ਸ਼ੱਕ ਦੇ ਆਧਾਰ ’ਤੇ 3 ਲੜਕਿਆਂ ਨੂੰ ਪੁਲਸ ਨੇ ਕੀਤਾ ਕਾਬੂ

Wednesday, Dec 18, 2024 - 05:52 PM (IST)

ਮੋਗਾ (ਆਜ਼ਾਦ) : ਮੋਗਾ ਪੁਲਸ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸ਼ੱਕ ਦੇ ਆਧਾਰ ’ਤੇ 3 ਲੜਕਿਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਥਾਣਾ ਮਹਿਣਾ ਦੇ ਮੁੱਖ ਅਫਸਰ ਇੰਸਪੈਕਟਰ ਇਕਬਾਲ ਹੁਸੈਨ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰਦੇ ਹੋਏ ਬੁੱਘੀਪੁਰਾ ਚੌਕ ਕੋਲ ਪੁੱਜੇ ਤਾਂ ਸ਼ੱਕੀ ਹਾਲਤ ਵਿਚ ਘੁੰਮਦੇ ਤਿੰਨ ਲੜਕਿਆਂ ਨੂੰ ਵੇਖਿਆ। ਇਸ ਦੌਰਾਨ ਜਦੋਂ ਉਹ ਭੱਜਣ ਲੱਗੇ ਤਾਂ ਪੁਲਸ ਨੇ ਕਾਬੂ ਕਰ ਲਿਆ ਪਰ ਉਨ੍ਹਾਂ ਨੇ ਆਪਣਾ ਨਾਂ ਅਤੇ ਪਤਾ ਗਲਤ ਦੱਸਿਆ।

ਇਸ ’ਤੇ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਲਿਆਂਦਾ ਤਾਂ ਉਨ੍ਹਾਂ ਨੇ ਆਪਣਾ ਨਾਮ ਬਲਦੇਵ ਸਿੰਘ ਉਰਫ ਦੇਬੀ ਨਿਵਾਸੀ ਬੁੱਗੀਪੁਰਾ, ਗੁਰਮੀਤ ਸਿੰਘ ਨਿਵਾਸੀ ਮਿੱਲਰ ਗੰਜ ਲੁਧਿਆਣਾ, ਗੋਕਲ ਸਿੰਘ ਨਿਵਾਸੀ ਪਿੰਡ ਬੁੱਟਰ ਦੱਸਿਆ। ਪੁਲਸ ਨੇ ਉਕਤ ਲੜਕਿਆਂ ਖ਼ਿਲਾਫ਼ ਦੇਰ ਰਾਤ ਘੁੰਮਣਾ ਅਤੇ ਪੁਲਸ ਕਰਮਚਾਰੀਆਂ ਤੋਂ ਆਪਣੀ ਪਛਾਣ ਲੁਕਾਉਣ ਦੇ ਦੋਸ਼ਾਂ ਤਹਿਤ ਰਿਪੋਰਟ ਦਰਜ ਕੀਤੀ ਹੈ, ਜਿਨ੍ਹਾਂ ਨੂੰ ਪੁੱਛਗਿੱਛ ਤੋਂ ਬਾਅਦ ਐੱਸ. ਡੀ. ਐੱਮ. ਮੋਗਾ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


Gurminder Singh

Content Editor

Related News