ਕਹਾਣੀ ਹੋਂਦ ਦੀ ਅਣਹੋਂਦ

Wednesday, Mar 27, 2019 - 11:17 AM (IST)

ਕਹਾਣੀ ਹੋਂਦ ਦੀ ਅਣਹੋਂਦ

ਆਸੀਸ ਗਰੀਬ ਪਰਿਵਾਰ ਦੀ ਇੱਕ ਹੋਣਹਾਰ ਧੀ ਸੀ। ਸਾਰੇ ਪਰਿਵਾਰ ਨੂੰ ਉਸਦੇ ਗੁਣਾਂ ਨੇ ਇੱਕ ਅਜੀਬ ਦਿਲਚਸਪ ਜੀ ਖਿੱਚ ਨਾਲ ਜੋੜਕੇ ਰੱਖਿਆ ਸੀ। ਰੰਗ ਰੂਪ ਸਾਧਾਰਣ ਹੋਣ ਦੇ ਬਾਵਜੂਦ ਵੀ ਉਸਦੇ ਪਰਿਵਾਰ ਨੂੰ ਉਸ ਉੱਪਰ ਮਾਣ ਮਹਿਸੂਸ ਹੁੰਦਾ ਸੀ। ਜਿੰਦਗੀ ਨੇ ਆਸੀਸ ਦੀ ਝੋਲੀ ਸਬਰ ਤੇ ਦੁੱਖਾ ਨਾਲ ਭਰੀ ਪਈ ਸੀ। ਆਸੀਸ ਦੀ ਕੀਤੀ ਹੋਈ ਪੜਾਈ ਹੀ ਆਸੀਸ ਲਈ ਇੱਕ ਹਨੇਰੀ ਜਿੰਦਗੀ 'ਚ ਆਸ ਦੀ ਕਿਰਨ ਸੀ।ਆਸੀਸ ਲਈ ਰਿਸ਼ਤੇ ਆਉਣ ਲੱਗ ਪਏ ਸਨ, ਨਾਲ ਦੇ ਪਿੰਡੋਂ ਅੱਜ ਆਸੀਸ ਨੂੰ ਵੇਖਣ ਲਈ ਆਏ ਹੋਏ ਸਨ। ਕੁਝ ਚਿਰ ਦੀ ਗੱਲਬਾਤ ਤੋਂ ਬਾਅਦ ਉਹਨਾਂ ਨੇ ਰਿਸ਼ਤੇ ਲਈ ਹਾਂ ਕਰ ਦਿੱਤੀ। ਇਹ ਜਿੰਦਗੀ ਦਾ ਨਵਾਂ ਮੋੜ ਲੱਗ ਰਿਹਾ ਸੀ ਕਿ ਆਸੀਸ ਲਈ ਖੁਸ਼ੀਆ ਲੈਕੇ ਆਵੇਗਾ। ਪਰ ਸਾਇਦ ਹਜੇ ਆਸੀਸ ਦੇ ਦੁੱਖਾ ਦਾ ਸਫਰ ਹਜੇ ਜਾਰੀ ਰਹਿਣਾ ਸੀ। ਆਸੀਸ ਦੇ ਪਤੀ ਪਵਿੱਤਰ ਦਾ ਸੁਭਾਅ ਬਹੁਤ ਵਧੀਆ ਸੀ। ਪਰ ਘਰ ਵਿੱਚ ਉਸਦੀ ਮਾਂ ਦੀ ਚੱਲਦੀ ਸੀ। ਉਸਦੀ ਮਾਂ ਨੂੰ ਇੱਕ ਸੋਹਣੀ ਤੇ ਅਮੀਰ ਘਰ ਦੀ ਨੂੰਹ ਚਾਹੀਦੀ ਸੀ ਜੋ ਉਸਦਾ ਘਰ ਦਹੇਜ ਨਾਲ ਭਰ ਸਕੇ। ਬੱਸ ਪਵਿੱਤਰ ਦੇ ਜੋਰ ਪਾਉਣ ਕਰਕੇ ਉਸਨੇ ਉਪਰਲੇ ਮਨੋਂ ਰਿਸਤੇ ਲਈ ਹਾਂ ਕੀਤੀ ਸੀ। ਹੁਣ ਉਹ ਬਿਨਾਂ ਗੱਲ ਤੋ ਆਸੀਸ ਨੂੰ ਤੰਗ ਕਰਨ ਲੱਗ ਪਈ ਸੀ। ਕਦੇ ਉਸ 
ਉੱਪਰ ਪੈਸੇ ਚੋਰੀ ਕਰਨ ਦਾ ਝੂਠਾ ਇਲਜ਼ਾਮ ਲੱਗਦਾ ਸੀ ਕਦੇ ਕੁਝ। ਇਹ ਤਾਹਨੇ ਉਸਨੂੰ ਅੰਦਰ ਤੱਕ ਤੋੜ ਰਹੇ ਸਨ, ਆਸੀਸ ਬਚੀ ਸੀ ਤਾ ਸਿਰਫ ਆਪਣੇ ਪਤੀ ਦੇ ਚੰਗੇ ਸੁਭਾਅ ਤੇ ਸਾਥ ਕਰਕੇ, ਕਿਉਂਕਿ ਉਸਨੂੰ ਉਸ ਉੱਪਰ ਪੂਰਾ ਵਿਸ਼ਵਾਸ ਸੀ। ਅੱਜ ਦੋਵੇਂ ਪਤੀ ਪਤਨੀ ਡਾਕਟਰ ਕੋਲ ਮਾਮੂਲੀ ਚੈਕਅਪ ਲਈ ਗਏ ਸਨ। ਡਾਕਟਰ ਨੇ ਚੈਕਅਪ ਕਰਨ ਤੋ ਬਾਅਦ ਦੱਸਿਆ ਕਿ ਆਸੀਸ ਮਾਂ ਬਣਨ ਵਾਲੀ ਹੈਂ। ਇਹ ਖਬਰ ਸਾਰਿਆਂ ਲਈ ਖੁਸ਼ੀਆਂ ਦੀ ਸ਼ੁਰੂਆਤ ਲੈਕੇ ਆਈ ਸੀ। ਸਮਾਂ ਬੀਤਦਾ ਗਿਆ ਆਸੀਸ ਨੇ ਇੱਕ ਕੁੜੀ ਨੂੰ ਜਨਮ ਦਿੱਤਾ। ਮਾਂ ਦੀ ਮਮਤਾ ਨੇ ਇੱਕੋ ਪਲ ਵਿੱਚ ਪਤਾ ਨੀ  ਕਿੰਨੇ ਸੁਪਨੇ ਆਪਣੀ ਧੀ ਕੁਦਰਤ ਲਈ ਵੇਖ ਲਏ। ਕੁਦਰਤ ਦੀ ਮਾਂ ਚਾਹੁੰਦੀ ਸੀ ਕਿ ਉਸਦੀ ਧੀ ਹਰ
ਉਹ ਸੁਪਨੇ ਨੂੰ ਪੂਰਾ ਕਰ ਸਕੇ ਜੋ ਉਸਦੇ ਅਧੂਰੇ ਰਹਿ ਚੁੱਕੇ ਸਨ। ਆਸੀਸ ਦੀ ਸੱਸ ਨੂੰ ਪੋਤੇ ਦੀ ਚਾਹਤ ਸੀ ਨਾ ਕਿ ਪੋਤੀ ਦੀ। ਉਸਨੇ ਆਸੀਸ ਤੇ 
ਉਸਦੇ ਪਤੀ ਨੂੰ ਧੀ ਨੇ ਨਾਲ ਹੀ ਘਰੋਂ ਬਾਹਰ ਕਰ ਦਿੱਤਾ। ਖੁਸ਼ੀਆਂ ਨੇ ਹਜੇ ਪੁੰਗਰਨਾ ਸ਼ੁਰੂ ਵੀ ਨਾ ਕੀਤਾ ਸੀ ਕਿ ਫੇਰ ਦੁੱਖਾਂ ਦੀ ਪਤਝੜ ਆ
ਗਈ। ਸ਼ਾਇਦ ਜਿੰਦਗੀ ਦੇ ਦੁੱਖਾਂ ਦਾ ਹਿਸਾਬ ਇਕੱਲੀ ਆਸੀਸ ਪੂਰਾ ਨਹੀ ਕਰ ਸਕਦੀ ਸੀ, ਇਹ ਸਫਰ ਆਸੀਸ ਤੋ ਉਸਦੀ ਧੀ ਵੱਲ ਕਦਮ ਪੁੱਟ ਰਿਹਾ ਸੀ। ਕੁਦਰਤ ਆਪਣੇ ਮਾਂ ਪਿਉ ਨਾਲ ਸ਼ਹਿਰ ਆ ਕੇ ਰਹਿਣ ਲੱਗ ਪਈ। ਕੁਝ ਦੋਸਤਾਂ ਦੀ ਮਦਦ ਨਾਲ ਇੱਕ ਮਕਾਨ ਕਿਰਾਏ ਤੇ ਲੈ ਲਿਆ। ਜਿਸਨੂੰ ਮੇਰੀ ਮਾਂ ਨੇ ਆਪਣੀ ਸੂਝ ਬੂਝ ਨਾਲ ਘਰ ਬਣਾ ਦਿੱਤਾ ਸੀ। ਹੁਣ ਮਾਂ ਨੇ ਮੈਨੂੰ ਪੜਨ ਲਈ ਸਕੂਲ ਭੇਜਣਾ ਸ਼ੁਰੂ ਕਰ ਦਿੱਤਾ ਸੀ। ਸਕੂਲੋ ਘਰ ਆਕੇ ਮੈਂ ਮਾਂ ਨਾਲ ਘਰ ਦੇ ਕੰਮ ਵਿੱਚ ਰੁੱਝ ਜਾਂਦੀ। ਘਰ ਨੀਵਾਂ ਹੋਣ ਕਰਕੇ ਮੈਂ ਤੇ ਮੇਰੀ ਮਾਂ ਨੇ ਬਾਹਰੋਂ ਮਿੱਟੀ ਚੁੱਕ ਚੁੱਕ ਭਰਤ ਪਾਉਣੀ। ਆਪਣੇ ਚਾਅਵਾ ਨੂੰ ਅਸੀਂ ਮਿਹਨਤ ਦੇ ਪਸੀਨੇ ਨਾਲ ਪੰਝੂ ਦੇਣਾ। ਲੋਕ ਅਕਸਰ ਸਾਨੂੰ ਅਜੀਬ ਨਜਰ ਨਾਲ ਵੇਖਦੇ ਸਨ। ਲੋਕਾਂ ਤੋ ਅਕਸਰ ਸੁਣਨ ਨੂੰ ਮਿਲਦਾ ਸੀ ਕਿ ਇਹਨਾਂ ਦੀਆਂ ਤੀਵੀਆਂ ਹੀ ਕੰਮ ਕਰਦੀਆਂ ਨੇ, ਤੇ ਹੋਰ ਵੀ ਬਹੁਤ ਕੁਝ। ਇਹ ਸਭ ਕੁਝ ਸਾਡੇ ਅੰਦਰ ਦਫਨ ਹੋ ਕੇ ਪੀੜਾਂ ਦੇ ਨਿਸ਼ਾਨ ਛੱਡ ਜਾਂਦਾ ਸੀ।
ਹੁਣ ਮੇਰੇ ਦਾਦੀ ਜੀ ਘਰ ਆਉਣ ਜਾਣ ਲੱਗ ਪਏ ਸਨ। ਪਰ ਉਹ ਕਦੇ ਵੀ ਮੈਨੂੰ ਪਿਆਰ ਨਹੀਂ ਕਰਦੇ ਸਨ। ਸਕੂਲ ਚ ਪੜਦੇ ਪੜਦੇ ਪਤਾ ਨੀ ਲੱਗਿਆ ਕਦੋ ਮੈ ਵੱਡੀ ਹੋ ਗਈ। ਸਕੂਲ 'ਚ ਖੇਡਦੇ ਖੇਡਦੇ ਮੁੰਡਿਆਂ ਦੇ ਨਾਮ ਕਾਪੀ ਤੇ ਲਿਖਦੇ ਰਹਿੰਦੇ। ਇੱਕ ਦਿਨ ਅਚਾਨਕ ਉਹ ਕਾਪੀ ਮਾਂ ਦੇ ਹੱਥ ਲੱਗ ਗਈ। ਇਹ ਸਭ ਵੇਖਕੇ ਮਾਂ ਨੇ ਮੈਨੂੰ ਕਾਫੀ ਕੁੱਟਿਆ। ਇਸ ਕੁੱਟ ਦੀ ਅਸਲ ਵਜ੍ਹਾ ਸਮਾਜ ਦੀ ਤੰਗ ਸੋਚ ਦਾ ਡਰ
ਸੀ। ਮੈਨੂੰ ਉਸ ਦਿਨ ਸਮਝ ਨੀ ਆ ਰਿਹਾ ਸੀ ਮੈਨੂੰ ਇਹ ਮਾਰ ਕਿਸ ਕਰਕੇ ਪਈ ਹੈ। ਉਸ ਸਮੇਂ ਲੱਗਿਆ ਕਿ ਦੋਸਤ ਮੁੰਡੇ ਨੀ ਕੁੜੀਆਂ ਹੀ ਹੋ ਸਕਦੀਆਂ ਹਨ। ਸਕੂਲ ਤੋਂ ਬਾਅਦ ਕਾਲਜ ਪੜਨ ਦੀ ਰੀਝ ਸੀ। ਘਰਦੇ ਸਮਾਜ ਦੀ ਸੋਚ ਤੋਂ ਡਰਦੇ ਨਾਂਹ ਨੁੱਕਰ ਕਰ ਰਹੇ ਸਨ। ਮੇਰੇ ਜ਼ੋਰ ਪਾਉਣ ਤੇ ਉਹਨਾਂ ਨੇ ਇੱਕ ਸਰਤ ਰੱਖੀ ਕਿ ਮੈਂ ਕਦੇ ਵੀ ਕਿਸੇ ਮੁੰਡੇ ਨਾਲ ਗੱਲ ਨਹੀਂ ਕਰਾਂਗੀ। ਮੈਂ ਸ਼ਰਤ ਮਨਜ਼ੂਰ ਕਰਕੇ ਇੱਕ ਨਵੀਂ ਜਿੰਦਗੀ ਦੀ 
ਸ਼ੁਰੂਆਤ ਲਈ ਅਣਜਾਣ ਰਾਹਾਂ ਤੇ ਕਦਮ ਪੁੱਟਣਾ ਸ਼ੁਰੂ ਕੀਤਾ। ਕਾਲਜ ਵਿੱਚ ਮੈ ਪੜ੍ਹਾਈ ਵੱਲ ਧਿਆਨ ਦਿੱਤਾ। ਕਦੇ ਕਿਸੇ ਮੁੰਡੇ ਵੱਲ ਦੇਖਣ ਦੀ ਕੋਸ਼ਿਸ਼ ਨਾ ਕੀਤੀ। ਪਹਿਲੇ ਸਾਲ ਦੀ ਪੜਾਈ ਨੂੰ ਮੈਂ ਪਹਿਲੇ ਦਰਜੇ ਨਾਲ ਪਾਸ ਕਰ ਲਈ। ਲੋਕਾਂ ਤੋਂ ਮੇਰੇ ਹੱਸਦੇ ਚਿਹਰੇ ਦੀ ਝਲਕ ਵੇਖੀ ਨਾ ਗਈ। ਲੋਕਾਂ ਨੇ ਘਰੇ ਮੇਰੀਆਂ ਕਿਸੇ ਮੁੰਡੇ ਨਾਲ ਝੂਠੇ ਰਿਸ਼ਤੇ ਦੀਆਂ ਅਫ਼ਵਾਹਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਰਕੇ ਮੈਨੂੰ ਕਈ ਵਾਰ ਕੁੱਟ  ਵੀ ਪਈ। ਪੜਾਈ ਦੇ ਨਾਲ ਨਾਲ ਮੈਨੂੰ ਇਹ ਸਵਾਲ ਵੀ ਮੇਰੀ ਰਾਤਾਂ ਦੀ ਨੀਦ ਚੋਰੀ ਕਰਕੇ ਲੈ ਗਏ ਕਿ ਲੋਕ ਕਿਉਂ ਕਿਸੇ ਦੀ ਜ਼ਿੰਦਗੀ 'ਚ ਦਖਲ ਅੰਦਾਜ਼ੀ ਕਰਦੇ ਨੇ। ਮੈਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਇਹਨਾਂ ਹਾਲਤਾਂ ਨੇ ਮੈਨੂੰ ਪਿਆਰ ਦੇ ਰਾਹਾਂ ਤੇ ਤੁਰਨ ਲਈ ਮਜ਼ਬੂਰ ਕਰ ਦਿੱਤਾ। ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੇਰੀ ਕਾਲਜ 'ਚ ਨਾਲ ਪੜਦੇ ਇੱਕ ਮੁੰਡੇ ਨਾਲ ਦੋਸਤੀ ਹੋ ਗਈ। ਮੀਤ ਨਾਲ ਮੇਰੀ ਦੋਸਤੀ ਪਿਆਰ 'ਚ ਬਦਲ ਗਈ। ਉਸਦੇ ਵੱਲੋਂ ਦਿੱਤੇ ਮੋਬਾਈਲ ਤੇ ਸਾਡੀ ਸਾਰਾ ਦਿਨ ਗੱਲਬਾਤ ਹੋਣ ਲੱਗ ਪਈ ਸੀ। ਇੱਕ ਦੂਸਰੇ ਨਾਲ ਫੋਟੋ ਸਾਂਝੀਆ ਹੋਣ ਲੱਗ ਪਈਆਂ। ਹੋਲੀ ਹੋਲੀ ਮੀਤ ਨੇ ਆਪਣਾ ਸਹੀ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ। ਉਸਨੇ ਮੈਨੂੰ ਰਾਤ ਨੂੰ ਮਿਲਣ ਲਈ ਜ਼ੋਰ ਪਾਉਣਾ ਸ਼ੁਰੂ ਕੀਤਾ। ਮੈ ਉਸਨੂੰ ਜਵਾਬ ਦੇ ਦਿੱਤਾ। ਹੁਣ ਉਹ ਫੋਟੋਆਂ ਦੇ ਆਧਾਰ ਤੇ ਮੈਨੂੰ ਬਲੈਕਮੇਲ ਕਰਨ ਲੱਗ ਪਿਆ ਸੀ। ਪੜਾਈ ਦਾ ਵੀ ਆਖਰੀ ਸਾਲ ਸੀ। ਇਸਤੋਂ ਬਾਅਦ ਨੌਕਰੀ ਦੀ ਉਮੀਦ ਸੀ । ਮੈ ਪੜਾਈ ਦੇ ਧਿਆਨ ਦੇਣਾ ਚਾਹੁੰਦੀ ਸੀ ਤੇ ਇਸ ਲਈ ਜ਼ਰੂਰੀ ਸੀ ਇਸ ਸੱਮਸਿਆ ਦਾ ਹੱਲ ਹੋਣਾ। ਹੁਣ ਮੀਤ ਦੀ ਮਿਲਣ ਦੀ ਮੰਗ ਪੈਸਿਆਂ 'ਚ ਬਦਲ ਗਈ। ਉਸਨੂੰ ਚੁੱਪ ਰਹਿਣ ਲਈ ਪੈਸੇ ਚਾਹੀਦੇ ਸਨ।
ਅਮਨ ਨੇ ਆਪਣੀ ਚੈਨ ਵੇਚ ਕੇ ਉਸਨੂੰ ਪੈਸੇ ਦੇ ਦਿੱਤੇ। ਕੁਝ ਪਲ ਲਈ ਲੱਗਿਆ ਕਿ ਸ਼ਾਇਦ ਹੁਣ ਮੇਰੇ ਦੁੱਖ ਖਤਮ ਹੋ ਜਾਣਗੇ ਤੇ ਅਸੀਂ ਇੱਕ ਚੰਗੀ ਜ਼ਿੰਦਗੀ ਦੀ ਕਾਮਨਾਂ ਕਰ ਸਕਦੇ ਹਾਂ। ਸਮਾਂ ਆਪਣੀ ਚਾਲ ਚਲਦਾ ਗਿਆ। ਮੈਂ ਅਮਨ ਨੂੰ ਪੰਸਦ ਕਰਨ ਲੱਗ ਪਈ ਸੀ ਤੇ ਅਮਨ ਦਾ ਦੋਸਤ ਜੱਗਾ ਮੈਨੂੰ।  ਉਸਨੇ ਅਮਨ ਨੂੰ ਰਾਸਤੇ ਚੋ ਹਟਾਉਣ ਲਈ ਅਮਨ ਉੱਪਰ ਅਹਿਸਾਨ ਕਰਨੇ ਸ਼ੁਰੂ ਕਰ ਦਿੱਤੇ। ਅਮਨ ਨੂੰ ਪੱਕੇ ਤੌਰ ਮੇਰੀ ਜ਼ਿੰਦਗੀ 'ਚੋ ਹਟਾਉਣ ਲਈ ਉਸਦਾ ਇਟਲੀ ਦਾ ਵੀਜ਼ਾ ਲਵਾ ਦਿੱਤਾ। ਉਹ ਬਿਨਾਂ ਦੱਸੇ ਬਾਹਰ ਚਲਾ ਗਿਆ। ਅਮਨ ਦਾ ਮੋਬਾਈਲ ਜੱਗੇ ਕੋਲ ਸੀ। ਉਸਨੇ ਮੇਰੇ ਨਾਲ ਅਮਨ ਬਣ ਕੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਸਾਨੂੰ ਦੋਵਾਂ ਨੂੰ ਇੱਕ ਦੂਸਰੇ ਦੀ ਆਦਤ ਹੋ ਗਈ। ਇੱਕ ਦੂਸਰੇ ਬਿਨਾਂ ਗੱਲ ਕਰੇ ਅਸੀਂ ਰਹਿ ਨਹੀ ਸਕਦੇ ਸੀ। ਇਕ ਦਿਨ ਅਚਾਨਕ ਜੱਗੇ ਨੇ ਮੈਨੂੰ ਅਮਨ ਦੇ ਮੋਬਾਈਲ ਤੋਂ ਮੈਸਜ ਕਰਕੇ ਘਰੇ ਮਿਲਣ ਲਈ ਬੁਲਾਇਆ। ਮੈ ਸੋਚਾਂ 'ਚ ਉਲਝੀ ਅਮਨ ਨੂੰ ਮਿਲਣ ਦੇ ਇਰਾਦੇ ਨਾਲ ਉਸਦੇ ਘਰ ਵੱਲ ਜਾ ਰਹੀ ਸੀ। ਮੈਨੂੰ ਕੀ ਪਤਾ ਸੀ ਅਮਨ ਦੇ ਨਕਾਬ 'ਚ ਜੱਗਾ ਮੇਰਾ ਸ਼ਿਕਾਰ ਕਰਨ ਲਈ ਭੁੱਖਾ ਬੈਠਾ ਹੋਵੇਗਾ। ਜਦੋਂ ਮੈ ਅਮਨ ਦੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਵੇਖਿਆ ਅਮਨ ਦੀ ਥਾਂ ਅੰਦਰ ਅਮਨ ਦਾ ਦੋਸਤ ਜੱਗਾ ਖੜ੍ਹਾ ਸੀ। ਅਮਨ ਬਾਰੇ ਪੁੱਛਣ ਤੇ ਉਸਨੇ ਦੱਸਿਆ ਕਿ ਉਹ ਕਿਤੇ ਕੰਮ ਗਿਆ ਹੋਇਆ ਏ। ਉਸਨੇ ਫੇਰ ਅਮਨ ਬਣਕੇ ਮੈਸਜ ਕਰਨ ਵਾਲੀ ਕਹਾਣੀ ਦੱਸੀ ਤਾਂ ਮੇਰਾ ਸ਼ਰੀਰ ਪੂਰੀ ਤਰ੍ਹਾਂ ਝੰਜੋੜਿਆ ਗਿਆ। ਮੈ ਬੇਜਾਨ ਜਿਹੀ ਉਸਦੇ ਸਾਹਮਣੇ ਖੜੀ ਸੀ। ਮੈਂ ਉਸਨੂੰ ਇਹ ਗਲਤ ਕੰਮ ਕਰਨ ਲਈ ਤੇ ਦਿਲ ਨੂੰ ਚੋਟ ਪਹੁੰਚਾਉਣ ਲਈ ਕਾਫ਼ੀ ਕੁਝ ਕਹਿ ਕਿ ਤੁਰਨ ਲੱਗੀ ਸੀ। ਕਿ ਅਚਾਨਕ ਜੱਗੇ ਨੇ ਕਿਹਾ ਚੱਲੋ ਜਿਵੇਂ ਤੁਹਾਨੂੰ ਠੀਕ ਲੱਗੇ ਪਰ ਜਾਂਦੀ ਵਾਰੀ 
ਤੁਸੀਂ ਮੇਰੇ ਨਾਲ ਕੋਲਡ ਡਰਿੰਕ ਪੀ ਕੇ ਚਲੇ ਜਾਣਾ। ਮੈਂ ਬਿਨਾਂ ਚਾਹੁੰਦੇ ਹੋਏ ਉਸਨੂੰ ਹਾਂ ਕਰ ਦਿੱਤੀ ਜੋ ਕਿ ਮੇਰੀ ਜ਼ਿੰਦਗੀ ਦੀ ਬਹੁਤ ਵੱਡੀ ਗਲਤੀ ਸੀ। ਜੱਗੇ ਨੇ ਕੋਲਡ ਡਰਿੰਕ ਵਿੱਚ ਨਸ਼ੇ ਦੀਆਂ ਗੋਲੀਆਂ ਪਾ ਕੇ ਮੈਨੂੰ ਪਿਲਾ ਦਿੱਤੀਆਂ। ਕੁਝ ਸਮੇਂ ਬਾਅਦ ਚੱਕਰ ਆਉਣ ਨਾਲ ਮੈਂ ਡਿੱਗ ਪਈ। ਫੇਰ ਮੈਨੂੰ ਕੁਝ ਪਤਾ ਨਾ ਲੱਗਿਆ ਕੀ ਹੋਇਆ। ਜੱਗੇ ਨੇ ਆਪਣੀ ਹਵਸ ਮਿਟਾਉਣ ਲਈ ਮੇਰੇ ਜਿਸਮ ਨੂੰ ਜਾਨਵਰਾਂ ਵਾਂਗ ਨੋਚ ਦਿੱਤਾ। ਜਦੋਂ ਮੈਨੂੰ ਹੋਸ਼ ਆਇਆ ਤਾ ਜੱਗਾ ਬਾਹਰ ਜਾ ਚੁੱਕਾ ਸੀ। ਮੈਂ ਜੱਗੇ ਦੇ ਬਿਸਤਰੇ ਤੇ ਨਾ ਦੇਖਣਯੋਗ ਹਾਲਤ 'ਚ ਪਈ ਸੀ। ਮੇਰੇ ਜਿਸਮ 'ਚੋ ਵਗਦਾ ਲਹੂ ਮੈਨੂੰ ਕਮਜ਼ੋਰ ਹੋਣ ਦਾ ਅਹਿਸਾਸ ਕਰਵਾ ਰਿਹਾ ਸੀ। ਮੈਂ ਆਪਣੇ ਸਰੀਰ ਨੂੰ ਸੰਭਾਲਦੀ ਹੋਈ ਘਰ ਵੱਲ ਨੂੰ ਤੁਰ ਪਈ। ਟਿਕੀ ਰਾਤ ਨੂੰ ਵੱਗਦੀ ਤੇਜ਼ ਹਵਾ ਮੇਰੇ ਲਹੂ ਲੁਹਾਨ ਜਿਸਮ ਨੂੰ ਛੂੰਹ ਕੇ ਮੈਨੂੰ ਅਹਿਸਾਸ ਕਰਵਾ ਰਹੀ ਸੀ ਕਿ ਮੇਰੀ ਜਿੰਦਗੀ ਵਿੱਚ ਖੁਸ਼ੀਆਂ ਦੀ ਹੋਂਦ ਸਮਾਜ ਦੀ ਤੰਗ ਸੋਚ ਨੇ ਕੁਚਲ ਕਿ ਅਣਹੋਂਦ ਵਿੱਚ ਬਦਲ ਦਿੱਤੀ ਸੀ। ਹੁਣ ਮੇਰੇ ਲਈ ਇਹ ਜ਼ਿੰਦਗੀ ਇੱਕ ਸਰਾਪ ਦੀ ਤਰ੍ਹਾਂ ਸੀ।

ਲਿਖਤ_ਅਤਿੰਦਰਪਾਲ ਸਿੰਘ ਪਰਮਾਰ
ਸੰਪਰਕ_81468 08995


author

Aarti dhillon

Content Editor

Related News