ਖੁਸ਼ਖਬਰੀ: ਦਸੰਬਰ ਮਹੀਨੇ ''ਚ ਭਾਰਤ ਲਈ ਤਿਆਰ ਹੋ ਜਾਣਗੇ 10 ਕਰੋੜ ਕੋਰੋਨਾ ਵੈਕਸੀਨ ਡੋਜ਼
Saturday, Nov 14, 2020 - 02:40 AM (IST)
ਨਵੀਂ ਦਿੱਲੀ - ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਉਤਪਾਦਕ ਕੰਪਨੀ ਸੀਰਮ ਇੰਸਟੀਟਿਊਟ ਆਫ ਇੰਡੀਆ ਨੇ ਕਿਹਾ ਹੈ ਕਿ ਦਸੰਬਰ ਮਹੀਨੇ ਤੱਕ ਕੋਰੋਨਾ ਵੈਕਸੀਨ ਦੇ 10 ਕਰੋੜ ਡੋਜ਼ ਤਿਆਰ ਹੋ ਜਾਣਗੇ। ਸੀਰਮ ਇੰਸਟੀਟਿਊਟ ਆਕਸਫੋਰਡ ਯੂਨੀਵਰਸਿਟੀ ਦੇ ਵੈਕਸੀਨ ਪ੍ਰੋਜੈਕਟ 'ਚ ਪਾਰਟਨਰ ਹੈ। ਇਸ ਵੈਕਸੀਨ ਨੂੰ ਦਵਾਈ ਕੰਪਨੀ ਐਸਟਰੇਜੇਨੇਕਾ ਆਕਸਫੋਰਡ ਯੂਨੀਵਰਸਿਟੀ ਦੇ ਨਾਲ ਮਿਲ ਕੇ ਤਿਆਰ ਕਰ ਰਹੀ ਹੈ।
ਸ਼ੁਰੂਆਤੀ ਡੋਜ਼ ਭਾਰਤ ਲਈ ਬਣਾਏ ਜਾਣਗੇ
ਸੀਰਮ ਇੰਸਟੀਟਿਊਟ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਕਿਹਾ ਹੈ ਕਿ ਸ਼ੁਰੂਆਤੀ ਉਤਪਾਦਨ ਭਾਰਤ ਲਈ ਹੋਵੇਗਾ। ਬਾਅਦ 'ਚ ਅਗਲੇ ਸਾਲ ਦੀ ਸ਼ੁਰੂਆਤ 'ਚ ਵੈਕਸੀਨ ਨੂੰ ਮਨਜ਼ੂਰੀ ਮਿਲ ਜਾਣ ਤੋਂ ਬਾਅਦ ਹੋਰ ਦੱਖਣੀ ਏਸ਼ੀਆਈ ਦੇਸ਼ਾਂ 'ਚ ਵੀ ਵੈਕਸੀਨ ਡੋਜ਼ ਭੇਜੇ ਜਾਣਗੇ। ਜ਼ਿਕਰਯੋਗ ਹੈ ਕਿ ਸੀਰਮ ਇੰਸਟੀਟਿਊਟ ਵੈਕਸੀਨ ਦੇ ਸੌ ਕਰੋੜ ਡੋਜ਼ ਬਣਾਏਗੀ ਜਿਸ 'ਚ 50 ਕਰੋੜ ਭਾਰਤ ਲਈ ਅਤੇ 50 ਕਰੋੜ ਡੋਜ਼ ਹੋਰ ਦੱਖਣੀ ਏਸ਼ੀਆਈ ਦੇਸ਼ਾਂ ਲਈ ਹੋਣਗੇ। ਸੀਰਮ ਇੰਸਟੀਟਿਊਟ ਹੁਣ ਤੱਕ ਵੈਕਸੀਨ ਦੇ ਚਾਰ ਕਰੋੜ ਡੋਜ਼ ਤਿਆਰ ਕਰ ਚੁੱਕਾ ਹੈ।
ਅਗਲੇ ਸਾਲ ਦੀ ਸ਼ੁਰੂਆਤ 'ਚ ਆ ਸਕਦੀ ਹੈ ਵੈਕਸੀਨ
ਜ਼ਿਕਰਯੋਗ ਹੈ ਕਿ ਇੱਕ ਹਫਤੇ ਪਹਿਲਾਂ ਅਦਾਰ ਪੂਨਾਵਾਲਾ ਨੇ ਕਿਹਾ ਸੀ ਕਿ ਅਗਲੇ ਸਾਲ ਜਨਵਰੀ ਮਹੀਨੇ ਤੱਕ ਕੋਰੋਨਾ ਵੈਕਸੀਨ ਆ ਸਕਦੀ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਸੰਭਾਵਨਾ ਜਤਾਈ ਸੀ ਕਿ ਵੈਕਸੀਨ ਦੀ ਕੀਮਤ ਆਮ ਲੋਕਾਂ ਦੀ ਪਹੁੰਚ 'ਚ ਹੋਵੇਗੀ। ਅਦਾਰ ਪੂਨਾਵਾਲਾ ਨੇ ਕਿਹਾ ਸੀ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਕੋਵਿਡ-19 ਵੈਕਸੀਨ ਲਈ ਐਮਰਜੈਂਸੀ ਲਾਇਸੈਂਸ ਲਈ ਅਪਲਾਈ ਕਰ ਸਕਦਾ ਹੈ, ਜੋ ਯੂਨਾਈਟਿਡ ਕਿੰਗਡਮ 'ਚ ਆਕਸਫੋਰਡ-ਐਸਟਰਾਜੇਨੇਕਾ ਦੇ ਉਮੀਦਵਾਰਾਂ ਦੇ ਪ੍ਰੀਖਣ ਦੇ ਨਤੀਜਿਆਂ 'ਤੇ ਆਧਾਰਿਤ ਹੈ।