ਨਿਰਵਾਣ ਦਿਵਸ 'ਤੇ ਵਿਸ਼ੇਸ਼ : ‘ਸਦਗੁਰੂ ਕਬੀਰ’ ਜੀ ਦੀਆਂ ਸਿੱਖਿਆਵਾਂ

Tuesday, Feb 20, 2024 - 03:04 PM (IST)

ਨਿਰਵਾਣ ਦਿਵਸ 'ਤੇ ਵਿਸ਼ੇਸ਼ : ‘ਸਦਗੁਰੂ ਕਬੀਰ’ ਜੀ ਦੀਆਂ ਸਿੱਖਿਆਵਾਂ

ਜਿਸ ਨੇ ਭਗਵਾਨ ਦੀ ਸ਼ਰਨ ਲੈ ਲਈ, ਉਹ ਮਰਦਾ ਨਹੀਂ, ਮੁਕਤ ਹੋ ਜਾਂਦਾ ਹੈ। ਸੰਸਾਰਕ ਵਿਸ਼-ਵਾਸਨਾਵਾਂ  ਦੇ ਪ੍ਰਤੀ ਪੂਰੀ ਤਰ੍ਹਾਂ ਵੈਰਾਗ ਹੀ ਸਹੀ  ਮੌਕੇ ਦੀ ਮੌਤ ਹੈ। ਸਾਲ 1518 ’ਚ ਕਬੀਰ ਜੀ ਦੀ ਆਤਮਾ ਇਸ ਜਗਤ ਨੂੰ ਛੱਡ ਕੇ ਪਰਮਾਤਮਾ ’ਚ ਸਮਾ ਗਈ। ਕਬੀਰ ਜੀ ਦੇ ਚਿਹਰੇ ’ਤੇ ਰੂਹਾਨੀ ਚਮਕ ਸੀ।

‘ਮਨ ਹੋ ਕਠੋਰ, ਮਰੇ ਬਨਾਰਸ ਨਰਕ ਨ ਬਾਂਚਿਆ ਜਾਈ,
ਹਰ ਕਾ ਸੰਤ ਮਰੇ, ਹਾਡੁੰਬੈ ਤ ਸਗਲੀ ਸੈਨ ਤਰਾਈ।’

ਕਬੀਰ ਸਾਹਿਬ ਉਚਾਰਨ ਕਰਦੇ ਹਨ ਕਿ ਕੁਝ ਲੋਕ ਆਖਿਰੀ ਸਮੇਂ ’ਚ ਦੂਰ-ਦੂਰ ਤੋਂ ਚੱਲ ਕੇ ਬਨਾਰਸ ਆਉਂਦੇ ਹਨ ਤਾਂਕਿ ਮੁਕਤੀ ਪ੍ਰਾਪਤ ਹੋ ਸਕੇ। ਕਬੀਰ ਜੀ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਕਠੋਰ ਦਿਲ ਪਾਪੀ ਜੇਕਰ ਬਨਾਰਸ ’ਚ ਮਰੇਗਾ ਤਾਂ ਨਰਕ ’ਚ ਜਾਏਗਾ। ਭਗਤੀ ਕਰਨ ਵਾਲੇ ਜੇਕਰ ਮਗਹਰ ’ਚ ਮਰਦੇ ਹਨ ਤਾਂ ਖੁਦ ਨੂੰ ਹੀ ਨਹੀਂ, ਸਗੋਂ ਚੇਲਿਆਂ ਨੂੰ ਵੀ ਤਾਰ ਦਿੰਦੇ ਹਨ।

ਕਬੀਰ ਸਾਹਿਬ ਨੇ ਜਾਤ-ਪਾਤ ਦੇ ਬੰਧਨਾਂ ਅਤੇ ਰੀਤੀ-ਰਿਵਾਜ਼ਾਂ ਨੂੰ ਸ਼ਹਿ ਨਹੀਂ ਦਿੱਤੀ ਅਤੇ ਇਨ੍ਹਾਂ ਪਾਖੰਡਾਂ ਦਾ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ ਕਿ ਜੋ ਧਾਰਨਾਵਾਂ ਅਤੇ ਭਾਵਨਾਵਾਂ ਸਮਾਜ ’ਚ ਨਫ਼ਰਤ ਅਤੇ ਦਿਲਾਂ ’ਚ ਜਲਨ ਪੈਦਾ ਕਰਦੀਆਂ ਹਨ, ਉਨ੍ਹਾਂ ਨੂੰ ਆਪਣੇ ਤੋਂ ਦੂਰ ਰੱਖਣਾ ਚਾਹੀਦਾ ਹੈ, ਤਾਂਕਿ ਸਮਾਜ ’ਚ ਆਪਸੀ ਭਾਈਚਾਰਾ ਅਤੇ ਪ੍ਰੇਮ ਜਾਗ ਉਠੇ। ਉਨ੍ਹਾਂ ਨੇ ਲੋਕਾਂ ਨੂੰ ਰਾਜਿਆਂ-ਮਹਾਰਾਜਿਆਂ  ਦੇ ਅੱਗੇ ਵੀ ਨਾ ਝੁਕ ਕੇ ਇਕਜੁੱਟਤਾ ਅਤੇ ਜਾਤ-ਪਾਤ ਦੀਆਂ ਜੰਜ਼ੀਰਾਂ ਨੂੰ ਤੋੜਨ ਦਾ ਸੰਦੇਸ਼ ਦਿੱਤਾ। ਕਬੀਰ ਜੀ ਨੇ ਮਾਰਗਦਰਸ਼ਨ ਦਿੱਤਾ ਕਿ ਜਦੋਂ ਭਗਵਾਨ ਦੀ ਕੋਈ ਜਾਤੀ ਨਹੀਂ ਹੈ ਤਾਂ ਉਸ ਦੇ ਪ੍ਰੇਮੀਆਂ ਦੀ ਕੀ ਜਾਤੀ ਹੋ ਸਕਦੀ ਹੈ। ਮਨੁੱਖਾਂ ਨੂੰ ਜਾਤ-ਪਾਤ ਦੇ ਬੰਧਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਇਸ ਚਿੱਕੜ ’ਚ ਨਹੀਂ ਡੁੱਬਣਾ ਚਾਹੀਦਾ। 

‘ਹਿੰਦੂ ਕਹੂੰ ਤੋ ਮੈਂ ਨਹੀਂ, ਮੁਸਲਮਾਨ ਵੀ ਨਾਹੀਂ,
ਪਾਂਚ ਤੱਤ ਕਾ ਪੁਤਲਾ, ਗੈਬੀ ਖੇਲੈ ਮਾਹਿਂ।’

ਉਨ੍ਹਾਂ ਨੇ ਸੰਦੇਸ਼ ਦਿੱਤਾ ਕਿ ਉਹ ਨਾ ਹਿੰਦੂ ਹੈ ਅਤੇ ਨਾ ਮੁਸਲਮਾਨ, ਉਹ ਸਾਰੇ ਮਨੁੱਖਾਂ ਵਾਂਗ ਪੰਜ ਤੱਤਾਂ ਦੀ ਦੇਹ ਧਾਰਨ ਕੀਤੇ ਹੋਏ ਹੈ, ਜਿਸ ਦੇ ਅੰਦਰ ਅਦ੍ਰਿਸ਼ ਆਤਮਾ ਨਿਵਾਸ ਕਰਦੀ ਹੈ।

‘ਮਰਤਾ-ਮਰਤਾ ਜਗ ਮੁਵਾ, ਔਸਰ ਮੁਵਾ ਨਾ ਕੋਇ
ਕਬੀਰ ਐਸੇ ਮਰਿ, ਜਿਉਂ ਬਹੁਰਿ ਨਾ ਮਰਨਾ ਹੋਇ॥

ਸੰਸਾਰਿਕ ਵਿਸ਼ਿਆਂ ’ਚ ਫਸ ਕੇ ਮਰਦੇ-ਮਰਦੇ ਇਹ ਸੰਸਾਰ ਨਸ਼ਟ ਹੋ ਰਿਹਾ ਹੈ ਪਰ ਕਿਸੇ ਨੂੰ ਉਚਿਤ ਮੌਕੇ ’ਤੇ ਮਰਨਾ ਨਹੀਂ ਆਇਆ। ਸੰਸਾਰਕ ਵਿਸ਼-ਵਾਸਨਾਵਾਂ ਦੇ ਪ੍ਰਤੀ ਪੂਰੀ ਤਰ੍ਹਾਂ ਵੈਰਾਗ ਹੀ ਸਹੀ ਮੌਕੇ ਦੀ ਮੌਤ ਹੈ। ਕਬੀਰ ਸਾਹਿਬ ਸੰਦੇਸ਼ ਦਿੰਦੇ ਹਨ ਕਿ ਹੇ ਮਨ ਅਜਿਹਾ ਮਰ, ਜਿਸ ਨਾਲ ਫਿਰ ਕਦੇ ਮਰਨਾ ਨਾ ਪਏ ਅਤੇ ਜ਼ਿੰਦਗੀ-ਮੌਤ ਦੇ ਚੱਕਰ ਤੋਂ ਹੀ ਛੁੱਟ ਜਾਵੇ।

‘ਮਾਇਆ ਮੁਈ ਨਾ ਮਨ ਮੁਵਾ ਮਰਿ-ਮਰਿ ਗਯਾ ਸਰੀਰ।
ਆਸਾ ਤ੍ਰਿਸ਼ਨਾ ਨਾਂ ਮੁਈ, ਯੌਂ ਕਹਿ ਗਯਾ ਕਬੀਰ।’

ਕਬੀਰ ਜੀ ਨੇ ਕਿਹਾ ਹੈ ਕਿ ਸੰਸਾਰ ’ਚ ਨਾ ਮਾਇਆ ਮਰਦੀ ਹੈ, ਨਾ ਮਾਇਆ ਦੇ ਵੱਸ ਹੋਣ ਵਾਲਾ ਮਨ ਮਰਦਾ ਹੈ, ਆਸ਼ਾ ਅਤੇ ਤ੍ਰਿਸ਼ਨਾ ਨਹੀਂ ਮਰਦੀ ਪਰ ਇਹ ਸਰੀਰ ਵਾਰ-ਵਾਰ ਮਰਦਾ ਹੈ। ਆਸ਼ਾ-ਤ੍ਰਿਸ਼ਨਾ ਦੇ ਕਾਰਨ ਮਨੁੱਖ ਜਨਮ-ਮੌਤ ਦੇ ਚੱਕਰ ’ਚ ਫਸਿਆ ਰਹਿੰਦਾ ਹੈ।

ਕਬੀਰ ਜੀ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਉਨ੍ਹਾਂ ਦੇ ਚੇਲਿਆਂ ’ਚ ਮਤਭੇਦ ਹੋ ਗਿਆ। ਨਵਾਬ ਬਿਜਲੀ ਖਾਨ ਅਤੇ ਮੁਸਲਿਮ ਪੈਰੋਕਾਰ ਦਫਨਾਉਣਾ ਚਾਹੁੰਦੇ ਸਨ, ਜਦਕਿ ਰਾਜਾ ਵੀਰ ਸਿੰਘ ਬਘੇਲਾ ਦੀ ਰਹਿਨੁਮਾਈ ’ਚ ਹਿੰਦੂ ਕਬੀਰ ਜੀ ਦੇ ਸ਼ਵ ਦਾ ਅੰਤਿਮ ਸੰਸਕਾਰ ਕਰਨਾ ਚਾਹੁੰਦੇ ਸਨ। ਦੋਵਾਂ ’ਚ ਵਿਵਾਦ ਵਧਿਆ ਅਤੇ ਆਪਸ ’ਚ ਝਗੜੇ ਦੀ ਨੌਬਤ ਆ ਗਈ। ਉਸ ਸਮੇਂ ਕੁਝ ਚੇਲਿਆਂ ਨੇ ਕਬੀਰ ਜੀ ਦੇ ਸ਼ਵ (ਸਰੀਰ) ਵੱਲ ਧਿਆਨ ਦਿੱਤਾ ਤਾਂ ਕੱਪੜਾ ਹਟਾਉਣ ’ਤੇ ਸ਼ਵ ਦੀ ਜਗ੍ਹਾ ਫੁੱਲਾਂ ਦਾ ਢੇਰ ਪਾਇਆ।

—ਰਾਜੇਸ਼ ਕੁਮਾਰ ਭਗਤ
(ਮਹੰਤ, ਕਬੀਰ ਚੌਰਾ ਮਠ, ਮੂਲ ਗਾਦੀ ਕਾਸ਼ੀ, ਬਨਾਰਸ)

 


author

rajwinder kaur

Content Editor

Related News