7800 ਵੋਟਰਾਂ ਨੇ ਵੋਟ ਪਾਈ। ਇਨ੍ਹਾਂ 'ਚ 80 ਸਾਲ ਤੋਂ ਵੱਧ ਉਮਰ ਦੇ 6445, 1314 ਦਿਵਿਆਂਗ, 41 ਹੋਰ ਸੇਵਾਵਾਂ ਦੇ ਵੋਟਰ ਸ਼ਾਮਲ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ