ਮੋਗਾ ਪੁਲਸ ਨੇ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਇਕ ਕਾਬੂ
Monday, Dec 09, 2024 - 05:24 PM (IST)
ਮੋਗਾ (ਆਜ਼ਾਦ) : ਅਜੀਤਵਾਲ ਪੁਲਸ ਨੇ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸਤ ਕਰਦੇ ਹੋਏ ਦੇਰ ਸ਼ਾਮ ਟੀ ਪੁਆਇੰਟ ਢੁੱਡੀ ਕੇ ਅਜੀਤਵਾਲ ਪੁਲ ਸੂਆ ਦੇ ਕੋਲ ਜਾ ਰਹੇ ਸੀ ਤਾਂ ਗੁਪਤ ਸੂਤਰਾਂ ਤੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਬਿੱਕਰ ਸਿੰਘ ਉਰਫ ਵਿੱਕੀ ਨਿਵਾਸੀ ਪਿੰਡ ਭਿੰਡਰ ਖੁਰਦ ਮੋਟਰਸਾਈਕਲ ਚੋਰੀ ਕਰਨ ਦਾ ਆਦੀ ਹੈ ਅਤੇ ਅੱਜ ਵੀ ਦੋ ਮੋਟਰਸਾਈਕਲ ਜੋ ਚੋਰੀ ਦੇ ਹਨ ਇਸ ਨੇ ਇਲਾਕੇ ਵਿਚੋਂ ਚੋਰੀ ਕੀਤੇ ਹਨ ਅਤੇ ਦਾਣਾ ਮੰਡੀ ਮਾਰਕੀਟ ਕਮੇਟੀ ਅਜੀਤਵਾਲ ਦੇ ਦਫਤਰ ਕੋਲ ਖੜ੍ਹਾ ਗ੍ਰਾਹਕਾਂ ਦੀ ਉਡੀਕ ਕਰ ਰਿਹਾ ਹੈ।
ਇਸ ’ਤੇ ਪੁਲਸ ਪਾਰਟੀ ਨੇ ਛਾਪਾਮਾਰੀ ਕਰਕੇ ਬਿਨਾਂ ਨੰਬਰੀ ਦੋ ਮੋਟਰਸਾਈਕਲਾਂ ਸਮੇਤ ਉਸ ਨੂੰ ਜਾ ਦਬੋਚਿਆ, ਜਿਸ ਦੇ ਖ਼ਿਲਾਫ਼ ਥਾਣਾ ਅਜੀਤਵਾਲ ਵਿਚ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ।