ਖਿਡੌਣਾ ਪਿਸਤੌਲ ਦੀ ਨੋਕ ’ਤੇ ਦੁਕਾਨਦਾਰ ਨੂੰ ਲੁੱਟਣ ਦਾ ਯਤਨ ਕਰਨ ਵਾਲਾ ਇਕ ਕਾਬੂ
Monday, Dec 16, 2024 - 01:39 PM (IST)
ਮੋਗਾ (ਆਜ਼ਾਦ) : ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਬਾਘਾ ਪੁਰਾਣਾ ਪੁਲਸ ਨੇ ਕਰਿਆਨਾ ਦੁਕਾਨਦਾਰ ਨੂੰ ਪਿਸਤੌਲ ਦੀ ਨੋਕ ’ਤੇ ਲੁੱਟਣ ਦਾ ਯਤਨ ਕਰਨ ਵਾਲੇ ਦੋ ਲੁਟੇਰਿਆਂ ਵਿਚੋਂ ਇਕ ਨੂੰ ਕਾਬੂ ਕਰਕੇ ਉਸ ਕੋਲੋਂ ਖੋਹੀ ਗਈ ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਬੀਤੀ 12 ਦਸੰਬਰ ਨੂੰ ਚੰਨੂੰਵਾਲਾ ਰੋਡ ਬਾਘਾ ਪੁਰਾਣਾ ਨਿਵਾਸੀ ਦੁਕਾਨਦਾਰ ਮਦਨ ਮੋਹਨ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਦੋ ਨੌਜਵਾਨ ਉਸਦੀ ਦੁਕਾਨ ਅੰਦਰ ਆਏ ਅਤੇ ਪਿਸਤੌਲ ਦੀ ਨੋਕ ’ਤੇ ਲੁੱਟਣ ਦਾ ਯਤਨ ਕੀਤਾ ਅਤੇ ਜਬਰੀ ਪੈਸੇ ਮੰਗਣ ਲੱਗੇ, ਜਿਸ ’ਤੇ ਮੈਂ ਉਨ੍ਹਾਂ ਦਾ ਮੁਕਾਬਲਾ ਵੀ ਕੀਤਾ ਅਤੇ ਰੋਲਾ ਵੀ ਪਾਇਆ, ਪਰ ਫਰਾਰ ਹੋ ਗਏ। ਕਥਿਤ ਲੁਟੇਰੇ ਮੇਰਾ ਬੈਗ ਖੋਹ ਕੇ ਲੈ ਗਏ, ਜਿਸ ਵਿਚ ਨਕਦੀ ਅਤੇ ਜ਼ਰੂਰੀ ਕਾਗਜ਼ਾਤ ਸਨ।
ਉਸ ਨੇ ਕਿਹਾ ਕਿ ਮੈਂ ਆਪਣੇ ਤੌਰ ’ਤੇ ਲੁਟੇਰਿਆਂ ਦਾ ਸੁਰਾਗ ਲਾਉਣ ਦਾ ਯਤਨ ਕੀਤਾ ਅਤੇ ਪੁਲਸ ਨੂੰ ਜਾਣਕਾਰੀ ਦਿੱਤੀ। ਜ਼ਿਲ੍ਹਾ ਪੁਲਸ ਮੁਖੀ ਨੇ ਕਿਹਾ ਕਿ ਲੁਟੇਰਿਆਂ ਨੂੰ ਕਾਬੂ ਕਰਨ ਲਈ ਡੀ. ਐੱਸ. ਪੀ. ਬਾਘਾ ਪੁਰਾਣਾ ਦਲਬੀਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ, ਜਿਨ੍ਹਾਂ ਨੇ ਆਸ-ਪਾਸ ਦੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਅਤੇ ਲੁਟੇਰਿਆਂ ਦਾ ਸੁਰਾਗ ਲਾਇਆ, ਜਿਨ੍ਹਾਂ ਦੇ ਨਾਂ ਹਰਮਿੰਦਰ ਸਿੰਘ ਉਰਫ ਹੈਪੀ ਨਿਵਾਸੀ ਬਾਘਾ ਪੁਰਾਣਾ ਅਤੇ ਜਾਨੂੰ ਨੂੰ ਨਾਮਜ਼ਦ ਕੀਤਾ ਕਰ ਕੇ ਕੇਵਲ ਕ੍ਰਿਸ਼ਨ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ।
ਥਾਣਾ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਹਰਮਿੰਦਰ ਸਿੰਘ ਉਰਫ ਹੈਪੀ ਨੂੰ ਕਾਬੂ ਕਰ ਲਿਆ ਗਿਆ ਹੈ, ਜਿਸ ਕੋਲੋਂ ਖੋਹੇ ਗਏ ਇਕ ਹਜ਼ਾਰ ਰੁਪਏ ਨਕਦ ਬਰਾਮਦ ਕਰ ਲਏ ਗਏ, ਜਦਕਿ ਉਸ ਦੇ ਸਾਥੀ ਜਾਨੂੰ ਨਿਵਾਸੀ ਬਾਘਾ ਪੁਰਾਣਾ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਕਿਹਾ ਕਿ ਉਕਤ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਵੱਲੋਂ ਕੀਤੀ ਜਾਰ ਹੈ, ਜਿਨ੍ਹਾਂ ਅੱਜ ਕਾਬੂ ਕੀਤੇ ਗਏ ਕਥਿਤ ਮੁਲਜ਼ਮ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜਣ ਦਾ ਆਦੇਸ਼ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਹਰਮਿੰਦਰ ਸਿੰਘ ਉਰਫ ਹੈਪੀ ਖ਼ਿਲਾਫ਼ ਪਹਿਲਾਂ ਵੀ ਥਾਣਾ ਬਾਘਾ ਪੁਰਾਣਾ ਵਿਚ ਮਾਮਲਾ ਦਰਜ ਹੈ।