ਕੱਲੀ ਕੁੜੀ

Saturday, Sep 08, 2018 - 12:01 PM (IST)

ਜਸਵੰਤ ਕੌਰ ਦਾ ਪੁੱਤਰ ਜਵਾਨ ਹੋ ਗਿਆ ਸੀ । ਬੀ.ਏ.ਅੱਧ ਵਿਚਾਲੇ ਛੱਡ ਕੇ ਉਹ ਖੇਤੀ ਕਰਨ ਲੱਗ ਪਿਆ ਸੀ । ਜਸਵੰਤ ਕੋਰ ਨੇ ਫੈਸਲਾ ਕੀਤਾ ਕਿ ਆਉਂਦੇ ਸਿਆਲ ਤਾਂਈ ਉਹ ਨੂੰਹ ਲੈ ਆਵੇ । ਇੱਕ ਦਿਨ ਉਹ ਸਰਵਣ ਨਾਈ ਨੂੰ ਆਪਣੇ ਘਰੇ ਬੁਲਾ ਕੇ ਕਹਿਣ ਲੱਗੀ,“ਵੇ ਭਾਈ ਸਰਵਣਾ !! ਤੂੰ ਤਾਂ ਆਸੇ-ਪਾਸੇ ਪਿੰਡਾਂ 'ਚ ਜਾਨਾ ਈ ਰਹਿੰਦੈ, ਆਪਣੇ ਜੀਤੇ ਵਾਸਤੇ ਕੋਈ ਵਧੀਆ ਜਿਹਾ ਰਿਸ਼ਤਾ ਦੇਖੀ ਭਲਾਂ''
“ਰਿਸ਼ਤੇ ਤਾਂ ਬਥੇਰੇ ਨੇ ਚਾਚੀ ਮੇਰੀ ਨਿਗ੍ਹਾ 'ਚ, ਤੁਸੀਂ ਕਿਹੋ ਜਿਹਾ ਭਾਲਦੇ ਓ? “ਸਰਵਣ ਹਾਜ਼ਰ ਜਵਾਬੀ 'ਚ ਬੋਲਿਆ ।
“ਅਸੀਂ ਤਾਂ ਭਾਈ ਕੱਲੀ ਕੁੜੀ ਲੈਣੀ ਐ, ਹੋਰ ਕਿਸੇ ਚੀਜ਼ ਦੀ ਲੋੜ ਨੀਂ ਸਾਨੂੰ, ਪੂਰੇ ਪੰਦਰਾਂ ਕਿੱਲੇ ਆਉਂਦੇ ਐ, ਮੇਰੇ ਇਕਲੌਤੇ ਪੁੱਤ ਨੂੰ'' ਜਸਵੰਤ ਕੌਰ ਆਪਣੇ ਮਨ ਦੀ ਤਹਿ ਫਰੋਲਦੀ ਬੋਲੀ ।
“ਲੈ ਚਾਚੀ ਫਿਰ ਤਾਂ ਅੱਜ ਸਵੇਰ ਈ ਲਓ ਸਾਕ , ਰੱਜ ਕੇ ਸੁਨੱਖੀ 'ਤੇ ਪੜ੍ਹੀ ਲਿਖੀ ਕੁੜੀ ਐ, ਪਿਓ ਸਰਪੰਚ ਐ, ਭਰਾ ਬੈਂਕ 'ਚ ਨੌਕਰੀ ਕਰਦੈ''  
ਇਹ ਸੁਣ ਕੇ ਜਸਵੰਤ ਕੌਰ ਮੱਥੇ 'ਤੇ ਹੱਥ ਮਾਰਦੀ ਬੋਲੀ ,
“ਫੋਟ ਸਰਵਣਾ !! ਤੂੰ ਵੀ ਸਮਝਿਆ ਨੀਂ, ਸਾਨੂੰ ਤਾਂ ਚੰਗੇ ਖਾਨਦਾਨ ਦੀ ਕੱਲੀ ਕੁੜੀ ਚਾਹੀਦੀ ਐ, ਜੀਹਦੇ ਭਰਾ ਨਾ ਹੋਵੇ''
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205


Related News