ਸੰਤ ਸੀਚੇਵਾਲ ਦੀ ਦਖਲਅੰਦਾਜੀ ਨਾਲ ਓਮਾਨ ਫਸੀਆਂ ਕੁੜੀਆਂ ਦੀ ਵਤਨ ਵਾਪਸੀ, ਜਲੰਧਰ ਦੀ ਕੁੜੀ ਨੇ ਦੱਸੀ ਹੱਡ ਬੀਤੀ
Monday, Jan 05, 2026 - 07:55 PM (IST)
ਸੁਲਤਾਨਪੁਰ ਲੋਧੀ (ਸੋਢੀ) : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਓਮਾਨ ਵਿੱਚ ਫਸੀਆਂ ਪੰਜ ਪੰਜਾਬੀ ਲੜਕੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਭਾਰਤ ਵਾਪਸ ਲਿਆਂਦਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਪੀੜਤਾ, ਜੋ ਜਲੰਧਰ ਜ਼ਿਲ੍ਹੇ ਨਾਲ ਸੰਬੰਧਤ ਹੈ, ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ, ਜਿੱਥੇ ਉਸਨੇ ਆਪਣੀ ਦਰਦਨਾਕ ਆਪਬੀਤੀ ਸਾਂਝੀ ਕੀਤੀ।
ਪੀੜਤਾ ਨੇ ਕਿਹਾ ਕਿ ਜੇਕਰ ਸੰਤ ਸੀਚੇਵਾਲ ਸਮੇਂ ਸਿਰ ਦਖ਼ਲ ਨਾ ਦਿੰਦੇ, ਤਾਂ ਉਸਦੀ ਵਾਪਸੀ ਸੰਭਵ ਨਹੀਂ ਸੀ। ਉਸਦੇ ਪਰਿਵਾਰਕ ਮੈਂਬਰਾਂ ਵੱਲੋਂ 16 ਦਸੰਬਰ 2025 ਨੂੰ ਸੰਤ ਸੀਚੇਵਾਲ ਨਾਲ ਸੰਪਰਕ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਤੁਰੰਤ ਵਿਦੇਸ਼ ਮੰਤਰਾਲੇ ਕੋਲ ਮਾਮਲਾ ਉਠਾਇਆ ਗਿਆ। ਇਸ ਤੁਰੰਤ ਕਾਰਵਾਈ ਸਦਕਾ 14 ਦਿਨਾਂ ਦੇ ਅੰਦਰ ਪੀੜਤਾ ਦੀ ਸੁਰੱਖਿਅਤ ਵਾਪਸੀ ਯਕੀਨੀ ਬਣੀ। ਪੀੜਤਾ ਨੇ ਦੱਸਿਆ ਕਿ ਉਹ 30 ਦਸੰਬਰ ਨੂੰ ਚਾਰ ਹੋਰ ਲੜਕੀਆਂ ਸਮੇਤ ਭਾਰਤ ਪਰਤੀ। ਜਿਹਨਾਂ ਬਾਰੇ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਕੇ ਓਮਾਨ ਵਿੱਚ ਫਸੀਆਂ 70 ਭਾਰਤੀ ਲੜਕੀਆਂ ਦੀ ਸੁਰੱਖਿਅਤ ਵਾਪਸੀ ਦੀ ਅਪੀਲ ਕੀਤੀ ਸੀ। ਉਸਨੇ ਦੱਸਿਆ ਕਿ ਸਤੰਬਰ ਮਹੀਨੇ ਵਿੱਚ ਉਸਨੂੰ ਰੋਜ਼ਗਾਰ ਦੇ ਸੁਪਨੇ ਦਿਖਾ ਕੇ ਵਿਦੇਸ਼ ਲਿਜਾਇਆ ਗਿਆ, ਪਰ ਓਮਾਨ ਪਹੁੰਚਣ ‘ਤੇ ਪਤਾ ਲੱਗਾ ਕਿ ਉਸਨੂੰ 1200 ਰਿਆਲ ਦੇ ਬਦਲੇ ਵੇਚ ਦਿੱਤਾ ਗਿਆ ਹੈ।
ਹੈਰਾਨੀਜਨਕ ਖੁਲਾਸਾ ਕਰਦਿਆਂ ਪੀੜਤਾ ਨੇ ਦੱਸਿਆ ਕਿ ਇਸ ਸਾਰੇ ਜਾਲ ਦੇ ਪਿੱਛੇ ਉਸਦੀ ਆਪਣੀ ਮਾਮੀ ਸੀ, ਜੋ ਉਸਨੂੰ ਓਮਾਨ ਛੱਡ ਕੇ ਖੁਦ ਭਾਰਤ ਵਾਪਸ ਆ ਗਈ। ਉਸਨੇ ਕਿਹਾ ਕਿ ਓਮਾਨ ਵਿੱਚ ਬਿਤਾਏ ਚਾਰ ਮਹੀਨੇ ਉਸਦੀ ਜ਼ਿੰਦਗੀ ਦੇ ਸਭ ਤੋਂ ਡਰਾਉਣੇ ਦਿਨ ਸਨ, ਜਿਨ੍ਹਾਂ ਦੀ ਯਾਦ ਉਸਨੂੰ ਸਾਰੀ ਉਮਰ ਸਤਾਉਂਦੀ ਰਹੇਗੀ। ਪੀੜਤਾ ਅਨੁਸਾਰ ਉੱਥੇ ਉਸ ‘ਤੇ ਜਬਰਨ ਅਣਚਾਹੇ ਕੰਮ ਕਰਨ ਲਈ ਦਬਾਅ ਬਣਾਇਆ ਜਾਂਦਾ ਸੀ। ਵਿਰੋਧ ਕਰਨ ‘ਤੇ ਉਸ ਨਾਲ ਬਦਸਲੂਕੀ ਅਤੇ ਮਾਰ-ਕੁੱਟ ਕੀਤੀ ਜਾਂਦੀ ਸੀ। ਜਦੋਂ ਉਸਨੇ ਭਾਰਤ ਵਾਪਸੀ ਦੀ ਮੰਗ ਕੀਤੀ ਤਾਂ ਦੋ ਲੱਖ ਰੁਪਏ ਜਾਂ ਭਾਰਤ ਤੋਂ ਦੋ ਹੋਰ ਲੜਕੀਆਂ ਭੇਜਣ ਦੀ ਸ਼ਰਤ ਰੱਖੀ ਗਈ। ਉਸਨੇ ਦੱਸਿਆ ਕਿ ਦੋ ਮਹੀਨੇ ਤੱਕ ਉਹ ਇੱਕ ਪਰਿਵਾਰ ਵਿੱਚ ਕੰਮ ਕਰਦੀ ਰਹੀ, ਪਰ ਜਦੋਂ ਉਸਨੂੰ ਅਹਿਸਾਸ ਹੋਇਆ ਕਿ ਹੁਣ ਉਹ ਆਪਣੀ ਇਜ਼ਤ ਦੀ ਰੱਖਿਆ ਨਹੀਂ ਕਰ ਸਕੇਗੀ ਤਾਂ ਕਿਸੇ ਤਰ੍ਹਾਂ ਜਾਨ ਬਚਾ ਕੇ ਇੱਕ ਸੁਰੱਖਿਅਤ ਥਾਂ ਤੱਕ ਪਹੁੰਚੀ। ਉੱਥੇ ਪਹਿਲਾਂ ਹੀ ਲਗਭਗ 70 ਹੋਰ ਭਾਰਤੀ ਲੜਕੀਆਂ ਇਸੇ ਤਰ੍ਹਾਂ ਦੇ ਹਾਲਾਤਾਂ ਵਿੱਚ ਫਸੀਆਂ ਹੋਈਆਂ ਸਨ।
ਪੀੜਤਾ ਨੇ ਦੱਸਿਆ ਕਿ ਮਸਕਟ (ਓਮਾਨ) ਵਿੱਚ ਲੜਕੀਆਂ ਨੂੰ ਘਰੇਲੂ ਕੰਮ ਦੇ ਨਾਂ ‘ਤੇ ਬੁਲਾ ਕੇ ਇੱਕ ਤਰੀਕੇ ਨਾਲ ਵੇਚਿਆ ਜਾ ਰਿਹਾ ਹੈ। ਉੱਥੇ ਲੜਕੀਆਂ ‘ਤੇ ਜ਼ਬਰਦਸਤੀ ਅਣਚਾਹੇ ਸੰਬੰਧ ਬਣਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਇਨਕਾਰ ਕਰਨ ‘ਤੇ ਬਦਸਲੂਕੀ, ਮਾਰ-ਕੁੱਟ ਜਾਂ ਖਾਣ-ਪੀਣ ਤੱਕ ਰੋਕ ਦਿੱਤਾ ਜਾਂਦਾ ਹੈ। ਜਾਂ ਫਿਰ ਵਾਪਸੀ ਲਈ ਲੱਖਾਂ ਰੁਪਏ ਦੀ ਮੰਗ ਜਾਂ ਭਾਰਤ ਤੋਂ ਹੋਰ ਲੜਕੀਆਂ ਨੂੰ ਬੁਲਾਉਣ ਦਾ ਦਬਾਅ ਪਾਇਆ ਜਾਂਦਾ ਹੈ। ਪੀੜਤਾ ਨੇ ਅਪੀਲ ਕਰਦਿਆਂ ਕਿਹਾ ਕਿ ਓਮਾਨ ਲੜਕੀਆਂ ਲਈ ਸੁਰੱਖਿਅਤ ਨਹੀਂ ਹੈ। ਉੱਥੇ ਜਾਣ ਤੋਂ ਪਹਿਲਾਂ ਵੱਡੇ ਸੁਪਨੇ ਦਿਖਾਏ ਜਾਂਦੇ ਹਨ, ਪਰ ਅਸਲੀਅਤ ਬਿਲਕੁਲ ਵੱਖਰੀ ਹੁੰਦੀ ਹੈ।
70 ਲੜਕੀਆਂ ਦੀ ਸੁਰੱਖਿਅਤ ਵਾਪਸੀ ਲਈ ਵਿਦੇਸ਼ ਮੰਤਰਾਲੇ ਨੂੰ ਪੱਤਰ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅਰਬ ਦੇਸ਼ਾਂ ਵਿੱਚ ਭਾਰਤੀ ਲੜਕੀਆਂ ਨਾਲ ਹੋ ਰਿਹਾ ਸ਼ੋਸ਼ਣ ਬਹੁਤ ਗੰਭੀਰ ਅਤੇ ਚਿੰਤਾਜਨਕ ਮਸਲਾ ਹੈ। ਉਨ੍ਹਾਂ ਦੱਸਿਆ ਕਿ ਓਮਾਨ ਵਿੱਚ ਫਸੀਆਂ ਲਗਭਗ 70 ਭਾਰਤੀ ਲੜਕੀਆਂ ਦੀ ਸੁਰੱਖਿਅਤ ਵਾਪਸੀ ਲਈ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਸੀ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਪੰਜ ਲੜਕੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ। ਉਨ੍ਹਾਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਮਨੁੱਖੀ ਤਸਕਰੀ ਨਾਲ ਜੁੜੇ ਗਿਰੋਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿੱਚ ਕੋਈ ਹੋਰ ਧੀ ਇਸ ਤਰ੍ਹਾਂ ਦੇ ਜਾਲ ਦਾ ਸ਼ਿਕਾਰ ਨਾ ਬਣੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
