ਯੂਕ੍ਰੇਨ ’ਚ ਹਰਿਆਣਾ ਦੇ 1014 ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ, ਅਜੇ ਵੀ ਕਈ ਫਸੇ
Saturday, Mar 05, 2022 - 04:14 PM (IST)
ਚੰਡੀਗੜ੍ਹ– ਰੂਸ ਅਤੇ ਯੂਕ੍ਰੇਨ ਵਿਚਾਲੇ ਚਲ ਰਹੀ ਜੰਗ ਕਾਰਨ ਕਈ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਸਰਕਾਰ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ’ਚ ਲੱਗੀ ਹੋਈ ਹੈ। ਯੂਕ੍ਰੇਨ ’ਚ ਫਸੇ ਆਪਣੇ ਵਿਦਿਆਰਥੀਆਂ ਦੀ ਵਾਪਸੀ ਲਈ ਹਰਿਆਣਾ ਸਰਕਾਰ ਵਲੋਂ ਕੋਸ਼ਿਸ਼ਾਂ ਜਾਰੀ ਹਨ।
ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਕੁੱਲ 1815 ਵਿਦਿਆਰਥੀਆਂ ’ਚੋਂ 1014 ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾ ਚੁੱਕਾ ਹੈ। 599 ਬਾਰਡਰ ਕੋਲ ਪਹੁੰਚ ਚੁੱਕੇ ਹਨ, 59 ਵਿਦਿਆਰਥੀਆਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ। 20 ਰਸਤੇ ’ਚ ਚਲੇ ਹੋਏ ਹਨ ਅਤੇ 123 ਵਿਦਿਆਰਥੀ ਯੂਕ੍ਰੇਨ ’ਚ ਫਸੇ ਹਨ। ਇਹ ਜਾਣਕਾਰੀ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਕੰਪਲੈਕਸ ’ਚ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤੀ। ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਬੇਸ਼ੱਕ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਕੁਝ ਸਮਾਂ ਲੱਗ ਸਕਦਾ ਹੈ ਪਰ ਸਰਕਾਰ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਵਚਨਬੱਧ ਹੈ। ਰੋਜ਼ਾਨਾ ਫਲਾਈਟਸ ਤੋਂ ਪ੍ਰਦੇਸ਼ ਦੇ ਵਿਦਿਆਰਥੀ ਦਿੱਲੀ ਅਤੇ ਮੁੰਬਈ ਪਹੁੰਚ ਰਹੇ ਹਨ। ਹਰਿਆਣਾ ਸਰਕਾਰ ਇਸ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਵਚਨਬੱਧ ਹੈ।
ਦੱਸ ਦੇਈਏ ਕਿ ਰੂਸ ਨੇ ਯੂਕ੍ਰੇਨ ਦੇ ਵੱਖ-ਵੱਖ ਖੇਤਰਾਂ ਡੋਨੇਟਸਕ ਅਤੇ ਲੁਹਾਨਸਕ ਨੂੰ ਸੁਤੰਤਰ ਸੰਸਥਾਵਾਂ ਦੇ ਰੂਪ ’ਚ ਮਾਨਤਾ ਦਿੱਤੀ। ਜਿਸ ਦੇ ਤਿੰਨ ਦਿਨ ਬਾਅਦ ਰੂਸੀ ਫ਼ੌਜ ਨੇ 24 ਫਰਵਰੀ ਨੂੰ ਯੂਕ੍ਰੇਨ ’ਚ ਫੌਜੀ ਕਾਰਵਾਈ ਸ਼ੁਰੂ ਕੀਤੀ। ਹੁਣ ਯੂਕ੍ਰੇਨ ’ਚ ਲਗਾਤਾਰ ਰੂਸੀ ਹਮਲੇ ਹੋ ਰਹੇ ਹਨ। ਹੁਣ ਤੱਕ ਵੱਡੀ ਗਿਣਤੀ ’ਚ ਲੋਕ ਮਾਰੇ ਗਏ ਹਨ।