ਜ਼ਮੀਨੀ ਵਿਵਾਦ ਕਾਰਣ ਪਿਸਤੌਲ ਦੀ ਨੋਕ ’ਤੇ ਕੁੱਟ-ਮਾਰ ਕਰ ਕੇ ਖੋਹਿਆ ਮੋਬਾਈਲ
Saturday, Jul 13, 2024 - 04:22 PM (IST)

ਮੋਗਾ (ਆਜ਼ਾਦ) : ਥਾਣਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਕੋਟਲਾ ਰਾਏਕਾ ਵਿਖੇ ਦੋ ਭਰਾਵਾਂ ਵਿਚਕਾਰ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਲੜਾਈ ਵਿਚ ਜਸਵੀਰ ਸਿੰਘ ਨੂੰ ਪਿਸਤੌਲ ਦੀ ਨੋਕ ’ਤੇ ਕੁੱਟ-ਮਾਰ ਕਰ ਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਕਰਨ ਦੇ ਬਾਅਦ ਉਸਦਾ ਮੋਬਾਈਲ ਫੋਨ ਖੋਹ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਪੁਲਸ ਨੇ ਜਸਕਰਨ ਸਿੰਘ ਉਰਫ ਜੱਸ ਅਤੇ ਸੀਰਾ ਸਿੰਘ ਨਿਵਾਸੀ ਪਿੰਡ ਕੋਟਲਾ ਰਾਏਕਾ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਨੈਬ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਕਿਹਾ ਕਿ ਉਸ ਦੇ ਭਰਾ ਜਸਕਰਨ ਸਿੰਘ ਦੇ ਨਾਲ ਸਾਡਾ ਜ਼ਮੀਨੀ ਵਿਵਾਦ ਚੱਲਦਾ ਹੈ, ਜਿਸ ਕਾਰਣ ਉਹ ਮੇਰੇ ਨਾਲ ਰੰਜਿਸ਼ ਰੱਖਦੇ ਆ ਰਹੇ ਸਨ, ਜਦੋਂ ਮੈਂ ਬੀਤੀ 29 ਜੂਨ ਨੂੰ ਆ ਰਿਹਾ ਸੀ ਤਾਂ ਮੈਂਨੂੰ ਪਿਸਤੌਲ ਦੀ ਨੋਕ ’ਤੇ ਮੇਰੇ ਭਰਾ ਅਤੇ ਉਸ ਦੇ ਸਾਥੀ ਨੇ ਘੇਰ ਲਿਆ ਅਤੇ ਕੁੱਟ-ਮਾਰ ਕਰ ਕੇ ਮੇਰਾ ਮੋਬਾਈਲ ਫੋਨ ਖੋਹ ਕੇ ਲੈ ਗਏ।
ਮੈਂਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਬਾਘਾ ਪੁਰਾਣਾ ਦਾਖਲ ਕਰਵਾਇਆ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਧਿਰਾਂ ਵਿਚਕਾਰ ਰਾਜੀਨਾਮੇ ਦੀ ਗੱਲ ਚੱਲਦੀ ਸੀ, ਜੋ ਸਿਰੇ ਨਹੀਂ ਚੜ੍ਹ ਸਕੀ, ਜਿਸ ਕਾਰਣ ਕਥਿਤ ਮੁਲਜ਼ਮਾਂ ਖ਼ਿਲਾਫ਼ ਉਕਤ ਮਾਮਲਾ ਦਰਜ ਕੀਤਾ ਗਿਆ।