ਕਾਰ ਦਾ ਸ਼ੀਸ਼ਾ ਭੰਨ ਕੇ ਨਕਦੀ ਅਤੇ ਚੈੱਕਬੁੱਕ ਚੋਰੀ, 4 ਨਾਮਜ਼ਦ

03/13/2020 12:48:53 PM

ਮੋਗਾ (ਆਜ਼ਾਦ): ਫਰੀਦਕੋਟ ਨਿਵਾਸੀ ਬਲਵਿੰਦਰ ਸਿੰਘ ਦੀ ਕਾਰ ਦਾ ਸ਼ੀਸ਼ਾ ਭੰਨ ਕੇ ਉਸਦੀ ਇਨੋਵਾ ਗੱਡੀ 'ਚੋਂ ਚੈੱਕਬੁੱਕ ਦੇ ਇਲਾਵਾ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰ ਕੇ ਲੈ ਜਾਣ ਦਾ ਮਾਮਲੇ 'ਚ ਪੁਲਸ ਵੱਲੋਂ ਚਾਰ ਵਿਅਕਤੀਆਂ ਸੁਖਦੀਪ ਸਿੰਘ ਉਰਫ ਸੰਨੀ, ਰੋਕੀ ਨਿਵਾਸੀ ਪਿੰਡ ਡਾਲਾ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਸੁਖਦੀਪ ਸਿੰਘ ਉਰਫ ਸਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਬਲਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਕਿਹਾ ਕਿ ਉਹ ਆਪਣੀ ਇਨੋਵਾ ਕਾਰ ਤੇ ਕੁੱਝ ਹੋਰ ਲੋਕਾਂ ਨਾਲ ਫਰੀਦਕੋਟ ਤੋਂ ਕੋਟ ਈਸੇ ਖਾਂ ਨੂੰ ਜਾ ਰਿਹਾ ਸੀ ਜਦ ਉਹ ਬੁੱਘੀਪੁਰਾ ਚੌਂਕ 'ਤੇ ਪੁੱਜੇ ਤਾਂ ਗੱਡੀ ਦੇ ਚਾਲਕ ਜਸਵੀਰ ਸਿੰਘ ਨੇ ਕਿਹਾ ਕਿ ਚਾਹ ਪੀ ਲਈਏ, ਜਦ ਅਸੀਂ ਚਾਹ ਪੀਣ ਲੱਗੇ ਤਾਂ ਕੋਈ ਅਣਪਛਾਤੇ ਵਿਅਕਤੀ ਇਨੋਵਾ ਕਾਰ ਦਾ ਸ਼ੀਸ਼ਾ ਭੰਨ ਕੇ ਉਸ 'ਚੋਂ ਕਾਲੇ ਰੰਗ ਦੀ ਕਿੱਟ ਚੋਰੀ ਕਰ ਕੇ ਲੈ ਗਏ, ਜਿਸ 'ਚ ਦੋ ਚੈੱਕਬੁੱਕ, 1 ਲੱਖ 68 ਹਜ਼ਾਰ ਰੁਪਏ, ਨਕਦ ਅਤੇ ਹੋਰ ਦਸਤਾਵੇਜ਼ ਸਨ।

ਉਸਨੇ ਕਿਹਾ ਕਿ ਅਸੀਂ ਦੋਸ਼ੀਆਂ ਦੀ ਤਲਾਸ਼ ਕਰਦੇ ਰਹੇ ਪਰ ਹੁਣ ਸਾਨੂੰ ਪਤਾ ਲੱਗਾ ਕਿ ਸਾਡੀ ਕਾਰ ਦਾ ਸੀਸ਼ਾ ਭੰਨ ਕੇ ਚੈੱਕਬੁੱਕ ਅਤੇ ਨਕਦੀ ਦੇ ਇਲਾਵਾ ਹੋਰ ਦਸਤਾਵੇਜ਼ ਚੋਰੀ ਕਰਨ ਦੇ ਮਾਮਲੇ 'ਚ ਸੁਖਦੀਪ ਸਿੰਘ, ਰੋਕੀ ਅਤੇ ਉਨ੍ਹਾਂ ਨਾਲ ਦੋ ਅਣਪਛਾਤੇ ਵਿਅਕਤੀ ਸਨ, ਜਿਨ੍ਹਾਂ ਨੇ ਇਹ ਚੋਰੀ ਕੀਤੀ ਹੈ। ਪੁਲਸ ਨੇ ਦੋਸ਼ੀਆਂ ਖਿਲਾਫ ਥਾਣਾ ਮਹਿਣਾ 'ਚ ਮਾਮਲਾ ਦਰਜ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਸੁਰਜੀਤ ਕੁਮਾਰ ਨੇ ਦੱਸਿਆ ਕਿ ਸੁਖਦੀਪ ਸਿੰਘ ਉਰਫ ਸੰਨੀ ਨੂੰ ਕਾਬੂ ਕਰ ਲਿਆ ਹੈ ਜਦਕਿ ਹੋਰ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਹੀ ਕਾਬੂ ਆ ਜਾਣ ਦੀ ਸੰਭਾਵਨਾ ਹੈ।


Shyna

Content Editor

Related News