ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੇ 8 ਲੱਖ

Saturday, Feb 18, 2023 - 05:00 PM (IST)

ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੇ 8 ਲੱਖ

ਮੋਗਾ (ਆਜ਼ਾਦ) : ਮੋਗਾ ਪੁਲਸ ਨੇ ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 8 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਪਤੀ ਪਤਨੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਰਣਜੀਤ ਸਿੰਘ ਨਿਵਾਸੀ ਮਟਵਾਣੀ ਨੇ ਕਿਹਾ ਕਿ ਉਸਦੀ ਨੂੰਹ ਨੇ ਆਈਲੈਟਸ ਕੀਤੀ ਹੋਈ ਸੀ, ਜਿਸ ’ਤੇ ਅਸੀਂ ਇਕ ਵਿਅਕਤੀ ਰਾਹੀਂ ਬਾਘਾ ਪੁਰਾਣਾ ਦੇ ਫਲਾਈ ਹਾਈ ਇੰਸਟੀਚਿਊਟ ਇਮੀਗ੍ਰੇਸ਼ਨ ਸੰਚਾਲਕ ਜਗਦੀਸ਼ ਸਿੰਘ ਉਰਫ ਸੋਨੂੰ ਅਤੇ ਉਸਦੀ ਪਤਨੀ ਕਿਰਨ ਦੋਵੇਂ ਨਿਵਾਸੀ ਪਿੰਡ ਸਮਾਲਸਰ ਹਾਲ ਨੇੜੇ ਗੀਤਾ ਭਵਨ ਦੇ ਨਾਲ ਜਨਵਰੀ 2020 ਵਿਚ ਗੱਲ ਕੀਤੀ, ਜਿਨ੍ਹਾਂ ਨੇ ਸਾਨੂੰ ਕਿਹਾ ਕਿ ਉਹ ਤੁਹਾਡੀ ਨੂੰਹ ਨੂੰ ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜ ਦੇਣਗੇ, ਜਿਸ ’ਤੇ ਕਰੀਬ ਸਾਢੇ 18 ਲੱਖ ਰੁਪਏ ਖ਼ਰਚਾ ਆਵੇਗਾ, ਅਸੀਂ ਉਨ੍ਹਾਂ ਦੇ ਝਾਂਸੇ ਵਿਚ ਆ ਗਏ।

ਉਨ੍ਹਾਂ ਨੂੰ ਪਾਸਪੋਰਟ ਦੇ ਇਲਾਵਾ ਹੋਰ ਦਸਤਾਵੇਜ਼ ਦੇ ਦਿੱਤੇ ਅਤੇ 8 ਲੱਖ ਰੁਪਏ ਵੀ ਉਨ੍ਹਾਂ ਨੂੰ ਦੇ ਦਿੱਤੇ। ਉਨ੍ਹਾਂ ਕਿਹਾ ਕਿ ਜਲਦ ਹੀ ਤੁਹਾਡੀ ਫਾਈਲ ਪੂਰੀ ਤਰ੍ਹਾਂ ਨਾਲ ਕੰਪਲੀਟ ਕਰ ਕੇ ਅੰਬੈਂਸੀ ਲਗਾ ਦੇਣਗੇ ਅਤੇ ਤੁਹਾਡੀ ਨੂੰਹ ਜਲਦ ਹੀ ਕੈਨੇਡਾ ਚਲੀ ਜਾਵੇਗੀ ਪਰ ਕਥਿਤ ਦੋਸ਼ੀਆਂ ਨੇ ਨਾ ਤਾਂ ਮੇਰੀ ਨੂੰਹ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਅਸੀਂ ਕਈ ਵਾਰ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਯਤਨ ਵੀ ਕੀਤਾ ਅਤੇ ਕਿਹਾ ਕਿ ਉਹ ਸਾਡੇ ਪੈਸੇ ਵਾਪਸ ਕਰ ਦੇਣ ਪਰ ਉਹ ਟਾਲ-ਮਟੋਲ ਕਰਦੇ ਰਹੇ ਅਤੇ ਆਖਿਰ ਉਨ੍ਹਾਂ ਪੈਸੇ ਵਾਪਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਸਾਡੇ ਨਾਲ ਪਤੀ ਪਤਨੀ ਨੇ ਕਥਿਤ ਮਿਲੀਭੁਗਤ ਕਰ ਕੇ 8 ਲੱਖ ਰੁਪਏ ਦੀ ਠੱਗੀ ਕੀਤੀ ਹੈ।

ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਡੀ. ਐੱਸ. ਪੀ. ਪੀ. ਬੀ. ਆਈ. ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਸ਼ਿਕਾਇਤਕਰਤਾ ਰਣਜੀਤ ਸਿੰਘ ਨਿਵਾਸੀ ਪਿੰਡ ਮਟਵਾਣੀ ਦੇ ਦੋਸ਼ ਸਹੀ ਪਾਏ ਜਾਣ ਦੇ ਬਾਅਦ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਅਜੀਤਵਾਲ ਵਿਚ ਧੋਖਾਧੜੀ ਅਤੇ ਕਥਿਤ ਮਿਲੀਭੁਗਤ ਦਾ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣੇਦਾਰ ਲਖਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Harnek Seechewal

Content Editor

Related News