ਉੱਤਰ ਪ੍ਰਦੇਸ਼ : 1008 ਫੁੱਟਾ ਲੰਬਾ ਤਿਰੰਗਾ ਵਰਲਡ ਵਾਈਡ ਬੁੱਕ ਆਫ਼ ਰਿਕਾਰਡਜ਼ ''ਚ ਦਰਜ
Thursday, Sep 08, 2022 - 02:59 PM (IST)
ਮੈਨਪੁਰੀ (ਵਾਰਤਾ)- ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ 'ਚ ਅੰਮ੍ਰਿਤ ਮਹਾਉਤਸਵ ਦੇ ਅਧੀਨ 10 ਅਗਸਤ ਨੂੰ ਕੱਢੀ ਗਈ ਤਿਰੰਗਾ ਯਾਤਰਾ ਵਿਚ 1008 ਫੁੱਟ ਤਿੰਨ ਇੰਚ ਲੰਬੇ ਤਿਰੰਗੇ ਨੂੰ ਵਰਲਡ ਵਾਈਡ ਬੁੱਕ ਆਫ ਰਿਕਾਰਡਸ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਤਿਰੰਗਾ ਆਨ ਵ੍ਹੀਲਜ਼ ਯਾਤਰਾ ਲਈ ਦਿੱਤਾ ਗਿਆ ਹੈ। ਜ਼ਿਲ੍ਹੇ ਅਤੇ ਸੂਬੇ ਦਾ ਨਾਂਅ ਰੌਸ਼ਨ ਕਰਨ ਲਈ ਉੱਘੇ ਸਿੱਖਿਆ ਸ਼ਾਸਤਰੀ ਅਤੇ ਸੁਦਿਤੀ ਗਲੋਬਲ ਦੇ ਡਾਇਰੈਕਟਰ ਡਾ. ਰਾਮਮੋਹਨ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਚੀਫ਼ ਵ੍ਹਿਪ ਰਾਮਨਰੇਸ਼ ਅਗਨੀਹੋਤਰੀ ਨੇ ਵਿਸ਼ਵ ਰਿਕਾਰਡ ਸਰਟੀਫਿਕੇਟ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਕ ਪ੍ਰੋਗਰਾਮ ਵਿਚ ਸੁਦੀਤੀ ਗਲੋਬਲ ਅਕੈਡਮੀ ਵੱਲੋਂ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੌਰਾਨ ਸਭ ਤੋਂ ਲੰਬਾ ਤਿਰੰਗਾ ਲਹਿਰਾ ਕੇ ਲੋਕਾਂ ਵਿਚ ਦੇਸ਼ ਭਗਤੀ ਅਤੇ ਦੇਸ਼ ਪ੍ਰੇਮ ਦੀ ਲਹਿਰ ਪੈਦਾ ਕੀਤੀ ਗਈ ਸੀ। ਵਿਸ਼ਵ ਰਿਕਾਰਡ 'ਚ ਸ਼ਾਮਲ ਹੋਣ 'ਤੇ ਡਾਕਟਰ ਰਾਮਮੋਹਨ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਮਨ 'ਚ ਹਮੇਸ਼ਾ ਦੇਸ਼ ਲਈ ਕੁਝ ਕਰਨ ਦੀ ਭਾਵਨਾ ਹੈ। ਉਹ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੇ ਆਪਣੇ ਮਿਸ਼ਨ ਵਿਚ ਹਮੇਸ਼ਾ ਲੱਗੇ ਰਹਿੰਦੇ ਹਨ।
ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਹਮੇਸ਼ਾ ਦੇਸ਼ ਦੇ ਲੋਕਾਂ ਪ੍ਰਤੀ ਆਪਣੀ ਸਮਰੱਥਾ ਅਨੁਸਾਰ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਤਿਰੰਗਾ ਆਨ ਵ੍ਹੀਲਜ਼ ਦੀ ਲੰਬਾਈ ਪਹਿਲਾਂ ਦੇ ਕਿਸੇ ਵੀ ਦੇਸ਼ ਦੇ ਫਲੈਗ ਆਨ ਵ੍ਹੀਲਜ਼ ਦੇ ਵਿਸ਼ਵ ਰਿਕਾਰਡ ਨੂੰ ਦੇਖ ਕੇ ਹੀ ਰੱਖੀ ਗਈ, ਤਾਂ ਜੋ ਸਾਡੇ ਦੇਸ਼ ਦੀ ਸ਼ਾਨ ਤਿਰੰਗਾ ਪੂਰੀ ਦੁਨੀਆ 'ਚ ਸਿਰਮੌਰ ਬਣ ਸਕੇ। ਜ਼ਿਲ੍ਹਾ ਮੈਜਿਸਟਰੇਟ ਅਵਿਨਾਸ਼ ਕ੍ਰਿਸ਼ਨ ਸਿੰਘ ਨੇ ਇਸ ਉਪਰਾਲੇ ਵਿਚ ਆਪਣਾ ਪੂਰਨ ਸਹਿਯੋਗ ਦਿੱਤਾ। 10 ਅਗਸਤ ਨੂੰ ਕੱਢੇ ਗਏ 1008 ਫੁੱਟ, 3 ਇੰਚ ਲੰਬੇ ਅਤੇ 8 ਫੁੱਟ ਚੌੜੇ ਤਿਰੰਗੇ ਦੀ ਤਿਰੰਗਾ ਆਨ ਵ੍ਹੀਲਜ਼ ਨੂੰ ਵਿਸ਼ਵ ਰਿਕਾਰਡ ਨਾਲ ਨਵਾਜਿਆ ਗਿਆ। ਉਹ ਇਹ ਐਵਾਰਡ ਪੂਰੇ ਦੇਸ਼ ਨੂੰ ਸਮਰਪਿਤ ਕਰਦੇ ਹਨ।