ਨਾਟਕਾਂ ਦਾ ਮਹਾਨ ਕਲਾਕਾਰ ਤੇ ਐਂਕਰਿੰਗ ਦਾ ਸੁਮੇਲ ਤੇਜਪਾਲ ਸਿੰਘ ਮਿਨਹਾਸ

07/28/2020 2:21:05 PM

ਮੁਢਲਾ ਡਰਾਮੇ ਦਾ ਸ਼ੌਂਕ ਘਰ ਵਿੱਚੋ ਈ ਪਿਆ। ਪਿਤਾ ਜੀ ਨੇ ਸਰਦਾਰ ਚਰਨਜੀਤ ਸਿੰਘ ਡਰੋਲੀ ਦੇ ਨਾਮ ਨਾਲ ਕੁਝ ਨਾਟਕ ਲਿਖੇ ਸਨ, ਜੋ ਭਾਜੀ ਗੁਰਸ਼ਰਨ ਸਿੰਘ ਹੁਰਾਂ ਨੇ ਦੇਸ਼-ਵਿਦੇਸ਼ ਵਿਚ ਖੇਡੇ। ਜਿਨ੍ਹਾਂ ’ਚੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜ਼ਿੰਦਗੀ ’ਤੇ ਲਿਖਿਆ ਨਾਟਕ "ਬਾਂਹਾਂ ਜਿੰਨਾ ਦੀ ਪਕੜੀਏ" ਬਹੁਤ ਮਸ਼ਹੂਰ ਹੋਇਆ। ਛੋਟੇ ਹੁੰਦੇ ਘਰ ਵਿਚ ਹੀ ਇੰਨੀਆਂ ਕਿਤਾਬਾਂ ਪੜ੍ਹਣ ਨੂੰ ਮਿਲੀਆਂ ਕਿ ਉਨ੍ਹਾਂ ਨੂੰ ਪੜ੍ਹਦੇ-ਪੜ੍ਹਦੇ ਪਾਤਰਾਂ ਦੀ ਸਮਝ ਆਉਣ ਲੱਗ ਪਈ। ਸਕੂਲ ਪਾਸ ਕਰਨ ਤੋਂ ਬਾਅਦ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਵਿਚ ਦਾਖ਼ਲਾ ਲਿਆ। ਯੂਨੀਵਰਸਿਟੀ ਫੈਸਟੀਵਲ ਵਿਚ ਹਿੱਸਾ ਲੈਣ ਲੱਗ ਪਿਆ। ਪਹਿਲਾਂ ਅੰਮ੍ਰਿਤਸਰ ਤੋਂ ਨਰਿੰਦਰ ਜੱਟੂ ਜੀ ਦੀ ਨਿਰਦੇਸ਼ਨਾ ਹੇਠ ਨਾਟਕ ਕੀਤੇ ਜਿਹੜੇ ਯੂਨੀਵਰਸਿਟੀ ਲੈਵਲ ਤੱਕ ਵਧੀਆ ਇਨਾਮ ਦੁਆਉਂਦੇ ਰਹੇ। ਪਰ ਇਸ ਤੋਂ ਵੀ ਅੱਗੇ ਕੁਝ ਕਰਨ ਦੀ ਇੱਛਾ ਸੀ ਸੋ ਓਹੀ ਇੱਛਾ ਸਾਨੂੰ ਸਾਰੇ ਡਰਾਮਾ ਟੀਮ ਕਲਾਕਾਰਾਂ ਨੂੰ ਸ਼੍ਰੀ ਰਾਜ ਕੁਮਾਰ ਤੁੱਲੀ ਜੀ ਤੱਕ ਲੈ ਗਈ।
ਰਾਜ ਕੁਮਾਰ ਤੁੱਲੀ ਜੀ ਦੀ ਨਿਰਦੇਸ਼ਨਾ ਹੇਠ ਜਿਹੜੇ ਨਾਟਕ ਕੀਤੇ, ਉਨ੍ਹਾਂ ਨੇ ਨੈਸ਼ਨਲ ਫੈਸਟੀਵਲ ਤੱਕ ਜਿਤਾ ਦਿੱਤੈ। ਯੂਨੀਵਰਸਿਟੀ ਬੈਸਟ ਐਕਟਰ ਰਿਹਾ। 1992 ਵਿਚ ਕਾਲਜ ਪੜ੍ਹਦਿਆਂ ਈ ਆਕਾਸ਼ਵਾਣੀ  ਦਾ ਡਰਾਮਾ ਔਡੀਸ਼ਨ ਪਾਸ ਕੀਤਾ ਤੇ 1994 ਵਿਚ ਦੂਰਦਰਸ਼ਨ ਦਾ। ਰੇਡੀਓ ’ਤੇ ਕੁਝ ਚੰਗੇ ਨਿਰਮਾਤਾ ਤੇ ਸੀਨੀਅਰ ਅਦਾਕਾਰਾ ਦਾ ਸਾਥ ਮਿਲਿਆ। ਹੁਣ ਤੱਕ ਬਹੁਤ ਸਾਰੇ ਰੇਡੀਓ ਡਰਾਮਿਆਂ ਅਤੇ ਸੀਰੀਅਲਾਂ ਨੂੰ ਆਪਣੀ ਆਵਾਜ਼ ਦਿੱਤੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਡਰਾਮੇ ਨੈਸ਼ਨਲ ਐਵਾਰਡ ਜਿੱਤੇ। ਦੂਰਦਰਸ਼ਨ ਦੇ ਵੀ ਕਾਫੀ ਨਾਟਕਾਂ ਵਿਚ ਕੰਮ ਕੀਤਾ। ਟੈਲੀਫਿਲਮਾਂ ਅਤੇ ਹੋਰ ਸੀਰੀਅਲ ਵੀ ਕੀਤੇ। ਦੂਰਦਰਸ਼ਨ ਦੇ ਨੈਸ਼ਨਲ ਨੈੱਟਵਰਕ ਲਈ ਸੀਰੀਅਲ 'ਗ਼ਦਰ ਕੀ ਗੂੰਜ' ਵੀ ਕੀਤਾ। ਅਮਰੀਕਾ ਜਾਣ ਦਾ ਸਬੱਬ ਬਣਿਆ ਤੇ ਉਥੋਂ ਫਿਲਮ ਮੇਕਿੰਗ ਦੀ ਪੜ੍ਹਾਈ ਵੀ ਕੀਤੀ। ਰੇਡੀਓ ਤੇ ਡਰਾਮਾ ਕਰਦੇ ਕਰਦੇ ਇੱਕ ਦਿਨ ਦਿਹਾਤੀ ਪ੍ਰੋਗਰਾਮ ਵਾਲੇ ਕਹਿੰਦੇ ਕਿ ਤੁਸੀ ਖੇਤੀਬਾੜੀ ਵਾਲੇ ਹੋ ਤੇ ਸਾਡੇ ਨਾਲ ਦਿਹਾਤੀ ਪ੍ਰੋਗਰਾਮ ਕਰਿਆ ਕਰੋ। ਉਦੋਂ ਤੋਂ ਦਿਹਾਤੀ ਪ੍ਰਗਰਾਮ ਕਰਨਾ ਸ਼ੁਰੂ ਕਰ ਦਿੱਤਾ। ਮਨ ਵਿਚ ਮਾਣ ਮਹਿਸੂਸ ਹੁੰਦਾ ਹੈ ਕਿ ਜਿਹੜਾ ਪ੍ਰੋਗਰਾਮ ਕਦੇ ਠੰਡੂ ਰਾਮ, ਭਾਈਆ ਜੀ, ਮਾਸਟਰ ਜੀ ਵਰਗੀਆਂ ਹਸਤੀਆਂ ਕਰਦਿਆਂ ਸਨ, ਅੱਜ ਉਹ ਸੇਵਾ ਸਾਡੇ ਲੇਖੇ ਲੱਗੀ ਆ। ਦੂਰਦਰਸ਼ਨ ਦੇ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਵਿਚ ਜਾਣ ਦਾ ਸੱਬਬ ਪੁਨੀਤ ਸਹਿਗਲ ਜੀ ਤੇ ਮਿੱਠਾ ਸਿੰਘ ਜੀ ਕਰਕੇ ਬਣਿਆ। ਉਹ ਕੁਝ ਧਰਤੀ ਤੇ ਪੰਜਾਬ ਦੇ ਲੋਕਾਂ ਨਾਲ ਜੁੜਿਆ ਕਰਨਾ ਚਾਹੁੰਦੇ ਸਨ। ਸਟੇਜ ਨਾਟਕ ਹਮੇਸ਼ਾ ਨਾਲ-ਨਾਲ ਚਲਦਾ ਰਿਹਾ। ਹੁਣ ਤਕਰੀਬਨ 30 ਸਾਲ ਹੋ ਗਏ ਸਟੇਜ ਨਾਟਕ ਕਰਦਿਆਂ। ਸਟੇਜ ਨਾਟਕਾਂ ਦਾ ਨਿਰਦੇਸ਼ਨ ਵੀ ਕੀਤਾ, ਜਿਨ੍ਹਾਂ ਵਿੱਚੋ ਇੱਕ ਸਾਉਂਡ ਐਂਡ ਲਾਈਟ ਸ਼ੋ "ਚਾਂਦਨੀ ਚੌਕ ਤੋਂ ਸਰਹਿੰਦ ਤੱਕ" ਦੇ ਤਕਰੀਬਨ 50 ਸ਼ੋ ਦੇਸ਼-ਵਿਦੇਸ਼ ਕਰ ਚੁੱਕਿਆ ਹਾਂ। ਕੈਮਰੇ ਦੇ ਪਿਛੇ ਰਹਿ ਕੇ ਸਹਿ ਨਿਰਦੇਸ਼ਕ ਦੇ ਤੌਰ ’ਤੇ ਫ਼ਿਲਮਾਂ ਵੀ ਕੀਤੀਆਂ। ਦੂਰਦਰਸ਼ਨ ਪੰਜਾਬੀ ਨਾਲ ਮੈਂ ਲੰਮੇ ਟਾਇਮ ਤੋਂ ਜੁੜਿਆ ਹੋਇਆ ਹਾਂ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਕਿਸਾਨਾਂ ਲਈ ਬਹੁਤ ਸਾਲਾਂ ਤੋਂ ਦੂਰਦਰਸ਼ਨ ਪੰਜਾਬੀ ਤੇ ਪੇਸ਼ ਕੀਤਾ ਜਾਂਦਾ ਹੈ ਪਰ ਦੋ ਕੁ ਮਹੀਨਿਆਂ ਤੋਂ ਇਸ ਪ੍ਰੋਗਰਾਮ ਵਿੱਚ ਨਵੇਂ ਕਲਾਕਾਰਾਂ ਦਾਖ਼ਲਾ ਹੋਇਆ ਹੈ। ਇਸ ਪ੍ਰੋਗਰਾਮ ਦਾ ਆਧਾਰ ਰਾਜ ਕੁਮਾਰ ਤੁਲੀ ਜੀ ਹਨ, ਉਹ ਆਕਾਸ਼ਵਾਣੀ ਜਾਂ ਦੂਰਦਰਸ਼ਨ ਹੋਵੇ ਹਰ ਤਰ੍ਹਾਂ ਦੀ ਪੇਸ਼ਕਾਰੀ ਵਿੱਚ ਸੋਲਾਂ ਕਲਾਂ ਸੰਪੂਰਨ ਹਨ, ਜਿਨ੍ਹਾਂ ਬਾਰੇ ਇਸ ਮੁਲਾਕਾਤ ਵਿੱਚ ਤੇਜਪਾਲ ਸਿੰਘ ਮਿਨਹਾਸ ਜੀ ਨੇ ਦੱਸਿਆ ਹੈ ਕਿ ਕੁਝ ਮਹੀਨੇ ਪਹਿਲਾਂ ਤੱਕ ਇਹ ਪ੍ਰੋਗਰਾਮ ਖੇਤੀਬਾੜੀ ਵਿਭਾਗ ਦਾ ਇੱਕ ਦਫ਼ਤਰ ਲੱਗਦਾ ਸੀ ਪਰ ਸ੍ਰੀ ਮਾਨ ਪ੍ਰੀਤ ਸਹਿਗਲ ਦੀ ਜਦੋਂ ਤੋਂ ਦੂਰਦਰਸ਼ਨ ਪੰਜਾਬੀ ਦੇ ਕਮਾਂਡਰ ਬਣੇ ਹਨ। ਉਨ੍ਹਾਂ ਦੇ ਹਰ ਪ੍ਰੋਗਰਾਮ ਨੂੰ ਸਰੋਤਿਆਂ ਦੀ ਮੰਗ ਅਨੁਸਾਰ ਸੁਧਾਰਨ ਦਾ ਸਾਰਥਿਕ ਉਪਰਾਲਾ ਕੀਤਾ ਹੈ, ਜਿਸ ਕਾਰਨ ਹੁਣ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਪਿੰਡ ਦੀ ਸੱਥ ਬਣ ਗਿਆ ਹੈ। ਇਸ ਪ੍ਰੋਗਰਾਮ ਵਿੱਚ ਤੁਲੀ ਸਾਹਿਬ ਪਿੰਡ ਦਾ ਸਰਪੰਚ ਬਣ ਕੇ ਆਪਣੀ ਪੰਚਾਇਤ ਨੂੰ ਇਕੱਠਾ ਕਰਕੇ ਉਹ ਸਲਾਹਾਂ ਦਿੰਦੇ ਹਨ, ਜਿਸ ਵਿੱਚ ਉਨ੍ਹਾਂ ਦਾ ਖਾਸ ਪੰਚ ਤੇਜਪਾਲ ਸਿੰਘ ਮਿਨਹਾਸ ਵੀ ਹੈ। ਇਨ੍ਹਾਂ ਦੀ ਕੀਤੀ ਖੁੰਢ ਚਰਚਾ ਕਿਸਾਨਾਂ ਲਈ ਸੁਧਾਰਵਾਦੀ ਗੱਲਾਂ ਨਾਲ ਇਕੱਠਾ ਕੀਤਾ ਸ਼ਬਦ ਕੋਸ਼ ਬਣ ਜਾਂਦਾ ਹੈ। ਪੇਂਡੂ ਸਰੋਤਿਆਂ ਲਈ ਇਹ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਹੈ। ਇਸ ਪਿੱਛੇ ਸਰੋਤਿਆਂ ਦੀ ਚੰਗੀ ਸੋਚ ਹੋਵੇਗੀ, ਜਿੰਨੀ ਦੇਰ ਤੱਕ ਤੁਲੀ ਸਾਹਿਬ ਸਰਪੰਚ ਬਣ ਕੇ ਆਪਣੀ ਪੰਚਾਇਤ ਦੀ ਕਮਾਂਡ ਸੰਭਾਲ ਕੇ ਰੱਖਣਗੇ। ਕਿਸਾਨਾਂ ਨੂੰ ਆਪਣੀ ਖੇਤੀਬਾੜੀ ਦੀ ਸਲਾਹ ਲੈਣ ਲਈ ਕਿਸੇ ਖੇਤੀਬਾੜੀ ਦੇ ਦਫ਼ਤਰ ਨਹੀਂ ਜਾਣਾ ਪਵੇਗਾ। 

ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ-9914880392


rajwinder kaur

Content Editor

Related News