ਧੀ ਨਾਲ ਬਲਾਤਕਾਰ ਕਰਨ ਵਾਲੇ ਕਲਯੁਗੀ ਪਿਓ ਨੂੰ ਮਿਲੀ 10 ਸਾਲ ਦੀ ਸਜ਼ਾ

02/17/2018 3:22:53 PM

ਸੋਨੀਪਤ — ਗੋਹਾਨਾ ਖੇਤਰ ਦੀ ਕਾਲੋਨੀ 'ਚ ਰਹਿਣ ਵਾਲੀ 14 ਸਾਲਾਂ ਮਾਸੂਮ ਮਤਰਈ ਧੀ ਨੂੰ ਨਸ਼ੀਲਾ ਪਦਾਰਥ ਖੁਆ ਕੇ 2 ਮਹੀਨੇ ਤੱਕ ਬਲਾਤਕਾਰ ਕਰਨ ਦੇ ਦੋਸ਼ 'ਚ ਮਤਰਏ ਪਿਤਾ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਨੇ ਦੋਸ਼ੀ ਪਿਤਾ ਨੂੰ 10 ਸਾਲ ਦੀ ਕੈਦ ਅਤੇ 11 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਦਿੱਤੀ ਹੈ। ਜ਼ੁਰਮਾਨਾਂ ਨਾ ਦੇ ਸਕਣ ਦੀ ਸਥਿਤੀ 'ਚ ਦੋਸ਼ੀ ਪਿਤਾ ਨੂੰ ਤਿੰਨ ਮਹੀਨੇ ਦੀ ਵਧੀਕ ਸਜ਼ਾ ਭੁਗਤਨੀ ਹੋਵੇਗੀ। ਇਕ ਮਹਿਲਾ ਨੇ 19 ਸਤੰਬਰ 2016 ਨੂੰ ਪੁਲਸ ਨੂੰ ਸ਼ਿਕਾਇਤ ਦੇ ਕੇ ਦੱਸਿਆ ਕਿ ਬਹੁਤ ਸਮਾਂ ਪਹਿਲਾਂ ਉਸਦਾ ਆਪਣੇ ਪਤੀ ਨਾਲ ਤਲਾਕ ਹੋ ਗਿਆ ਸੀ। ਪਹਿਲੇ ਵਿਆਹ ਤੋਂ ਉਸਦੀ ਇਕ ਬੇਟੀ ਹੈ। ਮਹਿਲਾ ਨੇ ਲਗਭਗ 12 ਸਾਲ ਪਹਿਲਾਂ ਕਬੀਰ ਕਾਲੋਨੀ ਦੇ ਰਹਿਣ ਵਾਲੇ ਟਰੱਕ ਡਰਾਈਵਰ ਰਣਬੀਰ ਨਾਲ ਵਿਆਹ ਕਰ ਲਿਆ ਅਤੇ ਆਪਣੀ ਬੇਟੀ ਦੇ ਨਾਲ ਉਸਦੇ ਘਰ ਰਹਿਣ ਲੱਗੀ। ਇਸ ਸਮੇਂ ਮਹਿਲਾ ਦੀ ਬੇਟੀ(14) 9ਵੀਂ ਜਮਾਤ ਵਿਚ ਪੜ੍ਹ ਰਹੀ ਹੈ। ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਰਣਬੀਰ(ਦੂਸਰਾ ਪਤੀ) ਲਗਭਗ 2 ਮਹੀਨੇ ਤੋਂ ਆਪਣੀ ਮਤਰਈ ਨਾਬਾਲਗ ਬੇਟੀ ਨੂੰ ਨਸ਼ੀਲਾ ਪਦਾਰਥ ਖਵਾ ਕੇ ਉਸ ਨਾਲ ਬਲਾਤਕਾਰ ਕਰ ਰਿਹਾ ਹੈ। ਮਹਿਲਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਣਬੀਰ ਟਰੱਕ ਲੈ ਕੇ ਗਿਆ ਤਾਂ ਬੇਟੀ ਨੇ ਸਭ ਕੁਝ ਦੱਸ ਦਿੱਤਾ, ਜਿਸ 'ਤੇ ਮਹਿਲਾ ਨੇ ਪੁਲਸ ਨੂੰ ਸ਼ਿਕਾਇਕ ਦਿੱਤੀ।
ਪੁਲਸ ਨੇ ਇਸ ਮਾਮਲੇ 'ਚ ਦੋਸ਼ੀ ਰਣਬੀਰ ਦੇ ਖਿਲਾਫ ਕੇਸ ਦਰਜ ਕਰਕੇ ਦੋਸ਼ੀ ਨੂੰ ਕਾਬੂ ਕਰਕੇ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਸਨੂੰ ਜੇਲ ਭੇਜ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਮਾਮਲੇ ਦੀ ਸੁਣਵਾਈ ਕਰਦੇ ਹੋਏ ਵਧੀਕ ਜ਼ਿਲਾ ਅਤੇ ਜੱਜ ਸੁਨੀਤਾ ਗਰੋਵਰ ਦੀ ਅਦਾਲਤ ਨੇ ਦੋਸ਼ੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਦੋਸ਼ੀ 'ਤੇ ਧਾਰਾ-376(2) 'ਚ 10 ਸਾਲ ਕੈਦ ਅਤੇ 10 ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ ਹੈ। ਅਦਾਲਤ ਨੇ ਧਾਰਾ 506 ਦੇ ਤਹਿਤ ਦੋਸ਼ੀ ਨੂੰ 1 ਸਾਲ ਦੀ ਕੈਦ ਅਤੇ ਇਕ ਹਜ਼ਾਰ ਰੁਪਏ ਜ਼ੁਰਮਾਨਾਂ ਲਗਾਇਆ ਹੈ।


Related News