ਨਸ਼ਾ ਛੁਡਾਊ ਕੇਂਦਰ ’ਚ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਦੋ ਕਾਬੂ
Monday, Dec 09, 2024 - 05:10 PM (IST)
ਮੋਗਾ (ਆਜ਼ਾਦ) : ਜ਼ਿਲ੍ਹਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਬੀਤੀ 28 ਨਵੰਬਰ ਨੂੰ ਥਾਣਾ ਕੋਟ ਈਸੇ ਖਾਂ ਅਧੀਨ ਪੈਂਦੇ ਪਿੰਡ ਚੀਮਾ ਵਿਚ ਸਥਿਤ ਨਸ਼ਾ ਛੁਡਾਊ ਕੇਂਦਰ ਆਸ ਦੀ ਕਿਰਨ ਫਾਊਂਡੇਸ਼ਨ ਵਿਚ ਨਸ਼ਾ ਛੱਡਣ ਆਏ ਨੌਜਵਾਨ ਦੀ ਹੋਈ ਮੌਤ ਦੇ ਸਬੰਧ ਵਿਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡੀ.ਐੱਸ.ਪੀ ਧਰਮਕੋਟ ਰਮਨਦੀਪ ਸਿੰਘ ਅਤੇ ਥਾਣਾ ਕੋਟ ਈਸੇ ਖਾਂ ਦੀ ਮੁੱਖ ਅਫਸਰ ਸੁਨੀਤਾ ਰਾਣੀ ਵੱਲੋਂ ਉਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਨਸ਼ਾ ਛੁਡਾਊ ਕੇਂਦਰ ਵਿਚ ਕਰਮਜੀਤ ਸਿੰਘ ਨਿਵਾਸੀ ਜਗਰਾਉਂ ਇਲਾਜ ਲਈ ਦਾਖਲ ਹੋਇਆ ਸੀ, ਜਿਸ ਦੀ ਮੌਤ ਦੇ ਸਬੰਧ ਵਿਚ ਉਸ ਦੇ ਮਾਮਾ ਤ੍ਰਿਲੋਚਨ ਸਿੰਘ ਨੇ ਦੋਸ਼ ਲਗਾਇਆ ਸੀ ਕਿ ਉਸਦੇ ਭਾਣਜੇ ਦੀ ਸੰਚਾਲਕਾਂ ਵਲੋਂ ਕੀਤੀ ਗਈ ਕੁੱਟਮਾਰ ਕਾਰਣ ਹੱਤਿਆ ਹੋਈ ਹੈ।
ਇਸ ਸਬੰਧ ਵਿਚ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਮਾਮਲੇ ਵਿਚ ਕਈ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਨਾਮਜ਼ਦ ਦੋ ਮੁਲਜ਼ਮਾਂ ਅਮਨਪ੍ਰੀਤ ਸਿੰਘ ਉਰਫ ਬਲਵਿੰਦਰ ਸਿੰਘ ਨਿਵਾਸੀ ਕੋਕਰੀ ਕਲਾਂ ਅਤੇ ਅੰਕਿਤ ਨਾਗਪਾਲ ਉਰਫ ਸੰਜੂ ਨਿਵਾਸੀ ਮੁੱਦਕੀ ਨੂੰ ਵੀ ਕਾਬੂ ਕੀਤਾ ਗਿਆ ਹੈ। ਥਾਣਾ ਮੁਖੀ ਸੁਨੀਤਾ ਰਾਣੀ ਨੇ ਦੱਸਿਆ ਕਿ ਉਕਤ ਮਾਮਲੇ ਵਿਚ 3 ਵਿਅਕਤੀਆਂ ਦਲਜੀਤ ਸਿੰਘ ਨਿਵਾਸੀ ਸ਼ੇਰਪੁਰ ਤਖ਼ਤੂਵਾਲਾ, ਅਮਨਪ੍ਰੀਤ ਸਿੰਘ ਉਰਫ ਨਿੱਕੂ ਨਿਵਾਸੀ ਕੋਕਰੀ ਕਲਾਂ ਅਤੇ ਅੰਕਿਤ ਨਾਗਪਾਲ ਉਰਫ਼ ਸੰਜੂ ਖ਼ਿਲਾਫ਼ 28 ਨਵੰਬਰ 2024 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਮਾਮਲੇ ਵਿਚ ਨਾਮਜ਼ਦ ਮੁਲਜ਼ਮ ਦਲਜੀਤ ਸਿੰਘ ਅਤੇ ਕੁਲਦੀਪ ਸਿੰਘ ਨੂੰ 3 ਦਸੰਬਰ ਨੂੰ ਕਾਬੂ ਕੀਤਾ ਗਿਆ ਸੀ। ਹੁਣ ਪੁਲਸ ਨੇ ਦੋ ਹੋਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।