ਪੰਜਾਬ ਦੀ ਸਿਆਸਤ 'ਚ ਖੱਟਾ-ਮਿੱਠਾ ਰਿਹਾ ਹੈ ਕਲਾਕਾਰਾਂ ਦਾ ਤਜਰਬਾ, CM ਬਣਨ ਵਾਲੇ ਪਹਿਲੇ ਕਲਾਕਾਰ ਨੇ ਮਾਨ

04/08/2024 11:44:45 AM

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ)- ਪੰਜਾਬ ਦੀਆਂ ਰਾਜਸੀ ਧਿਰਾਂ ਬੀਤੇ ਢਾਈ ਦਹਾਕਿਆਂ ਤੋਂ ਸੂਬੇ ਅੰਦਰ ਚਰਚਿਤ ਪੰਜਾਬੀ ਲੋਕ ਗਾਇਕਾਂ ਨੂੰ ਟਿਕਟਾਂ ਦੇ ਕੇ ਸੱਤਾ ਪ੍ਰਾਪਤੀ ਦਾ ਭਰਮ ਪਾਲਦੀਆਂ ਆ ਰਹੀਆਂ ਹਨ। ਸਿਆਸੀ ਪਾਰਟੀਆਂ ਦਾ ਇਹ ਤਜਰਬਾ ਕਿਤੇ-ਕਿਤੇ ਖਰਾ ਵੀ ਉਤਰਿਆ ਹੈ ਜਦਕਿ ਬਹੁਤੀਆਂ ਥਾਵਾਂ ’ਤੇ ਇਹ ਪੈਂਤੜਾਂ ਪੁੱਠਾ ਵੀ ਪੈਂਦਾ ਰਿਹਾ ਹੈ। 1 ਜੂਨ ਨੂੰ ਹੋਣ ਜਾ ਰਹੀ ਲੋਕ ਸਭਾ ਦੀ ਚੋਣ ’ਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅੰਦਰ ਪਹਿਲੀ ਵਾਰ ਕਲਾਕਾਰ ਤੋਂ ਮੁੱਖ-ਮੰਤਰੀ ਬਣੇ ਭਗਵੰਤ ਮਾਨ ਦੀ ਅਗਵਾਈ ਹੇਠ ਲੜੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਨਾਕਾ ਦੇਖ ਘਰਵਾਲੀ ਨੂੰ ਛੱਡ ਕੇ ਭੱਜ ਗਿਆ ਡਰਾਈਵਰ, ਪੁਲਸ ਨੇ ਔਰਤ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

2022 ’ਚ ਸਿਆਸੀ ਇਤਿਹਾਸ ’ਚ ਕਿਸੇ ਕਲਾਕਾਰ ਪਿਛੋਕੜ ਵਾਲੇ ਆਗੂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਪਲੇਠਾ ਅਤੇ ਸਫਲ ਤਜਰਬਾ ਰਿਹਾ ਹੈ। ਪੰਜਾਬੀ ਲੋਕ ਗਾਇਕਾਂ ਨੂੰ ਚੋਣ ਪਿੜ ’ਚ ਉਤਾਰਨ ਦੀ ਸ਼ੁਰੂਆਤ ਕਾਂਗਰਸ (ਤਿਵਾੜੀ) ਦੇ ਤਤਕਾਲੀ ਸੂਬਾ ਪ੍ਰਧਾਨ ਅਤੇ ਫਰੀਦਕੋਟ ਤੋ ਸਾਂਸਦ ਜਗਮੀਤ ਸਿੰਘ ਬਰਾੜ ਨੇ 1996 ’ਚ ਲੋਕ ਸਭਾ ਹਲਕਾ ਬਠਿੰਡਾ (ਰਿਜ਼ਰਵ) ਤੋਂ ਕਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਣਕ ਨੂੰ ਚੋਣ ਪਿੜ ’ਚ ਉਤਾਰ ਕੇ ਕੀਤੀ ਸੀ। ਉਕਤ ਪਾਰਟੀ ਵਲੋਂ ਕੁਲਦੀਪ ਮਾਣਕ ਨੂੰ ਬਕਾਇਦਾ ਉਮੀਦਵਾਰ ਐਲਾਨਿਆ ਗਿਆ ਸੀ ਪਰ ਜਗਮੀਤ ਸਿੰਘ ਬਰਾੜ ਨੇ ਤੁਰੰਤ ਪੈਂਤੜ ਖੇਡਦਿਆਂ ਕਾਂਗਰਸ (ਤਿਵਾੜੀ) ਤੋਂ ਅਸਤੀਫਾ ਦੇ ਕੇ ਪੰਥਕ ਧਿਰਾਂ ਦੀ ਹਮਾਇਤ ਨਾਲ ਫਰੀਦਕੋਰਟ ਤੋਂ ਆਜ਼ਾਦ ਚੋਣ ਲੜਨ ਦਾ ਫ਼ੈਸਲਾ ਲੈ ਲਿਆ, ਜਿਸ ਕਾਰਨ ਮਾਣਕ ਨੂੰ ਵੀ ਉਕਤ ਚੋਣ ਆਜ਼ਾਦ ਹੀ ਲੜਨੀ ਪਈ ਸੀ ਪਰ ਇਸ ਦੇ ਬਾਵਜੂਦ ਉਹ ਆਪਣੀ ਮਕਬੂਲੀਅਤ ਜ਼ਰੀਏ 2 ਲੱਖ ਤੋਂ ਵਧੇਰੇ ਵੋਟ ਹਾਸਲ ਕਰਨ ’ਚ ਸਫ਼ਲ ਰਹੇ ਸਨ।

ਸੰਨ 2009 ਦੀਆਂ ਲੋਕ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਹਲਕਾ ਜਲੰਧਰ (ਰਿਜ਼ਰਵ) ਤੋਂ ਰਾਜ ਗਾਇਕ ਹੰਸ ਰਾਜ ਹੰਸ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਜੋ ਕਿ ਕਾਂਗਰਸ ਦੇ ਉਮੀਦਵਾਰ ਮਹਿੰਦਰ ਕੇ. ਪੀ. ਕੋਲੋਂ 36465 ਵੋਟਾਂ ਦੇ ਫਰਕ ਨਾਲ ਹਾਰ ਗਏ। ਉਨ੍ਹਾਂ ਪੂਰੇ ਇਕ ਦਹਾਕੇ ਤੋਂ ਬਾਅਦ 2019 ’ਚ ਭਾਜਪਾ ਦੀ ਟਿਕਟ ’ਤੇ ਦੂਜੀ ਚੋਣ ਨਾਰਥ ਵੈਸਟ ਦਿੱਲੀ ਤੋਂ ਲੜੀ ਜਿੱਥੋਂ ਕਿ ਉਨ੍ਹਾਂ ਨੇ 553,864 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਇਤਿਹਾਸਕ ਜਿੱਤ ਹਾਸਲ ਕੀਤੀ ਪਰ ਇਸ ਵਾਰ ਭਾਜਪਾ ਵੱਲੋਂ ਉਨ੍ਹਾਂ ਦੀ ਦਿੱਲੀ ਤੋਂ ਟਿਕਟ ਕੱਟ ਕੇ ਪੰਜਾਬ ਦੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ ਜਦਕਿ ਆਮ ਆਦਮੀ ਪਾਰਟੀ ਵਲੋਂ ਇਸੇ ਹਲਕੇ ਤੋਂ ਕਲਾਕਾਰ ਅਤੇ ਅਦਾਕਾਰ ਕਰਮਜੀਤ ਅਨਮੋਲ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: 'ਆਪ' ਵੱਲੋਂ ਜਲੰਧਰ ਤੇ ਲੁਧਿਆਣਾ ਸੀਟ ਲਈ ਉਮੀਦਵਾਰ ਹੋਏ ਫ਼ਾਈਨਲ! ਜਲਦ ਹੋਵੇਗਾ ਐਲਾਨ

ਕਾਂਗਰਸ ਵੱਲੋਂ 2012 ਦੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਜਨਾਬ ਮੁਹੰਮਦ ਸਦੀਕ ਨੂੰ ਹਲਕਾ ਭਦੌੜ (ਰਿਜ਼ਰਵ) ਤੋਂ ਚੋਣ ਮੈਦਾਨ ’ਚ ਉਤਾਰਿਆ ਗਿਆ, ਜਿੱਥੋਂ ਕਿ ਉਨ੍ਹਾਂ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਨੂੰ 6969 ਵੋਟਾਂ ਦੇ ਅੰਦਰ ਨਾਲ ਹਰਾ ਕੇ ਜਿੱਤ ਹਾਸਲ ਕੀਤੀ । ਪੰਜਾਬ ਵਿਧਾਨ ਸਭਾ ਚੋਣ 2017 ’ਚ ਉਹ ਜੈਤੋ (ਰਿਜ਼ਰਵ) ਤੋਂ ਆਪ ਦੇ ਉਮੀਦਵਾਰ ਮਾ. ਬਲਦੇਵ ਸਿੰਘ ਤੋਂ 8992 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ ਸਨ। ਲੋਕ ਸਭਾ 2019 ’ਚ ਉਹ ਕਾਂਗਰਸ ਵਲੋਂ ਹਲਕਾ ਫਰੀਦਕੋਟ (ਰਿਜ਼ਰਵ) ਤੋਂ ਚੋਣ ਮੈਦਾਨ ’ਚ ਨਿਤਰੇ ਅਤੇ ਉਨ੍ਹਾਂ ਅਕਾਲੀ ਦਲ ਦੇ ਗੁਲਜਾਰ ਸਿੰਘ ਰਣੀਕੇ ਨੂੰ ਹਰਾ ਕੇ 83.25 ਹਜ਼ਾਰ ਵੋਟਾਂ ਦੇ ਅੰਤਰ ਨਾਲ ਉਕਤ ਸੀਟ ਤੋਂ ਜਿੱਤ ਹਾਸਲ ਕੀਤੀ। ਉਹ ਮੌਜੂਦਾ ਹੋ ਰਹੀ ਚੋਣ ਵਿਚ ਵੀ ਮੁੜ ਕਾਂਗਰਸ ਪਾਰਟੀ ਦੀ ਟਿਕਟ ਦੇ ਮੁੱਖ ਦਾਅਵੇਦਾਰ ਹਨ।

2010 ਤੱਕ ਕਾਮੇਡੀ ਕਿੰਗ ਕਰ ਕੇ ਜਾਣੇ ਜਾਂਦੇ ਭਗਵੰਤ ਮਾਨ ਨੇ ਪਲੇਠੀ ਚੋਣ 2012 ’ਚ ਵਿਧਾਨ ਸਭਾ ਹਲਕਾ ਲਹਿਰਾਗਾਗਾ ਤਂੋ ਕਾਂਗਰਸ ਦੀ ਦਿੱਗਜ ਆਗੂ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਖਿਲਾਫ ਪੀਪਲਜ਼ ਪਾਰਟੀ ਆਫ ਪੰਜਾਬ ਵਲੋਂ ਲੜੀ ਅਤੇ ਉਹ 18,570 ਵੋਟਾਂ ਦੇ ਫਰਕ ਨਾਲ ਉਕਤ ਚੋਣ ਹਾਰ ਗਏ ਜਦਕਿ ਉਨ੍ਹਾਂ 2014 ਦੀਆਂ ਲੋਕ ਸਭਾ ਚੋਣਾਂ ’ਚ ਹਲਕਾ ਸੰਗਰੂਰ ਤੋਂ ਅਕਾਲੀ ਦਲ (ਬ) ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ 211,721 ਲੱਖ ਵੋਟਾਂ ਦੇ ਅੰਤਰ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸੇ ਦੌਰਾਨ ਹੀ 2017 ਦੀ ਵਿਧਾਨ ਸਭਾ ਚੋਣ ਉਨ੍ਹਾਂ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖਿਲਾਫ ਜਲਾਲਾਬਾਦ ਤੋਂ ਲੜੀ ਤੇ ਉਹ 18500 ਵੋਟਾਂ ਦੇ ਅੰਤਰ ਨਾਲ ਇਹ ਚੋਣ ਹਾਰ ਗਏ ਪਰ 2019 ਦੀਆਂ ਲੋਕ ਸਭਾ ਚੋਣਾਂ ’ਚ ਉਨ੍ਹਾਂ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ ਮੁੜ ਸੰਗਰੂਰ ਤੋਂ 83166 ਵੋਟਾਂ ਦੇ ਅੰਤਰ ਨਾਲ ਹਰਾ ਕੇ ਆਪਣੀ ਸਿਆਸੀ ਧੱਕ ਬਰਕਰਾਰ ਰੱਖੀ।

ਉਨ੍ਹਾਂ 2022 ਦੀਆਂ ਵਿਧਾਨ ਸਭਾ ਚੋਣ ਆਪ ਵਲੋਂ ਸੀ.ਐੱਮ. ਦੇ ਕੈਂਡੀਡੇਟ ਦੀ ਹੈਸੀਅਤ ’ਚ ਵਿਧਾਨ ਸਭਾ ਹਲਕਾ ਧੂਰੀ ਤੋਂ ਲੜੀ ਅਤੇ ਉਹ 58206 ਵੋਟਾਂ ਦੇ ਅੰਤਰ ਨਾਲ ਕਾਂਗਰਸ ਪਾਰਟੀ ਦੇ ਦਲਵੀਰ ਸਿੰਘ ਗੋਲਡੀ ਦੇ ਮੁਕਾਬਲੇ ਜੇਤੂ ਰਹੇ। ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ 2017 ’ਚ ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਵਾਲੀ ਪੰਜਾਬੀ ਲੋਕ ਗਾਇਕਾ ਸਤਵਿੰਦਰ ਬਿੱਟੀ ਆਪਣੀ ਪਲੇਠੀ ਚੋਣ ਸ਼੍ਰੋਮਣੀ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਕੋਲੋਂ 4551 ਵੋਟਾਂ ਦੇ ਅੰਤਰ ਨਾਲ ਹਾਰ ਗਈ ਸੀ ਪਰ ਪੂਰੇ ਪੰਜ ਵਰ੍ਹੇ ਕਾਂਗਰਸ ਲਈ ਉਕਤ ਹਲਕੇ ’ਚ ਸਰਗਰਮ ਭੂਮਿਕਾ ਨਿਭਾਉਣ ਦੇ ਬਾਵਜੂਦ 2022 ’ਚ ਕਾਂਗਰਸ ਹਾਈਕਮਾਂਡ ਨੇ ਉਸਦੀ ਟਿਕਟ ਕੱਟ ਕੇ ਬੀਬੀ ਰਜਿੰਦਰ ਕੌਰ ਭੱਠਲ ਦੇ ਜਵਾਈ ਨੂੰ ਦੇ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਮਾਸੂਮ ਬੱਚਿਆਂ ਲਈ 'ਕਾਲ' ਬਣਿਆ ਪਾਣੀ! ਤਬੀਅਤ ਵਿਗੜਣ ਮਗਰੋਂ 5 ਬੱਚਿਆਂ ਦੀ ਹੋਈ ਮੌਤ

2014-15 ਦੀ ਤਲਵੰਡੀ ਸਾਬੋ ਉਪ ਚੋਣ ’ਚ ਆਪ ਨੇ ਪੰਜਾਬੀ ਲੋਕ ਗਾਇਕ ਬਲਕਾਰ ਸਿੱਧੂ ਨੂੰ ਆਪਣਾ ਚੋਣ ਉਮੀਦਵਾਰ ਐਲਾਨਿਆ ਪਰ ਕੁਝ ਕੁ ਸਮੇਂ ਬਾਅਦ ਉਸਦੀ ਟਿਕਟ ਵਾਪਸ ਲੈ ਕੇ ਉਥੋਂ ਪ੍ਰੋ. ਬਲਜਿੰਦਰ ਕੌਰ ਨੂੰ ਉਮੀਦਵਾਰ ਐਲਾਨ ਦਿੱਤਾ। ਇਸਦੇ ਰੋਸ ’ਚ ਬਲਕਾਰ ਸਿੱਧੂ ਕਾਂਗਰਸ ’ਚ ਸ਼ਾਮਲ ਹੋ ਗਏ ਤੇ ਸਮੇਂ ਦੇ ਨਾਲ ਉਨ੍ਹਾਂ ਦੀ ਮੁੜ ਘਰ ਵਾਪਸੀ ਹੋ ਗਈ। ਉਨ੍ਹਾਂ 2022 ਦੀ ਵਿਧਾਨ ਸਭਾ ਚੋਣ ‘ਆਪ’ ਦੀ ਟਿਕਟ ਅਤੇ ਹਲਕਾ ਰਾਮਪੁਰਾ ਫੂਲ ਤੋਂ ਲੜੀ ਅਤੇ ਉਨ੍ਹਾਂ ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ 10410 ਵੋਟਾਂ ਨਾਲ ਹਰਾਇਆ।

ਬਹੁ ਚਰਚਿਤ ਮਰਹੂਮ ਪੰਜਾਬੀ ਲੋਕ ਗਾਇਕ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੇ ਕਾਂਗਰਸ ਦੀ ਅੰਦਰੂਨੀ ਜੱਦੋਜਹਿਦ ਦੇ ਬਾਵਜੂਦ ਮਾਨਸਾ ਤੋਂ ਵਿਧਾਨ ਸਭਾ ਚੋਣ ਲੜੇ ਅਤੇ ਉਹ ਆਪ ਦੇ ਉਮੀਦਵਾਰ ਡਾ. ਵਿਜੇ ਸਿੰਗਲਾ ਤੋਂ 63233 ਦੇ ਵੱਡੇ ਫਰਕ ਨਾਲ ਹਾਰ ਗਏ। ਇਸੇ ਤਰ੍ਹਾਂ ਲੋਕ ਗਾਇਕ ਅਨਮੋਲ ਗਗਨ ਮਾਨ ਖਰੜ ਦੀ ਸੀਟ ਤੋਂ 2022 ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਜੇਤੂ ਰਹੇ। 2017 ’ਚ ਹਲਕਾ ਬਟਾਲਾ ਤੋਂ 'ਆਪ' ਵੱਲੋਂ ਕਾਮੇਡੀ ਕਲਾਕਾਰ ਗੁਰਪ੍ਰੀਤ ਘੁੱਗੀ ਨੂੰ ਚੋਣ ਮੈਦਾਨ ’ਚ ਲਾਹਿਆ ਗਿਆ ਸੀ ਜੋ ਕਿ ਅਕਾਲੀ ਦਲ ਦੇ ਲਖਵੀਰ ਸਿੰਘ ਲੋਦੀਨੰਗਲ ਕੋਲੋਂ 8215 ਵੋਟਾਂ ਦੇ ਅੰਤਰ ਨਾਲ ਚੋਣ ਹਾਰ ਗਏ ਸਨ। ਸੁਪਰ ਸਟਾਰ ਹਰਭਜਨ ਮਾਨ ਨੂੰ ਬੀਤੇ ਅਰਸੇ ’ਚ ਪਹਿਲਾਂ ਲੋਕ ਭਲਾਈ ਪਾਰਟੀ ਤੋ ਪਿੱਛੋਂ ਅਕਾਲੀ ਦਲ ਨੇ ਆਪਣੀ ਰਾਜਸੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਵਰਤਣ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਸਿਆਸਤ ਨਾਲੋਂ ਵਧੇਰੇ ਤਰਜੀਹ ਕਲਾ ਨੂੰ ਦੇਣੀ ਹੀ ਮੁਨਾਸਿਬ ਸਮਝੀ। ਅਜਿਹੀ ਸਥਿਤੀ ’ਚ ਰਾਜਸੀ ਧਿਰਾਂ ਵੱਲੋਂ ਕਲਾਕਾਰਾਂ ਨੂੰ ਸਿਆਸੀ ਪਿੜ ’ਚ ਉਤਾਰਨ ਦਾ ਤਜਰਬਾ ਖੱਟਾ-ਮਿੱਠਾ ਕਿਹਾ ਜਾ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News