ਵਾਰਦਾਤ ਦੀ ਸਾਜ਼ਿਸ਼ ਰਚ ਰਹੇ 5 ਨੌਜਵਾਨ ਅਸਲੇ ਸਣੇ ਕਾਬੂ
Wednesday, Dec 04, 2024 - 09:27 PM (IST)
ਮੋਗਾ (ਆਜ਼ਾਦ, ਕਸ਼ਿਸ਼) - ਜ਼ਿਲ੍ਹਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਗਲਤ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਗਾ ਪੁਲਸ ਨੇ ਕਿਸੇ ਵਾਰਦਾਤ ਦੀ ਸਾਜ਼ਿਸ਼ ਰਚ ਰਹੇ 5 ਨੌਜਵਾਨਾਂ ਨੂੰ ਅਸਲੇ ਸਮੇਤ ਕਾਬੂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜਦ ਡੀ. ਐੱਸ. ਪੀ. ਸਿਟੀ ਰਵਿੰਦਰ ਸਿੰਘ ਅਤੇ ਡੀ. ਐੱਸ. ਪੀ. ਐੱਚ. ਜ਼ੋਰਾ ਸਿੰਘ ਦੀ ਅਗਵਾਈ ਵਿਚ ਥਾਣਾ ਸਦਰ ਮੋਗਾ ਦੇ ਇੰਚਾਰਜ ਗੁਰਸੇਵਕ ਸਿੰਘ ਅਤੇ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਪੁਲਸ ਪਾਰਟੀ ਸਮੇਤ ਲਿੰਕ ਰੋਡ ਘੱਲ ਕਲਾਂ ਤੋਂ ਬੁੱਕਣ ਵਾਲਾ ਪੁਲ ਸੂਆ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਕੁਝ ਨੌਜਵਾਨ ਜੋ ਅਸਲੇ ਨਾਲ ਲੈਸ ਹਨ ਅਤੇ ਕਿਸੇ ਵਾਰਦਾਤ ਦੀ ਸਾਜ਼ਿਸ਼ ਰਚ ਰਹੇ ਹਨ ਜੇਕਰ ਉਨ੍ਹਾਂ ਨੂੰ ਨਾਕਾਬੰਦੀ ਕਰ ਕੇ ਰੋਕਿਆ ਜਾਵੇ ਤਾਂ ਉਹ ਅਸਲੇ ਸਮੇਤ ਕਾਬੂ ਆ ਸਕਦੇ ਹਨ।
ਜਿਸ ’ਤੇ ਪੁਲਸ ਪਾਰਟੀ ਨੇ ਜਦ ਕਾਰ ਸਵਾਰ 5 ਨੌਜਵਾਨਾਂ ਸਤਪਾਲ ਸਿੰਘ ਉਰਫ ਪਾਲੀ ਨਿਵਾਸੀ ਪਿੰਡ ਆਲਮਕੇ, ਅਮਨ ਕੁਮਾਰ ਉਰਫ਼ ਅਮਨਾ ਨਿਵਾਸੀ ਪਿੰਡ ਟਿਵਾਣਾ ਕਲਾਂ, ਗੁਰਮੇਜ ਸਿੰਘ ਉਰਫ ਗੁਰੀ ਨਿਵਾਸੀ ਪਿੰਡ ਆਲਮਕੇ, ਮਨਜੀਤ ਸਿੰਘ ਉਰਫ਼ ਮੰਜੂ ਨਿਵਾਸੀ ਪਿੰਡ ਆਲਮਕੇ, ਪਵਨ ਕੁਮਾਰ ਉਰਫ ਪਵਨਾ ਨਿਵਾਸੀ ਪਿੰਡ ਹਠਾੜ ਫਾਜਿਲਕਾ ਨੂੰ ਰੋਕਿਆ ਅਤੇ ਤਲਾਸ਼ੀ ਲੈਣ’ਤੇ ਉਨ੍ਹਾਂ ਕੋਲੋਂ ਇਕ ਪਿਸਟਲ ਮੇਡ ਇੰਨ ਇਟਲੀ ਦੇ ਇਲਾਵਾ ਦੋ ਮੈਗਜੀਨ, 18 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਪੁਲਸ ਨੇ ਸਾਰੇ ਕਥਿਤ ਦੋਸ਼ੀਆਂ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ, ਜਿਨ੍ਹਾਂ ਦੇ ਖ਼ਿਲਾਫ਼ ਥਾਣਾ ਸਦਰ ਮੋਗਾ ਵਿਚ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਦ ਇਸ ਸਬੰਧ ਵਿਚ ਡੀ. ਐੱਸ. ਪੀ. ਸਿਟੀ ਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਤਪਾਲ ਸਿੰਘ ਉਰਫ ਪਾਲੀ ਦੇ ਖ਼ਿਲਾਫ ਦੋ ਮਾਮਲੇ, ਗੁਰਮੇਜ ਸਿੰਘ ਗੁਰੀ ਦੇ ਖ਼ਿਲਾਫ਼ 5 ਮਾਮਲੇ, ਅਮਨ ਕੁਮਾਰ ਅਮਨਾ ਖ਼ਿਲਾਫ਼ 3 ਮਾਮਲੇ ਵੱਖ-ਵੱਖ ਧਾਰਾਵਾਂ ਤਹਿਤ ਵੱਖ-ਵੱਖ ਥਾਣਿਆਂ ਵਿਚ ਦਰਜ ਹਨ।
ਉਨ੍ਹਾਂ ਕਿਹਾ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਮੋਗਾ ਇਲਾਕੇ ਵਿਚ ਅਸਲੇ ਸਮੇਤ ਕਿਸ ਮਕਸਦ ਲਈ ਆਏ ਸਨ ਅਤੇ ਉਨ੍ਹਾਂ ਦੀ ਕੀ ਯੋਜਨਾ ਸੀ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੇ ਬਾਅਦ ਸਾਰੇ ਕਥਿਤ ਦੋਸ਼ੀ ਨੌਜਵਾਨਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ।