ਲੇਖ: ਏਸ਼ੀਆਈ ਆਗੂਆਂ ਦੀ ਤਰ੍ਹਾਂ ਟਰੰਪ ਵੀ ਕਰ ਰਹੇ ਹਨ ਆਮਦਨ ਟੈਕਸ ਦੀ ਚੋਰੀ!

10/03/2020 4:03:47 PM

ਸੰਜੀਵ ਪਾਂਡੇ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਾਤੀਨੀ ਅਮਰੀਕੀ ਅਤੇ ਏਸ਼ੀਆਈ ਆਗੂਆਂ ਦੀ ਕਤਾਰ ਵਿੱਚ ਸ਼ਾਮਲ ਹੋ ਰਹੇ ਹਨ। ਟਰੰਪ 'ਤੇ ਉਸ ਦੇ ਇਨਕਮ ਟੈਕਸ ਜਮ੍ਹਾਂ ਕਰਵਾਉਣ ਬਾਰੇ ਸ਼ੰਕੇ ਖੜ੍ਹੇ ਹੋ ਗਏ ਹਨ। ਟਰੰਪ ਦੀਆਂ ਇਨਕਮ ਟੈਕਸ ਰਿਟਰਨਾਂ 'ਤੇ ਸਵਾਲ ਚੁੱਕੇ ਗਏ ਹਨ। ਇੰਨਾ ਹੀ ਨਹੀਂ, ਟਰੰਪ ਆਪਣੀ ਆਮਦਨੀ ਦੇ ਵੇਰਵਿਆਂ ਨੂੰ ਅਮਰੀਕੀ ਲੋਕਾਂ ਦੇ ਸਾਹਮਣੇ ਰੱਖਣ ਤੋਂ ਗੁਰੇਜ਼ ਕਰ ਰਹੇ ਹਨ। ਇਸ ਦੌਰਾਨ ਅਮਰੀਕੀ ਮੀਡੀਆ ਨੇ ਵੀ ਟਰੰਪ ਦੀ ਇਨਕਮ ਟੈਕਸ ਰਿਟਰਨ 'ਤੇ ਸਵਾਲ ਚੁੱਕੇ ਹਨ। ਹਾਲਾਂਕਿ ਅਮਰੀਕੀ ਕਾਨੂੰਨ ਅਮਰੀਕੀ ਰਾਸ਼ਟਰਪਤੀ ਅਤੇ ਹੋਰ ਆਗੂਆਂ ਨੂੰ ਇਨਕਮ ਟੈਕਸ ਰਿਟਰਨ ਜਨਤਕ ਕਰਨ ਲਈ ਮਜਬੂਰ ਨਹੀਂ ਕਰਦਾ ਕਿਉਂਕਿ ਅਮਰੀਕਾ ਵਿੱਚ ਆਮਦਨੀ ਟੈਕਸ ਨਾਲ ਸਬੰਧਤ ਵੇਰਵੇ ‘ਰਾਈਟ ਟੂ ਪਰਾਈਵੇਸੀ’ ਜਾਨੀ ਕਿ ਗੁਪਤਤਾ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ। ਪਰ ਅਮਰੀਕੀ ਆਗੂਆਂ ਨੇ ਕੋਈ ਸੰਵਿਧਾਨਕ ਮਜਬੂਰੀ ਨਾ ਹੋਣ ਦੇ ਬਾਵਜੂਦ ਖੁਦ ਹੀ ਆਪਣੀ ਆਮਦਨ ਟੈਕਸ ਰਿਟਰਨ ਨੂੰ ਜਨਤਕ ਕਰਨ ਦੀ ਰਵਾਇਤ ਸ਼ੁਰੂ ਕੀਤੀ ਸੀ ਜਿਸਨੂੰ ਵਰਤਮਾਨ ‘ਚ ਟਰੰਪ ਤੋੜ ਰਹੇ ਹਨ।  ਦਰਅਸਲ ਅਮਰੀਕੀ ਕਾਨੂੰਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਆਮ ਲੋਕਾਂ ਵਿਚ ਆਮਦਨ ਟੈਕਸ ਰਿਟਰਨ ਰੱਖਣ ਲਈ ਮਜਬੂਰ ਨਹੀਂ ਕਰਦਾ।

ਅਮਰੀਕੀ ਪਰੰਪਰਾ ਨੂੰ ਢਾਅ ਲਾ ਰਹੇ ਨੇ ਟਰੰਪ
ਡੋਨਾਲਡ ਟਰੰਪ ਅਰਬਾਂ ਡਾਲਰ ਦੇ ਮਾਲਕ ਹਨ। ਸਾਲ 2016 ਦੀਆਂ ਚੋਣਾਂ ਤੋਂ ਪਹਿਲਾਂ ਟਰੰਪ  ਨੇ ਆਪਣੀ ਆਮਦਨੀ ਨਾਲ ਜੁੜੇ ਵੇਰਵੇ ਦਿੱਤੇ ਸਨ। ਉਸਨੇ ਕਿਹਾ ਸੀ ਕਿ ਉਸ ਕੋਲ 10 ਅਰਬ ਡਾਲਰ ਦੀ ਜਾਇਦਾਦ ਹੈ। ਟਰੰਪ ਰੀਅਲ ਅਸਟੇਟ ਦੇ ਵੱਡੇ ਕਾਰੋਬਾਰੀ ਹਨ। ਹੁਣ ਨਿਊਯਾਰਕ ਟਾਈਮਜ਼ ਦੀ ਰਿਪੋਰਟ ਨੇ ਟਰੰਪ ਨੂੰ ਪਰੇਸ਼ਾਨ ਕਰ ਦਿੱਤਾ। ਨਿਊਯਾਰਕ ਟਾਈਮਜ਼ ਨੇ ਖ਼ਬਰ ਦਿੱਤੀ ਹੈ ਕਿ ਟਰੰਪ ਨੇ ਸਾਲ 2016 ਵਿਚ 750 ਡਾਲਰ ਦਾ ਸੰਘੀ ਆਮਦਨੀ ਟੈਕਸ ਅਦਾ ਕੀਤਾ ਸੀ।ਬਕਾਇਦਾ ਰਾਸ਼ਟਰਪਤੀ ਹੁੰਦਿਆਂ ਅਗਲੇ ਸਾਲ ਟਰੰਪ ਨੇ 750 ਡਾਲਰ ਆਮਦਨੀ ਟੈਕਸ ਅਦਾ ਕੀਤਾ। ਟਰੰਪ ਦੀ ਇਨਕਮ ਟੈਕਸ ਰਿਟਰਨ ਦੇ ਵੇਰਵਿਆਂ ਤੋਂ ਅਮਰੀਕੀ ਜਨਤਾ ਹੈਰਾਨ ਹੈ ਪਰ ਇਸ ਤੋਂ ਵੀ ਵੱਡਾ ਖੁਲਾਸਾ ਇਹ ਹੈ ਕਿ ਅਰਬਾਂ ਡਾਲਰਾਂ ਦੇ ਮਾਲਕ ਟਰੰਪ ਨੇ ਪਿਛਲੇ 15 ਸਾਲਾਂ ਦਰਮਿਆਨ 10 ਸਾਲਾਂ ਵਿਚ ਕੋਈ ਆਮਦਨ ਟੈਕਸ ਅਦਾ ਨਹੀਂ ਕੀਤਾ। ਟਰੰਪ ਉਦਾਰਵਾਦੀ ਅਮਰੀਕੀ ਕਾਨੂੰਨਾਂ ਦਾ ਪੂਰਾ ਲਾਭ ਲੈ ਰਹੇ ਹਨ। ਅਮਰੀਕੀ ਕਾਨੂੰਨ ਉਨ੍ਹਾਂ ਨੂੰ ਇਨਕਮ ਟੈਕਸ ਰਿਟਰਨ ਜਨਤਕ ਕਰਨ ਲਈ ਮਜਬੂਰ ਨਹੀਂ ਕਰਦੇ। ਟਰੰਪ 'ਤੇ ਇਹ ਵੱਡਾ ਸਵਾਲ ਹੈ ਕਿ ਜੇ ਉਹ ਈਮਾਨਦਾਰ ਹਨ ਤਾਂ ਆਮਦਨ ਟੈਕਸ ਰਿਟਰਨ ਜਨਤਕ ਕਿਉਂ ਨਹੀਂ ਕਰਦੇ? ਟਰੰਪ ਅਮਰੀਕਾ ਦੀ 47 ਸਾਲ ਪੁਰਾਣੀ ਪਰੰਪਰਾ ਨੂੰ ਕਿਉਂ ਖਤਮ ਕਰਨਾ ਚਾਹੁੰਦੇ ਹਨ, ਜਿਸ ਵਿੱਚ ਰਾਸ਼ਟਰਪਤੀ ਅਹੁਦੇ ਦੇ ਸਾਰੇ ਉਮੀਦਵਾਰਾਂ ਨੇ ਆਪਣੀ ਆਮਦਨ ਦੇ ਵੇਰਵੇ ਲੋਕਾਂ ਦੇ ਸਾਹਮਣੇ ਰੱਖੇ ਹਨ। ਪਹਿਲੀ ਵਾਰ 1973 ਵਿੱਚ ਸਾਬਕਾ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਸਭ ਤੋਂ ਪਹਿਲਾਂ ਆਪਣੀ ਟੈਕਸ ਰਿਟਰਨ ਲੋਕਾਂ ਸਾਹਮਣੇ ਪੇਸ਼ ਕੀਤੀ  ਸੀ ਕਿਉਂਕਿ ਨਿਕਸਨ ਦੇ ਨਿੱਜੀ ਟੈਕਸ ਨੂੰ ਲੈ ਕੇ ਵਿਵਾਦ ਹੋਇਆ ਸੀ।

PunjabKesari

 ਟਰੰਪ ਦਾ ਧਮਕੀਆਂ ਭਰਿਆ ਵਤੀਰਾ
ਯਕੀਨਨ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਟਰੰਪ ਫਸਦੇ ਜਾ ਰਹੇ ਹਨ। ਟਰੰਪ ਉੱਤੇ ਜ਼ਬਰਦਸਤ ਹਮਲੇ ਹੋ ਰਹੇ ਹਨ। ਇਸ ਦਾ ਅਸਰ ਟਰੰਪ 'ਤੇ ਸਾਫ਼ ਵਿਖ ਰਿਹਾ ਹੈ। ਟਰੰਪ ਦੇ ਵਿਵਹਾਰ ਵਿਚ ਤਬਦੀਲੀ ਨਜ਼ਰ ਆ ਰਹੀ ਹੈ। ਉਸਦੇ ਚਿਹਰੇ ਤੇ ਪ੍ਰੇਸ਼ਾਨੀ ਝਲਕ ਰਹੀ ਹੈ। ਕਈ ਵਾਰ ਟਰੰਪ ਤਾਨਾਸ਼ਾਹਾਂ ਵਾਂਗ ਬਿਆਨ ਦਿੰਦੇ ਹਨ। ਉਹ ਇਹ ਵੀ ਭੁੱਲ ਗਏ  ਹਨ ਕਿ ਉਹ ਵਿਸ਼ਵ ਦੇ ਇੱਕ ਸ਼ਕਤੀਸ਼ਾਲੀ ਲੋਕਤੰਤਰ ਦੇ ਰਾਸ਼ਟਰਪਤੀ ਹਨ। ਟਰੰਪ ਹੁਣ ਧਮਕੀ ਦੇ ਰਹੇ ਹਨ ਕਿ ਜੇ ਉਹ ਚੋਣ ਹਾਰ ਜਾਂਦੇ ਹਨ ਤਾਂ ਵੀ ਉਹ ਆਸਾਨੀ ਨਾਲ ਨਵੇਂ ਰਾਸ਼ਟਰਪਤੀ ਨੂੰ ਸ਼ਕਤੀਆਂ ਨਹੀਂ ਸੌਂਪਣਗੇ। ਟਰੰਪ ਚੋਣਾਂ ਦੌਰਾਨ ਲਗਾਤਾਰ ਧਮਕੀਆਂ ਦੇ ਰਹੇ ਹਨ। ਉਸ ਦੇ ਭਾਸ਼ਣਾਂ ‘ਚ ਏਸ਼ੀਆਈ ਆਗੂਆਂ ਦੀ ਝਲਕ ਵਿਖਦੀ ਹੈ। ਉਹ ਧਰਮ ਅਤੇ ਜਾਤੀ ਦੇ ਨਾਮ ਤੇ ਅਮਰੀਕਾ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ‘ਗੋਰਾ ਬਨਾਮ ਕਾਲਾ’ ਦੇ ਮਸਲੇ ‘ਤੇ ਹੋਣ। ਅਮਰੀਕਾ ਦੇ ਗੋਰੇ ਕਾਲਿਆਂ ਖ਼ਿਲਾਫ਼ ਹੋ ਜਾਣ। ਪਰ ਟਰੰਪ ਦੀ ਸਮੱਸਿਆ ਇਹ ਹੈ ਕਿ ਬਹੁਤ ਸਾਰੇ ਵੱਡੇ ਰਿਪਬਲੀਕਨ ਆਗੂ ਅਤੇ ਉਨ੍ਹਾਂ ਦੇ ਪਰਿਵਾਰ ਟਰੰਪ ਦੇ ਵਿਰੁੱਧ ਹਨ। ਵੱਡੇ ਰਿਪਬਲਿਕਨ ਆਗੂ ਮਰਹੂਮ ਜਾਨ ਮੈਕਕੇਨ ਦੇ ਪਰਿਵਾਰ ਨੇ ਟਰੰਪ ਦਾ ਵਿਰੋਧ ਕੀਤਾ ਹੈ ।ਉਹ ਜੋਅ ਬਿਡੇਨ ਦੇ ਸਮਰਥਨ ਵਿਚ ਖੜੇ ਹਨ।

ਇਸ ਨਿਯਮ ਨੇ ਬੰਨ੍ਹੇ ਭਾਰਤੀ ਆਗੂਆਂ ਦੇ ਹੱਥ
ਜੇ ਅਮਰੀਕਾ ਵਾਂਗ ਭਾਰਤ ਵਿਚ ਵੀ ਜਨਤਕ ਜੀਵਨ ਜਿਊਣ ਵਾਲੇ ਆਗੂਆਂ ਨੂੰ ਆਮਦਨ ਟੈਕਸ ਰਿਟਰਨ ਨੂੰ ਜਨਤਕ ਕਰਨ ਦੇ ਨਿਯਮ ਤੋਂ ਛੋਟ ਦਿੱਤੀ ਜਾਂਦੀ ਹੈ ਤਾਂ ਭਾਰਤੀ ਆਗੂ ਇਸ ਦੇ ਮਜ਼ੇ ਲੈਣਗੇ। ਭਾਰਤ ਵਿਚ 1961 ਦੇ ਚੋਣ ਨਿਯਮਾਂ ਤਹਿਤ ਚੋਣ ਲੜ ਰਹੇ ਉਮੀਦਵਾਰ ਨੂੰ ਆਪਣੀ ਪੂੰਜੀ ਸਬੰਧੀ ਜਾਣਕਾਰੀ ਦੇਣੀ ਪੈਂਦੀ ਹੈ। ਭਾਰਤ ਵਿਚ ਵਿਧਾਨ ਸਭਾ ਹੋਵੇ ਜਾਂ ਲੋਕ ਸਭਾ, ਚੋਣ ਲੜ ਰਹੇ ਉਮੀਦਵਾਰਾਂ ਨੂੰ ਆਪਣੀ ਜਾਇਦਾਦ ਅਤੇ ਆਮਦਨੀ ਦੀ ਪੂਰੀ ਜਾਣਕਾਰੀ ਚੋਣ ਕਮਿਸ਼ਨ ਨੂੰ ਦੇਣੀ ਪੈਂਦੀ ਹੈ। ਚੋਣ ਲੜ ਰਹੇ ਆਗੂਆਂ ਨੂੰ ਪੰਜ ਸਾਲਾਂ ਦਾ ਇਨਕਮ ਟੈਕਸ ਰਿਟਰਨ ਜਮ੍ਹਾਂ ਕਰਵਾਉਣਾ ਪੈਂਦਾ ਹੈ। ਹਾਲਾਂਕਿ ਏਸ਼ੀਆਈ ਦੇਸ਼ਾਂ ਵਿੱਚ ਟੈਕਸ ਚੋਰੀ ਕਰਨ ਦੇ ਦੋਸ਼ੀ ਆਗੂਆਂ ਦੀ ਬਹੁਤਾਤ ਹੈ। ਭਾਰਤ ਵਿਚ ਇਨਕਮ ਟੈਕਸ ਵਿਭਾਗ ਕਈ ਆਗੂਆਂ ਖ਼ਿਲਾਫ਼ ਆਮਦਨ ਟੈਕਸ ਚੋਰੀ ਕਰਨ ਦੇ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ। ਪਾਕਿਸਤਾਨ ਦੇ ਹਰ ਵੱਡੇ ਆਗੂ ਉੱਤੇ ਇਨਕਮ ਟੈਕਸ ਚੋਰੀ ਦਾ ਦੋਸ਼ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 'ਤੇ ਟੈਕਸ ਚੋਰੀ ਦਾ ਦੋਸ਼ ਲਾਇਆ ਗਿਆ ਸੀ। ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ 'ਤੇ ਆਮਦਨ ਟੈਕਸ ਚੋਰੀ ਦਾ ਦੋਸ਼ ਲਾਇਆ ਗਿਆ ਸੀ। ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਸ ਦੇ ਪਰਿਵਾਰ 'ਤੇ ਵੀ ਆਮਦਨ ਟੈਕਸ ਚੋਰੀ ਦਾ ਦੋਸ਼ ਲੱਗਾ ਹੈ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਪਾਕਿਸਤਾਨ ਦੀ ਸਭ ਤੋਂ ਭ੍ਰਿਸ਼ਟ ਫ਼ੌਜ ਉੱਤੇ ਅਜੇ ਤੱਕ ਆਮਦਨ ਟੈਕਸ ਚੋਰੀ ਦਾ ਦੋਸ਼ ਨਹੀਂ ਲੱਗਾ ਹੈ । ਬਹੁਤ ਸਾਰੇ ਹੋਰ ਏਸ਼ੀਆਈ ਦੇਸ਼ਾਂ ਦੇ ਆਗੂਆਂ ਲਈ ਆਮਦਨੀ ਤੋਂ ਵਧੇਰੇ ਸੰਪੱਤੀ ਬਣਾਉਣਾ ਆਮ ਗੱਲ ਹੈ।


Anuradha

Content Editor

Related News