ਮੋਗਾ ਪੁਲਸ ਹੱਥ ਲੱਗੀ ਵੱਡੀ ਸਫਲਤਾ, ਅਫੀਮ ਸਮੇਤ 5 ਸਮੱਗਲਰ ਕੀਤੇ ਕਾਬੂ
Friday, Dec 06, 2024 - 01:02 AM (IST)
ਮੋਗਾ, (ਕਸ਼ਿਸ਼/ਆਜ਼ਾਦ)- ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਗਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਡੇਢ ਕਿਲੋ ਲੱਖਾਂ ਰੁਪਏ ਦੀ ਅਫੀਮ ਬਰਾਮਦ, 5 ਸਮੱਗਲਰਾਂ ਨੂੰ ਉਨ੍ਹਾਂ ਦੇ ਵਾਹਨ ਸਮੇਤ ਗ੍ਰਿਫਤਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਕਪਤਾਨ ਅਜੇ ਗਾਂਧੀ ਨੇ ਦੱਸਿਆ ਕਿ ਜਦੋਂ ਐੱਸ. ਪੀ. ਐੱਚ. ਗੁਰਸ਼ਰਨਜੀਤ ਸਿੰਘ, ਡੀ. ਐੱਸ. ਪੀ. ਆਈ. ਲਵਦੀਪ ਸਿੰਘ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ ਮੋਗਾ ਦੇ ਇੰਚਾਰਜ ਦਲਜੀਤ ਸਿੰਘ ਅਤੇ ਸਹਾਇਕ ਐੱਸ. ਐੱਚ. ਓ. ਜਰਨੈਲ ਸਿੰਘ ਨੇ 5 ਸਮੱਗਲਰਾਂ ਨੂੰ ਉਨ੍ਹਾਂ ਦੀ ਕਾਰ ਸਮੇਤ ਕਾਬੂ ਕਰ ਕੇ ਡੇਢ ਕਿੱਲੋ ਅਫੀਮ ਬਰਾਮਦ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਆਈ. ਲਵਦੀਪ ਸਿੰਘ ਨੇ ਦੱਸਿਆ ਕਿ ਜਦੋਂ ਸੀ. ਆਈ. ਏ. ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਮੇਨ ਜੀ. ਟੀ. ਰੋਡ ਲੁਧਿਆਣਾ ਨੂੰ ਜਦੋਂ ਗੁਪਤ ਸੂਤਰਾਂ ਤੋਂ ਸੂਚਨਾ ਮਿਲੀ ਕਿ ਤ੍ਰਿਲੋਕ ਸਿੰਘ, ਪਾਲਾ ਸਿੰਘ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਸਾਰੇ ਵਾਸੀ ਚੱਕਾ ਹੀਰਾ ਸਿੰਘ ਵਾਲਾ, ਰਾਜਸਥਾਨ, ਜਗਨਦੀਪ ਸਿੰਘ ਅਤੇ ਸਵਰਨ ਸਿੰਘ ਦੋਵੇਂ ਵਾਸੀ ਪਿੰਡ ਹੁਸਨਰ ਸ੍ਰੀ ਮੁਕਤਸਰ ਸਾਹਿਬ ਰਾਜਸਥਾਨ ਨੂੰ ਲੈ ਕੇ ਆ ਰਹੇ ਹਨ।
ਉਹ ਰਾਜਸਥਾਨ ਤੋਂ ਪੰਜਾਬ ਨੂੰ ਅਫੀਮ ਸਪਲਾਈ ਕਰਨ ਦਾ ਧੰਦਾ ਕਰਦਾ ਹੈ ਅਤੇ ਅੱਜ ਵੀ ਉਹ ਆਪਣੀ ਕਾਰ ਸਮੇਤ ਸੇਮਨਾਲਾ ਲਿੰਕ ਰੋਡ ਪਿੰਡ ਚੁਗਾਵਾਂ ਕੋਲ ਪਲੇਟਫਾਰਮ ’ਤੇ ਖੜ੍ਹੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਉਹ ਅਫੀਮ ਸਮੇਤ ਫੜੇ ਜਾ ਸਕਦੇ ਹਨ, ਜਿਸ ’ਤੇ ਪੁਲਸ ਪਾਰਟੀ ਨੇ ਛਾਪਾ ਮਾਰ ਕੇ ਸਾਰੇ ਕਥਿਤ ਸਮੱਗਲਰਾਂ ਨੂੰ ਕਾਬੂ ਕਰ ਲਿਆ ਅਤੇ ਤਲਾਸ਼ੀ ਲੈਣ ’ਤੇ ਉਨ੍ਹਾਂ ਦੀ ਕਾਰ ’ਚੋਂ ਡੇਢ ਕਿਲੋ ਅਫੀਮ ਬਰਾਮਦ ਹੋਈ। ਇਸ ਸਬੰਧੀ ਥਾਣਾ ਮਹਿਣਾ ਪੁਲੀਸ ਵੱਲੋਂ ਕਥਿਤ ਸਮੱਗਲਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸੀ. ਆਈ. ਏ. ਥਾਣਾ ਇੰਚਾਰਜ ਦਲਜੀਤ ਸਿੰਘ ਤੋਂ ਪੁੱਛਗਿੱਛ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਕਤ ਸਾਰੇ ਕਥਿਤ ਸਮੱਗਲਰਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਉਹ ਉਕਤ ਅਫੀਮ ਲਿਆ ਕੇ ਪੰਜਾਬ ’ਚ ਵੇਚਣ ਦਾ ਧੰਦਾ ਕਿੰਨੇ ਸਮੇਂ ਤੋਂ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਪੁਲਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਕਤ ਅਫੀਮ ਕਿਸ ਨੂੰ ਸਪਲਾਈ ਕਰਨ ਲਈ ਆ ਰਹੀ ਸੀ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪੰਜਾਬ ਤੋਂ ਦੋਵੇਂ ਨੌਜਵਾਨ ਰਾਜਸਥਾਨ ਗਏ ਹੋਏ ਸਨ, ਉੱਥੇ ਉਨ੍ਹਾਂ ਦੀ ਕਥਿਤ ਸਮੱਗਲਰਾਂ ਨਾਲ ਦੋਸਤੀ ਹੋ ਗਈ ਸੀ, ਪਰ ਫਿਰ ਵੀ ਅਸੀਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਾਂ ਅਤੇ ਅੱਜ ਪੁੱਛਗਿੱਛ ਤੋਂ ਬਾਅਦ ਇਨ੍ਹਾਂ ਨੂੰ ਥਾਣਾ ਸਦਰ ਵਿਖੇ ਭੇਜ ਦਿੱਤਾ ਜਾਵੇਗਾ। ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜਗਨਦੀਪ ਸਿੰਘ ਖਿਲਾਫ ਥਾਣਾ ਕਬਰਵਾਲਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦਕਿ ਬਾਕੀ ਕਥਿਤ ਦੋਸ਼ੀਆਂ ਖਿਲਾਫ ਕੋਈ ਮਾਮਲਾ ਦਰਜ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ। ਇਸ ਮਾਮਲੇ ਦੀ ਅਗੇਤੀ ਜਾਂਚ ਸਹਾਇਕ ਥਾਣੇਦਾਰ ਜਰਨੈਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ।