ਕਵਿਤਾ ਖਿੜਕੀ: ਪੜ੍ਹੋ ਮਨੁੱਖੀ ਜਜ਼ਬੇ ਦੀ ਤਰਜਮਾਨੀ ਕਰਦੀਆਂ ਤਿੰਨ ਕਵਿਤਾਵਾਂ

04/03/2022 5:31:42 PM

ਮੰਜ਼ਿਲ ਦੂਰ ਨਹੀਂ

ਅਜੇ ਆਈ ਨਹੀਂ ਮੰਜ਼ਿਲ
ਅਜੇ ਤਾਂ ਮੁੱਕਿਆ ਏ
ਇਕ ਪੜਾਅ
ਹਾਲੇ ਤਾਂ ਅਹਿਦ ਏ
ਲੰਮੀਆਂ ਵਾਟਾਂ ਤੁਰਨ ਦਾ
ਕਿ ਜਿਸ ਤਰ੍ਹਾਂ.....
ਤੁਰਦੇ ਨੇ ਮੁਸਾਫ਼ਿਰ
ਕਿ ਜਿਸ ਤਰ੍ਹਾਂ
ਵਗਦੇ ਨੇ ਪਾਣੀ
ਮੰਜ਼ਿਲ ਦੀ ਤਲਾਸ਼ ਵੱਲ
ਚੱਲਦੇ ਹੀ ਹੈ ਜਾਣਾ
ਮੰਜ਼ਿਲ ਦੂਰ ਹੈ ਨਹੀਂ
ਚੌਰਾਹੇ 'ਤੇ ਆਏ ਦੋ ਰਾਹ
ਕੁੱਝ ਸਮਝ ਨਹੀਂ ਆਇਆ
ਹਰ ਰਾਹ ਮੰਜ਼ਿਲ ਨਹੀਂ ਹੈ
ਘਿਸੇ-ਪਿੱਟੇ ਰਾਹ 'ਤੇ ਤੁਰਨਾ
ਆਮ ਆਦਮੀ ਦਾ ਹੈ ਕੰਮ
ਨਵੇਂ ਰਾਹ 'ਤੇ ਚੱਲ ਮਿਲਦੀ ਮੰਜ਼ਿਲ
ਇਹੀ ਹੈ ਤਾਂ ਮਨ ਦਾ ਮੰਦਰ
ਲੈ ਜਾਵੇਗੀ ਸਾਨੂੰ ਧੁਰ ਅੰਦਰ

-ਵਰਿੰਦਰ ਸ਼ਰਮਾ
--------
ਧੀ ਜੰਮ

ਅੱਥਰੂ ਪੂੰਝ ਮਾਂ ਸੀਨੇ ਲਾਇਆ,
ਜੰਮ ਗਈ ਮੈਂ ਤਾਂ ਕੋਈ ਨਾ ਆਇਆ।
ਮੈਨੂੰ ਸੀ ਡਰ ਕੁੱਖੋਂ ਮਾਰ ਮੁਕਾਵਣ,
ਹਿਰਦੈ ਮਾਂ ਦੇ ਰੱਬ ਦਾ ਰੂਪ ਪਾਇਆ।

ਪੁੱਤ ਜੰਮੇ ਨੂੰ ਰੁਤਬਾ ਉੱਚਾ ਕਹਿੰਦੇ,
ਧੀ ਜੰਮ ਹੋ ਘਰ ਅਫ਼ਸੋਸ ਦਿਖਾਇਆ।
ਟੁੱਟ ਜਾਂਦੇ ਰਿਸ਼ਤੇ ਮਾਂ ਦੁਖੀ ਹੋ ਗਈ,
ਹੱਥ ਫੜ ਮੈਂ ਮਾਂ ਨੂੰ ਖੂਬ ਸਮਝਾਇਆ।

ਸਾਥ ਨਿਭਾਵਣ ਦਾ ਵਾਅਦਾ ਕਰਦੇ,
ਤਨ-ਮਨ ਤੋਂ ਦਿਲ ਨਾ ਦਿਲ ਲਾਇਆ।
ਪੁੱਤ ਨਾ ਹੋਵਣ ਧੀ ਕੁੱਖੋਂ ਪਲਦੀ,
ਸਭ ਦੀਖਿਆ ਮਾਂ ਦਰਜਾ ਘਟਾਇਆ।

ਮਿਟ ਗਏ ਨੇ ਰਿਸ਼ਤੇ ਪੁੱਤ ਕਹਾਵੇ,
ਜੋੜੇ ਸੁਪਨੇ ਹੁਣ ਜੁੜਨ ਤੋਂ ਗਵਾਇਆ।
ਸਫ਼ਰ ਐ ਜ਼ਿੰਦਗੀ ਉੱਠ ਦੱਸਾਂਗੀ,
ਸੇਵਾ ਸਿਮਰਨ ਜੁੜ ਧੀ ਦਾ ਛਾਇਆ।

ਇੱਜ਼ਤ ਢਾਹ ਨਾ ਦਵੇ ਰੁਤਬਾ ਬੋਲੇ,
ਪੁੱਤ ਜੰਮੀ ਧੀ ਨਾ ਹੋਵੇ ਸੱਸ ਰਵਾਇਆ।
ਫ਼ਿਕਰ ਛੱਡ ਰੱਬ ਦਾ ਰੂਪ ਖਲ੍ਹੋਵੇ,
ਵਾਹ! ਤਕਦੀਰੇ ਗੌਰਵ ਤੋਂ ਬੁਲਵਾਇਆ।

ਗੌਰਵ ਧੀਮਾਨ
----------
ਬੈਂਤ ਛੰਦ: ਚੰਗੀ ਆਸ

ਆਮ ਆਦਮੀ ਦੀ ਹੈ ਸਰਕਾਰ ਆਈ,
ਬੱਝੀ ਸਭ ਨੂੰ ਏ "ਚੰਗੀ ਆਸ" ਭਾਈ।
ਰੋਜ਼ਗਾਰ ਅਤੇ ਭ੍ਰਿਸ਼ਟਾਚਾਰ ਵਾਲੇ,
ਜੋ ਕੀਤੇ ਐਲਾਨ ਨੇ ਖਾਸ ਭਾਈ।

ਹਸਪਤਾਲ ਅਤੇ ਸਿਹਤ ਸਹੂਲਤਾਂ ਦਾ,
ਕਰ ਦੇਵੋ ਹੁਣ ਸਿਲਾ-ਨਿਆਸ ਭਾਈ।
ਨੱਥ ਪਾ ਕੇ ਨਸ਼ੇ ਦੇ ਸੌਦਾਗਰਾਂ ਨੂੰ,
ਰੋਵਣ ਮਾਵਾਂ ਜੋ ਦਿਉ ਧਰਵਾਸ ਭਾਈ।

ਵਿਹਲੇ ਹੱਥਾਂ ਨੂੰ ਮਿਲ'ਜੇ ਕੰਮ ਇੱਥੇ,
ਰੁਕ ਜਾਵੇ ਜੋ ਹੁੰਦਾ ਪਰਵਾਸ ਭਾਈ।
ਧੀ ਰਾਣੀ ਵੀ ਹੋਵੇ ਮਹਿਫੂਜ਼ ਜੇਕਰ,
ਹੋਵੇ ਖੇਤ ਨੂੰ ਬਾੜ 'ਤੇ ਵਿਸ਼ਵਾਸ ਭਾਈ।

ਚੰਗੀ ਸਿੱਖਿਆ ਤੇ ਸਾਫ਼ ਪੌਣ ਪਾਣੀ,
ਮਿਟੇ ਸਭ ਦੀ ਭੁੱਖ ਤੇ ਪਿਆਸ ਭਾਈ।
ਹਰ ਬਾਸ਼ਿੰਦਾ ਵਸੇ ਖੁਸ਼ੀ ਨਾਲ ਇੱਥੇ,
ਭਰੇੇ ਜ਼ਿੰਦਗੀ 'ਚ ਹਰਸ਼-ਉਲਾਸ ਭਾਈ।

ਮਿਲੇ ਕਿਸਾਨ ਨੂੰ ਜਿਣਸ ਦਾ ਮੁੱਲ ਪੂਰਾ
ਨਾ ਹੀ ਹੋਵੇ ਮਜ਼ਦੂਰ ਨਿਰਾਸ਼ ਭਾਈ।
ਹੋਵੇ ਪੂਰੀ ਮੁੱਢਲੀ ਲੋੜ ਪਹਿਲਾਂ,
ਚੌਂਹ ਪਾਸੇ ਫਿਰ ਹੋਵੇ ਵਿਕਾਸ ਭਾਈ।

ਲੈ ਸੰਤਰੀ ਤੋਂ ਮੰਤਰੀ ਤੀਕ ਭਾਵੇਂ,
ਹੋਵੇ ਇੱਕੋ ਹੀ ਕਾਨੂੰਨ ਪਾਸ ਭਾਈ।
ਹੋਣ ਮਹਿਕਮੇ ਸਰਕਾਰੀੇ ਪਾਰਦਰਸ਼ੀ,
ਕਰਨ ਲੋਕ-ਸੇਵਾ ਬਣ ਕੇ ਦਾਸ ਭਾਈ।

ਰਾਜ ਹੋਵੇ ਮਹਾਰਾਜੇ ਰਣਜੀਤ ਵਰਗਾ,
ਵੋਟ ਪਾਈ ਤਾਂ ਆਉਣੀ ਰਾਸ ਭਾਈ।
ਭਗਤ ਸਿੰਘ ਦੇ ਸੁਪਨੇ ਸਾਕਾਰ ਹੋਣੇ,
ਲਿਖੂ 'ਸੈਦੋਕੇ' ਕਲਮ ਇਤਿਹਾਸ ਭਾਈ।

✍ ਕੁਲਵੰਤ ਸੈਦੋਕੇ


Gurminder Singh

Content Editor

Related News