ਨਗਰ ਕੌਂਸਲ ਚੋਣਾਂ : ਹਾਈਕੋਰਟ ਨੇ 16 ਨੂੰ ਤਲਬ ਕੀਤੇ ਅਧਿਕਾਰੀ
Saturday, Dec 14, 2024 - 12:29 PM (IST)
ਮੋਗਾ (ਕਸ਼ਿਸ਼ ਸਿੰਗਲਾ, ਅਜੇ ਅਗਰਵਾਲ) : ਬਾਘਾਪੁਰਾਣਾ ਨਗਰ ਕੌਂਸਲ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਚੋਣ ਕਮਿਸ਼ਨ ਵੱਲੋਂ 9 ਤੋਂ 12 ਦਸੰਬਰ ਤੱਕ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਤਾਰੀਖ ਮਿਥੀ ਸੀ। ਅਧਿਕਾਰੀਆਂ ਵੱਲੋਂ ਵਿਰੋਧੀ ਪਾਰਟੀਆਂ ਨੂੰ ਨਾਮਜ਼ਦਗੀ ਪੇਪਰ ਦਾਖਲ ਨਾ ਕਰਨ ਦਿੱਤੇ ਜਾਣ ਦੇ ਦੋਸ਼ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਪਾਰਟੀਆ ਨੇ ਰੋਸ ਪ੍ਰਗਟ ਕੀਤਾ ਅਤੇ ਸਰਕਾਰ ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ ਤਿੰਨ ਦੇ ਉਮੀਦਵਾਰ ਕੁਲਵਿੰਦਰ ਸਿੰਘ ਅਤੇ ਹੋਰਨਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ ਮਾਨਯੋਗ ਹਾਈਕੋਰਟ ਵਿਚ ਇਨਸਾਫ਼ ਲਈ ਇਕ ਪਟੀਸ਼ਨ 13-12-24 ਨੂੰ ਐਡਵੋਕੇਟ ਲੁਪੀਲ ਗੁਪਤਾ ਰਾਹੀ ਦਾਇਰ ਕੀਤੀ ਗਈ।
ਇਸ ਪਟੀਸ਼ਨ ਦੀ ਸੁਣਵਾਈ ਕਰਦਿਆਂ ਚੋਣ ਕਰਵਾਉਣ ਵਾਲੇ ਅਮਲੇ ਨੂੰ ਹੁਕਮਾਂ ਅਨੁਸਾਰ, ਇਹ ਅਧਿਕਾਰੀ 16 ਦਸੰਬਰ ਸੋਮਵਾਰ, ਸਵੇਰੇ 10 ਵਜੇ ਪੰਜਾਬ ਹਰਿਆਣਾ ਹਾਈਕੋਰਟ ਡਬਲ ਬੈਂਚ ਦੇ ਸਾਹਮਣੇ ਪੇਸ਼ ਹੋਣਗੇ। ਹਾਈਕੋਰਟ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਕਾਇਮ ਰੱਖਣ ਲਈ ਅਧਿਕਾਰੀਆਂ ਦੀ ਨਿਰਪੱਖਤਾ ਬਹੁਤ ਜ਼ਰੂਰੀ ਹੈ।