ਕੈਨੇਡਾ ਪਹੁੰਚਿਆ ਪਤੀ ਤਾਂ ਪਤਨੀ ਨੇ ਦਿਖਾਇਆ ਅਸਲ ਰੰਗ, ਦਰਜ ਹੋਇਆ 18 ਲੱਖ ਦੀ ਠੱਗੀ ਦਾ ਮਾਮਲਾ

06/06/2022 2:16:07 PM

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਬੁੱਘੀਪੁਰਾ ਨਿਵਾਸੀ ਨਿਰਪਾਲ ਸਿੰਘ ਦੇ ਪੁੱਤਰ ਨੂੰ ਵਿਆਹ ਕਰਵਾ ਕੇ ਕੈਨੇਡਾ ਲੈ ਜਾਣ ਦਾ ਝਾਂਸਾ ਦੇ ਕੇ ਪਿੰਡ ਨਰੇਣਗੜ੍ਹ ਸੋਹੀਆਂ (ਬਰਨਾਲਾ) ਨਿਵਾਸੀ ਕੁੜੀ ਵੱਲੋਂ ਆਪਣੇ ਪਰਿਵਾਰ ਨਾਲ ਕਥਿਤ ਮਿਲੀਭੁਗਤ ਕਰ ਕੇ 18 ਲੱਖ 59 ਹਜ਼ਾਰ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਜਾਂਚ ਦੇ ਬਾਅਦ ਰਮਨਦੀਪ ਕੌਰ ਨਿਵਾਸੀ ਪਿੰਡ ਨਰੈਣਗੜ੍ਹ ਸੋਹੀਆਂ ਹਾਲ ਅਬਾਦ ਕੈਨੇਡਾ, ਉਸਦੇ ਪਿਤਾ ਏਕਮ ਸਿੰਘ ਅਤੇ ਮਾਤਾ ਸੁਖਵਿੰਦਰ ਕੌਰ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਥਾਣਾ ਮਹਿਣਾ ਵਿਚ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ’ਚ 'ਗੈਂਗਸਟਰਵਾਦ' ਕਾਰਨ ਵਧੀ ਪੰਜਾਬ ਪੁਲਸ ਦੀ ਚਿੰਤਾ, ਕਾਨੂੰਨ ਵਿਵਸਥਾ 'ਤੇ ਉੱਠ ਰਹੇ ਸਵਾਲ

ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਨਿਰਪਾਲ ਸਿੰਘ ਨੇ ਕਿਹਾ ਕਿ ਉਸਦੇ ਰਿਸ਼ਤੇਦਾਰਾਂ ਵੱਲੋਂ ਸਾਨੂੰ ਦੱਸਿਆ ਗਿਆ ਕਿ ਰਮਨਦੀਪ ਕੌਰ ਐਜੂਕੇਸ਼ਨ ਬੇਸ ’ਤੇ ਵਿਦੇਸ਼ ਜਾਣਾ ਚਾਹੁੰਦੀ ਹੈ ਅਤੇ ਉਸਨੇ ਆਈਲੈਟਸ ਕੀਤੀ ਹੋਈ ਹੈ। ਜੇਕਰ ਤੁਸੀਂ ਸਾਰਾ ਖ਼ਰਚਾ ਕਰ ਦਿਉ ਤਾਂ ਆਪਾਂ ਤੁਹਾਡੇ ਪੁੱਤਰ ਸੰਦੀਪ ਸਿੰਘ ਦੇ ਨਾਲ ਉਸਦਾ ਵਿਆਹ ਕਰਵਾ ਕੇ ਉਸ ਨੂੰ ਪੱਕੇ ਤੌਰ ’ਤੇ ਕੈਨੇਡਾ ਭੇਜ ਦਿਆਂਗੇ, ਜਿਸ ’ਤੇ ਮੈਂ ਰਿਸ਼ਤੇਦਾਰੀ ਹੋਣ ਕਾਰਣ ਹਾਂ ਕਰ ਦਿੱਤੀ ਅਤੇ 16 ਜੂਨ 2018 ਨੂੰ ਮੇਰੇ ਪੁੱਤਰ ਸੰਦੀਪ ਸਿੰਘ ਦਾ ਵਿਆਹ ਰਮਨਦੀਪ ਕੌਰ ਨਾਲ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਕੀਤਾ ਗਿਆ।

ਵਿਆਹ ਦੇ ਬਾਅਦ ਰਮਨਦੀਪ ਕੌਰ 8 ਜੁਲਾਈ 2018 ਨੂੰ ਕੈਨੇਡਾ ਚਲੀ ਗਈ। ਅਸੀਂ ਉਸ ਦੇ ਜਾਣ, ਕਾਲਜ ਫ਼ੀਸ ਅਤੇ ਹੋਰ ਸਾਰੇ ਖ਼ਰਚਿਆਂ ਦੇ ਇਲਾਵਾ ਵਿਆਹ ਦਾ ਵੀ ਖ਼ਰਚਾ ਕੀਤਾ, ਜਿਸ ’ਤੇ ਸਾਡਾ 18 ਲੱਖ 60 ਹਜ਼ਾਰ ਰੁਪਏ ਖ਼ਰਚਾ ਆਇਆ। ਕੈਨੇਡਾ ਜਾਣ ਦੇ ਬਾਅਦ ਰਮਨਦੀਪ ਕੌਰ ਨੇ ਮੇਰੇ ਪੁੱਤਰ ਸੰਦੀਪ ਸਿੰਘ ਨੂੰ 30 ਮਾਰਚ 2019 ਨੂੰ ਕੈਨੇਡਾ ਸੱਦ ਲਿਆ, ਜਦੋਂ ਮੇਰਾ ਪੁੱਤਰ ਕੈਨੇਡਾ ਪਹੁੰਚ ਗਿਆ ਤਾਂ ਉਸਦੀ ਪਤਨੀ ਰਮਨਦੀਪ ਕੌਰ ਉਸਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਈ ਅਤੇ ਪੈਸੇ ਮੰਗਣ ਲੱਗੀ, ਇਸ ਉਪਰੰਤ ਉਸਨੇ ਮੇਰੇ ਪੁੱਤਰ ਖ਼ਿਲਾਫ਼ ਕੈਨੇਡਾ ਪੁਲਸ ਨੂੰ ਸ਼ਿਕਾਇਤ ਵੀ ਕੀਤੀ ਅਤੇ ਵੱਖ ਰਹਿਣ ਲੱਗ ਪਈ।

ਇਹ ਵੀ ਪੜ੍ਹੋ- 47 ਫੋਨ ਨੰਬਰਾਂ ਜ਼ਰੀਏ ਮੂਸੇਵਾਲਾ ਦੇ ਕਾਤਲਾਂ ਤੱਕ ਪੁਹੰਚੀ ਐੱਸ.ਆਈ.ਟੀ. , ਵੱਡੇ ਖੁਲਾਸੇ ਹੋਣ ਦੀ ਉਮੀਦ

ਉਸਨੇ ਕਿਹਾ ਕਿ 21 ਜੁਲਾਈ 2019 ਨੂੰ ਰਮਨਦੀਪ ਕੌਰ ਕੈਨੇਡਾ ਤੋਂ ਇੰਡੀਆ ਵਾਪਸ ਆ ਗਈ, ਜਦੋਂ ਸਾਨੂੰ ਪਤਾ ਲੱਗਾ ਕਿ ਮੇਰੇ ਪੁੱਤਰ ਦਾ ਵੀਜ਼ਾ ਨਹੀਂ ਵਧਾਇਆ ਅਤੇ ਤਲਾਕ ਲੈਣ ਲਈ ਅਪਲਾਈ ਕਰ ਦਿੱਤਾ ਹੈ। ਇਸ ਸਮੇਂ ਮੇਰਾ ਪੁੱਤਰ ਕੇਸ ਚੱਲਦਾ ਹੋਣ ਕਾਰਣ ਬਿਨਾਂ ਵੀਜ਼ੇ ਤੋਂ ਕੈਨੇਡਾ ਰਹਿ ਰਿਹਾ ਹੈ। ਜਦੋਂ ਮੈਂ ਦੋਸ਼ੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਾਡੀ ਕੋਈ ਗੱਲਬਾਤ ਨਾ ਸੁਣੀ ਅਤੇ ਸਾਰਿਆਂ ਨੇ ਮਿਲ ਕੇ ਮੇਰੇ ਪੁੱਤਰ ਨੂੰ ਕੈਨੇਡਾ ਵਿਚ ਤੰਗ ਪ੍ਰੇਸ਼ਾਨ ਕੀਤਾ ਅਤੇ ਉਸਦਾ ਵੀਜ਼ਾ ਵਧਾਉਣ ਲਈ ਅਪਲਾਈ ਵੀ ਨਹੀਂ ਕੀਤਾ। ਇਸ ਤਰ੍ਹਾਂ ਸਾਰਿਆਂ ਨੇ ਮਿਲ ਕੇ 18 ਲੱਖ 59 ਹਜ਼ਾਰ 950 ਰੁਪਏ ਦੀ ਠੱਗੀ ਮਾਰੀ ਹੈ।

ਜ਼ਿਲ੍ਹਾ ਪੁਲਸ ਮੁਖੀ ਮੋਗਾ ਦੇ ਆਦੇਸ਼ਾਂ ’ਤੇ ਇਸ ਦੀ ਜਾਂਚ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਮੋਗਾ ਵੱਲੋਂ ਕੀਤੀ ਗਈ। ਜਾਂਚ ਸਮੇਂ ਜਾਂਚ ਅਧਿਕਾਰੀ ਵੱਲੋਂ ਦੋਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਗਿਆ, ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ਦੇ ਬਾਅਦ ਜ਼ਿਲ੍ਹਾ ਪੁਲਸ ਮੁਖੀ ਮੋਗਾ ਦੇ ਆਦੇਸ਼ਾਂ ’ਤੇ ਕਾਨੂੰਨੀ ਰਾਏ ਹਾਸਲ ਕਰਨ ਦੇ ਬਾਅਦ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣਾ ਮਹਿਣਾ ਦੇ ਸਹਾਇਕ ਥਾਣੇਦਾਰ ਕਾਬਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਫ਼ਿਲਹਾਲ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ- ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ਦੀ ਆਹਟ, ਛੋਟੇ ਸ਼ਰਾਬ ਕਾਰੋਬਾਰੀਆਂ ’ਚ ਬੇਰੁਜ਼ਗਾਰੀ ਦਾ ਖੌਫ਼

ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News