...ਜਦੋਂ ਸਾਨੂੰ ਸਟੇਸ਼ਨ ਮਾਸਟਰ ਨੇ ਰਾਹ ਦੱਸਿਆ (ਹੱਡਬੀਤੀ)
Sunday, Apr 02, 2023 - 01:12 AM (IST)
ਕਿਸੇ ਨਾਵਾਕਫ਼ ਰਾਹਗੀਰ ਦਾ ਮਾਰਗ ਦਰਸ਼ਨ ਕਰਨਾ ਜਿੱਥੇ ਪੁੰਨ ਅਰਥ ਹੁੰਦਾ ਹੈ, ਉਥੇ ਸਾਡਾ ਸਮਾਜਿਕ ਫਰਜ਼ ਵੀ ਹੈ। ਸੁਚੱਜੇ ਢੰਗ ਨਾਲ ਕੀਤਾ ਗਿਆ ਮਾਰਗ ਦਰਸ਼ਨ ਯਾਤਰੀ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ 'ਚ ਸਹਾਈ ਹੁੰਦਾ ਹੈ ਪਰ ਸਹੀ ਤੇ ਸਿੱਧੇ ਰਾਹ ਦੀ ਤਸਵੀਰ ਵਿਖਾਉਣਾ ਵੀ ਇਕ ਕਲਾ ਹੈ, ਜੋ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਸ਼ਹਿਰ ਹੋਵੇ ਜਾਂ ਪਿੰਡ, ਆਮ ਵੇਖਿਆ ਹੈ ਕਿ ਲੋਕ ਰਾਹ ਪੁੱਛਣ ਵਾਲਿਆਂ ਪ੍ਰਤੀ ਦਿਲਚਸਪੀ ਜ਼ਰੂਰ ਰੱਖਦੇ ਹਨ ਪਰ ਕਈ ਵਾਰ ਉਹ ਆਪਣੇ ਹੀ ਢੰਗ ਨਾਲ ਦੱਸਦੇ ਹੋਏ ਕੋਹਾਂ ਜਾਂ ਮੀਲਾਂ ਦਾ ਪੈਂਡਾ ਕੁਝ ਹੀ ਫ਼ਰਲਾਂਗਾਂ 'ਚ ਕਹਿ ਕੇ ਇਸ ਤਰ੍ਹਾਂ ਭੰਬਲਭੂਸੇ ਵਿੱਚ ਪਾਉਂਦੇ ਹਨ ਕਿ ਯਕੀਨਨ ਚੰਗਾ-ਭਲਾ ਬੰਦਾ ਵੀ ਕੁਰਾਹੇ ਪੈ ਜਾਂਦਾ ਹੈ।
ਖ਼ੈਰ! ਗੱਲ ਦਸੰਬਰ 2012 ਦੀ ਹੈ। ਮੇਰੇ ਫ਼ੌਜੀ ਜੀਵਨ ਸਮੇਂ ਰਹੇ ਇਕ ਜਿਗਰੀ ਦੋਸਤ ਦੀ ਬੇਟੀ ਦੇ ਵਿਆਹ 'ਤੇ ਜਾਣਾ ਸੀ। ਧੁੰਦਲਾ ਮੌਸਮ ਹੋਣ ਕਰਕੇ ਅਸੀਂ ਰੇਲ ਗੱਡੀ ਰਾਹੀਂ ਜਾਣ ਦੀ ਤਿਆਰੀ ਖਿੱਚ ਲਈ। ਜਾਣ ਵਾਲੇ ਦਿਨ ਸਵੇਰੇ 4 ਵਜੇ ਹੀ ਪਤਨੀ ਚਾਹ ਦਾ ਕੱਪ ਮੇਰੇ ਸਿਰਹਾਣੇ ਰੱਖ ਕੇ ਬੋਲੀ, "ਜੀ, ਜਲਦੀ ਉਠੋ, ਰੇਲ ਗੱਡੀ ਨੇ ਤਾਂ ਝੱਟ ਹੀ ਪੌਂ-ਪੌਂ ਕਰ ਦੇਣੀ ਐ। ਨਾਲੇ ਉਹਨੇ ਸਾਨੂੰ ਥੋੜ੍ਹੀ ਨਾ ਉਡੀਕਣੈ।"
ਮੈਂ ਉਭੜਵਾਹੇ ਉਠਿਆ, ਚਾਹ ਪੀਤੀ ਤੇ ਛੇਤੀ-ਛੇਤੀ ਇਸ਼ਨਾਨ ਕਰਕੇ ਸੂਟ-ਬੂਟ ਪਾ ਕੇ ਠਾਠੀ-ਸਾਠੀ ਤੇ ਪੱਗ ਬੰਨ੍ਹ ਕੇ ਟਾਈ ਵੀ ਕੱਸ ਲਈ। ਉਧਰ ਘਰਵਾਲੀ ਕਢਾਈ ਵਾਲੇ ਸੂਟ, ਚੂੜੀਆਂ, ਪਰਸ ਤੇ ਪਾਊਡਰ-ਕਰੀਮਾਂ ਪਤਾ ਨਹੀਂ ਕੀ-ਕੀ ਚੁੱਕੀ ਫਿਰੇ। ਸਾਡੇ ਸਾਰਿਆਂ ਦੇ ਢਿੱਡ ਵਿੱਚ ਵਿਆਹ ਦੇ ਲੱਡੂ ਫੁੱਟ ਰਹੇ ਸਨ। ਬੜਾ ਜ਼ੋਰ-ਸ਼ੋਰ ਲਾ ਕੇ ਅਸੀਂ ਲੰਮੇ-ਲੰਮੇ ਕਦਮੀਂ ਪਟਿਆਲਾ ਛਾਉਣੀ ਰੇਲਵੇ ਸਟੇਸ਼ਨ ਪਹੁੰਚੇ। ਮੈਂ ਜੇਠੂਕੇ ਦੀਆਂ ਤਿੰਨ ਟਿਕਟਾਂ ਲੈ ਕੇ ਕੋਟ ਦੀ ਜੇਬ ਵਿੱਚ ਪਾ ਲਈਆਂ। ਗੱਡੀ ਆਈ ਤੇ ਅਸੀਂ ਕਾਹਲੀ ਨਾਲ ਗੱਡੀ ਵਿਚ ਬੈਠ ਗਏ। ਗੱਡੀ ਪਸੈਂਜਰ ਸੀ। ਰੁਕਦੀ-ਰੁਕਾਂਦੀ ਤੇ ਕੂਕਾਂ ਮਾਰਦੀ ਉਹ ਮਸਾਂ 11 ਕੁ ਵਜੇ ਜੇਠੂਕੇ ਸਟੇਸ਼ਨ ਪੁੱਜੀ। ਅਸੀਂ ਫਟਾਫਟ ਉਤਰ ਗਏ। ਇੰਜਣ ਨੇ ਕੂਕ ਮਾਰੀ ਤੇ ਰੇਲ ਗੱਡੀ ਨੇ ਬਠਿੰਡੇ ਵੱਲ ਨੂੰ ਚਾਲੇ ਪਾ ਦਿੱਤੇ। ਮੈਂ ਇਧਰ-ਉਧਰ ਵੇਖ ਹੀ ਰਿਹਾ ਸੀ ਕਿ ਇੱਥੋਂ ਪੈਲੇਸ ਦਾ ਰਾਹ ਪੁੱਛ ਲਈਏ ਕਿ ਜਦ ਨੂੰ ਤਿੰਨ-ਚਾਰ ਜਣੇ ਇੰਝ ਸਾਡੇ ਦੁਆਲੇ ਹੋ ਗਏ ਜਿਵੇਂ ਕਿਸੇ ਮਦਾਰੀ ਨੂੰ ਬੱਚਿਆਂ ਨੇ ਘੇਰਿਆ ਹੁੰਦੈ। ਉਹ ਡੂੰਘੀ ਨਜ਼ਰੇ ਸਾਡੇ ਵੱਲ ਇੰਝ ਵੇਖ ਰਹੇ ਸਨ ਜਿਵੇਂ ਕੋਈ ਨਵੀਂ ਚੀਜ਼ ਵੇਖ ਰਹੇ ਹੋਣ।
"ਬਾਈ ਕਿੱਥੋਂ ਆਏ ਓਂ?" ਇਕ ਬੰਦੇ ਨੇ ਕਾਹਲੀ ਨਾਲ ਪੁੱਛਿਆ।
ਮੈਂ ਕਿਹਾ "ਜੀ ਪਟਿਆਲੇ ਤੋਂ।"
"ਤੇ ਜਾਣਾ ਕਿੱਥੇ ਐ?"
"ਇੱਥੇ ਜੀ. ਟੀ. ਰੋਡ 'ਤੇ ਢਿੱਲੋਂ ਮੈਰਿਜ ਪੈਲੇਸ ਵਿਚ ਇਕ ਵਿਆਹ 'ਤੇ ਜਾਣੈ।"
"ਤੁਸੀਂ ਤਾਂ ਵਾਹਵਾ ਦੂਰੋਂ ਆਏ ਓਂ। ਐਂ ਕਰਿਓ ਬਾਈ..., ਥੋੜ੍ਹਾ ਪਿੱਛੇ ਜਾ ਕੇ ਖੱਬੇ ਨੂੰ ਹੋ ਜਾਇਓ, ਕੁਝ ਕੁ ਵਾਟ 'ਤੇ ਜੀ ਟੀ. ਰੋਡ ਐ, ਉਥੋਂ ਥੋਨੂੰ ਰਾਮਪੁਰੇ ਵੱਲ ਨੂੰ ਕੋਈ ਸਵਾਰੀ ਮਿਲਜੂ...।" ਉਹ ਠੀਕ ਦੱਸ ਰਿਹਾ ਸੀ ਪਰ ਇਕ ਅੱਧਖੜ ਜਿਹੀ ਉਮਰ ਦਾ ਬੰਦਾ ਮੁੱਛਾਂ 'ਤੇ ਹੱਥ ਫੇਰਦਿਆਂ ਵਿਚੇ ਬੋਲ ਪਿਆ, "ਬਾਈ ਇਹ ਤਾਂ ਐਵੇਂ ਭਕਾਈ ਮਾਰੀ ਜਾਂਦੈ। ਮੈਂ ਥੋਨੂੰ ਸ਼ਾਰਟ-ਕੱਟ ਦੱਸਦਾਂ। ਆਹ ਜਿਹੜੀ ਰੇਲ ਗੱਡੀ ਥੋਨੂੰ 'ਤਾਰ ਕੇ ਗਈ ਐ ਨਾ, ਬਸ ਇਸ ਦੇ ਪਿੱਛੇ -ਪਿੱਛੇ ਗੱਡੀ ਦੀ ਲੀਹੋ-ਲੀਹ ਤੁਰੇ ਜਾਓ। 'ਗਾਹਾਂ ਡਰੇਨ ਦਾ ਪੁਲ ਐ, ਓਦੂੰ ਅਗਾਂਹ ਫ਼ਾਟਕ ਐ। ਉਥੋਂ ਥੋਨੂੰ ਕੋਈ ਟੈਂਪੂ ਜਾਂ ਟਰੈਕਟਰ-ਟਰਾਲੀ ਮਿਲਜੂ। ਬਸ ਨਾਲ ਈ ਪੈਲੇਸ ਐ...।"
ਮੈਂ ਪੁੱਛਿਆ "ਵੀਰ ਜੀ ਕਿੰਨੀ ਕੁ ਦੂਰ ਐ?"
"ਦੂਰ ਕਿਹੜੀ ਆ, ਆਹ ਦੋ ਪੈਰਾਂ ਦੀ ਮਾਰ ਐ। ਨੱਕ ਦੀ ਸੇਧ, ਬਿਲਕੁਲ ਸਿੱਧੇ ਅੱਖਾਂ ਮੀਚ ਕੇ ਤੁਰੇ ਜਾਓ...।"
ਚਲੋ ਜੀ, ਅਸੀਂ ਗੱਡੀ ਦੀ ਲੀਹ ਦੇ ਨਾਲ-ਨਾਲ ਇਕ ਪਾਸੇ ਨੂੰ ਹੋ ਤੁਰੇ। ਥੋੜ੍ਹਾ ਅੱਗੇ ਬੈਠੀਆਂ ਕੁਝ ਬੀਬੀਆਂ ਨੂੰ ਮੇਰੀ ਪਤਨੀ ਹਾਲੇ ਪੁੱਛਣ ਹੀ ਲੱਗੀ ਸੀ ਕਿ ਉਹੀ ਭਾਈ ਸਾਹਿਬ ਫਿਰ ਪਿੱਛੋਂ ਆ ਕੜਕਿਆ, "ਭਾਈ ਜਦੋਂ ਨੂੰ ਪੁੱਛੋਂਗੇ, ਓਦੋਂ ਨੂੰ ਤਾਂ ਪਹੁੰਚ ਜਾਓਗੇ। ਨਾਲੇ ਵਾਟ ਕਿਹੜੀ ਐ ਇਹ। ਆਹ ਦੋ ਫਰਲਾਂਗਾਂ 'ਤੇ ਤਾਂ ਫ਼ਾਟਕ ਖੜ੍ਹੈ।"
ਹੁਣ ਉਸ ਦੀ ਅਵਾਜ਼ 'ਚ ਰੁੱਖਾਪਣ ਲੱਗ ਰਿਹਾ ਸੀ। "ਠੀਕ ਐ ਜੀ।" ਕਹਿ ਕੇ ਤੇ ਉਸ ਦਾ ਮਾਣ ਰੱਖ ਕੇ ਅਸੀਂ ਉਸ ਦੇ ਦੱਸੇ ਹੋਏ ਰਾਹ 'ਤੇ ਤੁਰ ਪਏ। ਤੇਜ਼ ਹਵਾ ਨਾਲ ਅੱਗੋਂ ਰੇਤੇ ਦੀਆਂ ਛੱਲਾਂ ਫਾੜ੍ਹ-ਫਾੜ੍ਹ ਪੈ ਰਹੀਆਂ ਸਨ। ਗੱਡੀ ਦੀ ਲੀਹ ਦੇ ਦੋਵੇਂ ਪਾਸੇ ਉੱਗੇ ਕਾਂਹੀ-ਪੂਲੇ ਸ਼ਾਂ-ਸ਼ਾਂ ਕਰ ਰਹੇ ਸਨ। 2 ਕੁ ਕਿਲੋਮੀਟਰ ਗਏ ਤਾਂ ਅੱਗੋਂ ਲਾਈਨ ਚੈੱਕ ਕਰਦੇ ਆ ਰਹੇ ਇਕ ਰੇਲਵੇ ਮੁਲਾਜ਼ਮ ਨੇ ਪੁੱਛਿਆ, "ਸਰਦਾਰ ਜੀ ਕਹਾਂ ਜਾ ਰਹੇ ਹੋ?" ਮੈਂ ਕਿਹਾ, "ਆਗੇ ਫ਼ਾਟਕ ਕੇ ਪਾਸ ਪੈਲੇਸ ਹੈ।"
"ਆਪ ਗਲਤ ਆ ਗਏ ਹੋ।"
ਏਨਾ ਸੁਣਦੇ ਹੀ ਮੇਰੀ ਪਤਨੀ ਵਿੱਚੋਂ ਹੀ ਟੋਕ ਕੇ ਬੋਲੀ, "ਚਲੋ ਜੀ ਚਲੋ ਮਸਾਲਿਆਂ 'ਚ ਤੇਲ ਨਾ ਫੂਕੋ। ਕਿਤੇ ਤਾਂ ਪਹੁੰਚਾਂਗੇ ਈ।"
"ਚੰਗਾ ਆ ਜਾਓ ਫਿਰ, ਤੁਰੀਆਂ ਆਓ।" ਕਹਿ ਕੇ ਮੈਂ ਲੰਮੇ ਕਦਮੀਂ ਆਪਣੀ ਫ਼ੌਜੀਆਂ ਵਾਲ਼ੀ ਚਾਲੇ ਤੁਰਦਾ ਇਨ੍ਹਾਂ ਤੋਂ ਅਗਾਂਹ ਲੰਘ ਗਿਆ ਸੀ। ਪਿੱਛੋਂ ਜ਼ੋਰ-ਜ਼ੋਰ ਦੀਆਂ ਅਵਾਜ਼ਾਂ ਆਉਣ ਲੱਗੀਆਂ, "ਜੀ ਹੌਲ਼ੀ ਚੱਲੋ... ਸਾਡੇ ਤਾਂ ਸੂਟ ਸਾਰੇ ਘੱਟੇ ਨਾਲ ਭਰ ਗਏ ਨੇ.., ਮੇਰੇ ਪੈਰ ਰਕਾਬੀ ਨੇ ਵੱਡ ਦਿੱਤੇ ਆ....ਮੇਰੀ ਤਾਂ ਚੁੰਨੀ ਝਾੜੀਆਂ 'ਚ ਫਸ ਗਈ..., ਸਾਡਾ ਤਾਂ ਸਾਹ ਚੜ੍ਹ ਗਿਐ...। ਤੁਸੀਂ ਹੌਲ਼ੀ ਨੀ ਤੁਰ ਸਕਦੇ? ਕਿੰਨੀ ਕੁ ਦੂਰ ਐ ਫੂਕਣਾ ਰੇਲਵੇ ਫ਼ਾਟਕ....।" ਮੇਰੀ ਪਤਨੀ ਤੇ ਬੇਟੀ ਇਕੋ ਸਾਹ ਬੋਲੀ ਜਾ ਰਹੀਆਂ ਸਨ। ਮੇਰੀ ਵੀ ਟਾਈ ਢਿੱਲੀ ਹੋ ਚੁੱਕੀ ਸੀ। ਮੈਂ ਕਦੇ ਪੱਗ ਸਵਾਰਾਂ, ਕਦੇ ਟਾਈ ਸਿੱਧੀ ਕਰਾਂ ਤੇ ਕਦੇ ਢਿਲਕਦੀ ਪੈਂਟ ਨੂੰ ਉਤਾਂਹ ਚੁੱਕਾਂ। ਵਿਆਹ ਦੀਆਂ ਖੁਸ਼ੀਆਂ ਕਿਧਰੇ ਖੰਭ ਲਾ ਕੇ ਉੱਡ- ਪੁੱਡ ਗਈਆਂ ਸਨ। ਅਸੀਂ ਵਾਹੋ-ਦਾਹੀ ਜਿਵੇਂ ਕਿਸੇ ਵਖਤਾਂ 'ਚ ਪਏ ਜਾਂਦੇ ਲੱਗ ਰਹੇ ਸੀ। ਹਿਬੜ-ਹਿਬੜ ਕਰਦੇ ਲੱਗਭਗ 5-6 ਕਿਲੋਮੀਟਰ ਤੁਰ ਕੇ ਹਫ਼ਦੇ-ਹਫ਼ਦੇ ਮਸਾਂ ਹੀ ਫ਼ਾਟਕ ਤੱਕ ਪੁੱਜੇ। ਘਰਵਾਲੀ ਡੌਰ-ਭੌਰੇ ਹੋਈ ਮੂੰਹ ਤੋਂ ਕਰੀਮੀ ਮੁੜ੍ਹਕਾ ਪੂੰਝਦੀ ਹੋਈ ਕਦੇ ਮੇਰੇ ਵੱਲ ਵੇਖੇ ਤੇ ਕਦੇ ਆਪਣੇ ਲਿੱਬੜੇ ਹੋਏ ਸੂਟ ਵੱਲ।
ਖ਼ੈਰ! ਮੈਂ ਇਕ ਇੰਡੀਕਾ ਕਾਰ ਵਾਲੇ ਨੂੰ ਹੱਥ ਦੇ ਕੇ ਢਿੱਲੋਂ ਪੈਲੇਸ ਤੱਕ ਛੱਡਣ ਦੀ ਬੇਨਤੀ ਕੀਤੀ ਪਰ ਉਦੋਂ ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਕਿਹਾ, "ਬਾਈ ਜੀ, ਆਹ ਲੀਹ ਦੇ ਨਾਲ-ਨਾਲ ਡੂਢ-ਦੋ ਮੀਲ ਅਗਾਂਹ ਪੈਲੇਸ ਆ ਜਾਵੇਗਾ। ਬਸ ਤੁਸੀਂ ਸਿੱਧੇ ਈ ਤੁਰੇ ਜਾਓ।"
ਮੈਂ ਠੰਡਾ ਜਿਹਾ ਹੌਕਾ ਭਰ ਕੇ ਕਿਹਾ, "ਕਿਰਪਾ ਕਰਕੇ ਸਾਨੂੰ ਜੀ. ਟੀ. ਰੋਡ ਤੱਕ ਹੀ ਛੱਡ ਦਿਓ।"
"ਤਾਂ ਫਿਰ ਬੈਠ ਜਾਓ। ਇਹ (ਗੱਡੀ) ਕਿਹੜਾ ਥੱਕਦੀ ਐ।" ਉਹ ਬੋਲਿਆ। ਅਸੀਂ ਲਿਬੜੇ-ਤਿਬੜੇ ਓਵੇਂ ਹੀ ਉਸ ਦੀ ਕਾਰ ਵਿਚ ਵੜ ਗਏ ਤੇ ਝੱਟ ਹੀ ਉਸ ਨੇ ਜੀ ਟੀ. ਰੋਡ 'ਤੇ ਸਾਨੂੰ ਉਤਾਰ ਦਿੱਤਾ। ਉਥੋਂ ਇਕ ਟੈਂਪੂ ਵਿਚ ਘੁਸੜ ਕੇ ਬੈਠੇ ਤਾਂ ਉਸ ਨੇ 2 ਮਿੰਟਾਂ ਵਿਚ ਹੀ ਸਾਨੂੰ ਪੈਲੇਸ ਮੂਹਰੇ ਉਤਾਰ ਦਿੱਤਾ। ਅਸੀਂ ਹੱਥ-ਮੂੰਹ ਧੋ ਕੇ ਤੇ ਪੂੰਝ-ਪੂੰਝ ਕੇ ਸਾਰੇ ਰੁਮਾਲ-ਠਾਠੀਆਂ ਕਾਲ਼ੇ ਕਰ ਛੱਡੇ ਸਨ। ਲੱਗਭਗ ਡੇੜ ਵਜੇ ਦੇ ਕਰੀਬ ਕਿਤੇ ਜਾ ਕੇ ਅਸੀਂ ਵਿਆਹ ਵਿਚ ਸ਼ਾਮਲ ਹੋਏ। ਸ਼ਗਨ ਦੇਣ ਉਪਰੰਤ ਦੋਸਤਾਂ-ਮਿੱਤਰਾਂ ਨਾਲ ਗੱਲਾਂ-ਬਾਤਾਂ ਕਰਦਿਆਂ ਲੰਗਰ-ਪਾਣੀ ਛਕਿਆ ਪਰ ਰਸਤੇ ਵਿਚ ਬੀਤੀ ਬਾਰੇ ਅਸੀਂ ਸ਼ਰਮੋਂ-ਸ਼ਰਮੀ ਕਿਸੇ ਕੋਲ ਭਾਫ਼ ਤੱਕ ਨਾ ਕੱਢੀ।
ਵਾਪਸੀ 'ਤੇ ਸਾਨੂੰ ਮੇਰੇ ਦੋਸਤ ਨੇ ਜੀਪ ਰਾਹੀਂ ਸਿਰਫ਼ 5-7 ਮਿੰਟਾਂ ਵਿਚ ਹੀ ਜੇਠੂਕੇ ਸਟੇਸ਼ਨ ਤੱਕ ਛੱਡ ਦਿੱਤਾ ਪਰ ਅਸੀਂ ਉਸ ਸਮੇਂ ਇਕਦਮ ਸੁੰਨ ਹੋ ਗਏ ਜਦ ਸਾਨੂੰ ਦੇਖ ਕੇ ਉਹੀ ਭਾਈ ਫਿਰ ਸਾਹਮਣੇ ਆ ਖੜ੍ਹਿਆ ਤੇ ਸਾਡੇ ਵੱਲ ਭਰਮੀ ਨਿਗ੍ਹਾ ਨਾਲ ਤੱਕਦਿਆਂ ਬੋਲਿਆ, "ਆ ਜਾਓ ਭਾਈ ਟਿਕਟਾਂ-ਟੁਕਟਾਂ ਲੈ ਲਓ। ਮੈਂ ਫਿਰ ਕਿਤੇ ਚਲਾ ਜਾਣੈ।" ਤੇ ਉਹ ਨੇੜੇ ਹੀ ਬਣੀ ਕੋਠੜੀ ਜਿਹੇ ਟਿਕਟ-ਘਰ ਵਿੱਚ ਜਾ ਵੜਿਆ। ਮੈਂ ਪਟਿਆਲਾ ਛਾਉਣੀ ਦੀਆਂ ਤਿੰਨ ਟਿਕਟਾਂ ਲੈਣ ਉਪਰੰਤ ਨਿਮਰਤਾ ਸਹਿਤ ਪੁੱਛਿਆ, "ਵੀਰ ਜੀ ਤੁਸੀਂ ਇਥੇ ਕਿਵੇਂ...?" ਉਹ ਵਿਚੇ ਹੀ ਬੋਲ ਪਿਆ, "ਮੈਂ ਬਾਈ ਇੱਥੇ ਟੇਸ਼ਨ ਮਾਹਟਰ ਆਂ।"
"ਠੀਕ ਐ ਜੀ।" ਕਹਿ ਕੇ ਮੈਂ ਪਤਨੀ ਨੂੰ ਆ ਕੇ ਦੱਸਿਆ, "ਸਵੇਰੇ ਜਿਸ ਆਦਮੀ ਨੇ ਆਪਾਂ ਨੂੰ ਰਾਹ ਦੱਸਿਆ ਸੀ ਉਹ ਕੋਈ ਹੋਰ ਨਹੀਂ ਸੀ, ਸਗੋਂ ਇੱਥੋਂ ਦਾ ਸਟੇਸ਼ਨ ਮਾਸਟਰ ਐ।"
ਮੁੜਦੇ ਸਮੇਂ ਰੇਲ ਗੱਡੀ ਵਿਚ ਬੈਠੇ ਅਸੀਂ ਆਪ-ਬੀਤੀ 'ਤੇ ਆਪ ਹੀ ਹੱਸ-ਹੱਸ ਦੂਹਰੇ ਹੋ ਰਹੇ ਸੀ। ਇਸ ਹਾਸੇ-ਠੱਠੇ ਵਿਚ ਸਾਨੂੰ ਪਤਾ ਹੀ ਨਾ ਚੱਲਿਆ ਕਿ ਕਦੋਂ ਅਸੀਂ ਪਟਿਆਲੇ ਪਹੁੰਚ ਗਏ। ਮੇਰੀ ਘਰਵਾਲ਼ੀ ਅੱਜ ਵੀ ਕਈ ਵਾਰ ਮਖੌਲ 'ਚ ਇਹ ਕਹਿ ਕੇ ਚੇਤੇ ਜ਼ਰੂਰ ਕਰਾ ਦਿੰਦੀ ਐ ਅਖੇ, "ਜੀ ਤੁਹਾਨੂੰ ਯਾਦ ਐ? ..ਜਦੋਂ ਸਾਨੂੰ ਸਟੇਸ਼ਨ ਮਾਸਟਰ ਨੇ ਰਾਹ ਦੱਸਿਆ ਸੀ।"
-ਕੁਲਵੰਤ ਸਿੰਘ ਸੈਦੋਕੇ