ਅਹਿਮਦਾਬਾਦ ''ਚੋਂ ਮਿਲੇ 10 ਦੇਸੀ ਜਿੰਦਾ ਬੰਬ, ਇਲਾਕੇ ''ਚ ਦਹਿਸ਼ਤ ਦਾ ਮਾਹੌਲ

Saturday, Oct 07, 2017 - 09:44 PM (IST)

ਅਹਿਮਦਾਬਾਦ— ਸ਼ਹਿਰ ਦੇ ਦਰਿਆਪੁਰ ਇਲਾਕੇ 'ਚ 10 ਜਿੰਦਾ ਦੇਸੀ ਬੰਬ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਹ ਬੰਬ ਦਰਿਆਪੁਰ ਇਲਾਕੇ ਦੇ ਤੰਬੂ ਚੌਕੀ ਨੇੜੇ ਇਕ ਕੂੜੇ ਦੇ ਢੇਰ ਕੋਲੋਂ ਬਰਾਮਦ ਹੋਏ। ਅਚਾਨਕ ਕੂੜੇ ਦੇ ਢੇਰ ਤੋਂ ਮਿਲੇ ਇਨ੍ਹਾਂ ਬੰਬਾਂ ਨੇ ਸੁਰੱਖਿਆ ਏਜੰਸੀਆਂ ਦੀ  ਚਿੰਤਾ ਵੀ ਵਧਾ ਦਿੱਤੀ।
ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਦੇਸੀ ਤੰਬਾਕੂ ਦੇ ਡੱਬੇ 'ਚੋਂ ਇਹ ਵਿਸਫੋਟਕ ਮਿਲੇ। ਇਹ ਵਿਸਫੋਟਕ ਪਟਾਕੇ ਬਣਾਉਣ 'ਚ ਇਸਤੇਮਾਲ ਹੁੰਦਾ ਹੈ। ਅਹਿਮਦਾਬਾਦ ਦੇ ਜਿਸ ਦਰਿਆਪੁਰ ਇਲਾਕੇ 'ਚ ਇਹ ਵਿਸਫੋਟਕ ਬਰਾਮਦ ਹੋਇਆ ਹੈ, ਉਹ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਜਰਾਤ ਦੌਰੇ ਦੇ ਸਮੇਂ ਅਹਿਮਦਾਬਾਦ ਤੋਂ ਇੰਨੀ ਗਿਣਤੀ 'ਚ ਜਿੰਦਾ ਬੰਬ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੀ ਅਲਰਟ ਹੋ ਗਈਆਂ ਹਨ। ਸ਼ਨੀਵਾਰ ਨੂੰ ਜਦੋਂ ਪੁਲਸ ਨੂੰ ਇਹ ਵਿਸਫੋਟਕ ਮਿਲੇ ਤਾਂ ਪੁਲਸ ਨੇ ਐਫ. ਐਸ. ਐਲ. ਅਤੇ ਬੰਬ ਸਕੂਐਡ ਦੇ ਨਾਲ ਜਾਂਚ ਸ਼ੁਰੂ ਕੀਤੀ। ਪੁਲਸ ਮੁਤਾਬਕ ਇਹ ਵਿਸਫੋਟਕ ਦੀਵਾਲੀ ਤੋਂ ਪਹਿਲਾਂ ਇਲਾਕੇ 'ਚ ਦਹਿਸ਼ਤ ਫੈਲਾਉਣ ਲਈ ਸੁੱਟੇ ਗਏ ਸਨ। ਹਾਲਾਂਕਿ ਇਨ੍ਹਾਂ ਬੰਬਾਂ ਦੀ ਵਿਸਫੋਟਕ ਸਮਰੱਥਾ ਇੰਨੀ ਜ਼ਿਆਦਾ ਨਹੀਂ ਹੈ ਕਿ ਇਨ੍ਹਾਂ ਦੇ ਧਮਾਕੇ ਨਾਲ ਲੋਕਾਂ ਦੀ ਜਾਨ ਚਲੀ ਜਾਵੇ।
 


Related News